ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ ਅੱਜ 163 ਹੋਰ ਨਵੇਂ ਕੇਸ ਆਏ, ਹੋਮ ਆਈਸੋਲੇਸ਼ਨ ‘ਚ ਦੂਜੇ ਵਿਅਕਤੀ ਦੀ ਮੌਤ

ਵੈਲਿੰਗਟਨ, 5 ਨਵੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 163 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਆਕਲੈਂਡ ‘ਚ ਹੋਮ ਆਈਸੋਲੇਸ਼ਨ ਦੌਰਾਨ ਦੂਜੀ ਮੌਤ ਹੋਈ ਹੈ। ਅੱਜ ਦੁਪਹਿਰ 1 ਵਜੇ ਕੋਵਿਡ-19 ਅੱਪਡੇਟ ਉਪ ਪ੍ਰਧਾਨ ਮੰਤਰੀ ਗ੍ਰਾਂਟ ਰੌਬਰਟਸਨ ਅਤੇ ਪਬਲਿਕ ਹੈਲਥ ਦੀ ਡਾਇਰੈਕਟਰ ਡਾ. ਕੈਰੋਲਿਨ ਮੈਕਲਨੇ ਨੇ ਸਾਂਝੀ ਕੀਤੀ।
ਸਿਹਤ ਮੰਤਰਾਲੇ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਕੋਵਿਡ -19 ਵਾਲੇ ਇੱਕ ਵਿਅਕਤੀ ਦੀ ਆਕਲੈਂਡ ਦੇ ਮਾਊਂਟ ਈਡਨ ਵਿਖੇ ਘਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਉਹ 50 ਸਾਲਾਂ ਦਾ ਸੀ। ਇਸ ਵਿਅਕਤੀ ਨੂੰ 1 ਨਵੰਬਰ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਅਤੇ 3 ਨਵੰਬਰ ਨੂੰ ਛੁੱਟੀ ਦੇ ਦਿੱਤੀ ਗਈ ਸੀ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਹ ਆਪਣੇ ਆਪ ਨੂੰ ਸੈੱਲਫ਼ ਆਈਸੋਲੇਟ ਕਰ ਰਿਹਾ ਸੀ। ਮੰਤਰਾਲੇ ਨੇ ਦੱਸਿਆ ਕਿ ਉਸ ਨਾਲ 3 ਅਤੇ 4 ਨਵੰਬਰ ਨੂੰ ਸੰਪਰਕ ਹੋਇਆ ਸੀ। 5 ਨਵੰਬਰ ਨੂੰ ਵਿਅਕਤੀ ਦੇ ਲਈ ਮਾਊਂਟ ਈਡਨ ਸਥਾਨ ‘ਤੇ ਐਂਬੂਲੈਂਸ ਬੁਲਾਈ ਗਈ ਸੀ। ਇਸ ਤੋਂ ਪਹਿਲਾਂ ਕੱਲ੍ਹ ਹੋਮ ਆਈਸੋਲੇਸ਼ਨ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਸੀ। ਇਹ ਦੋਵੇਂ ਮੌਤਾਂ ਅੰਡਰ ਇੰਨਵੈਸਟੀਗੇਸ਼ਨ ‘ਚ ਹਨ। ਜ਼ਿਕਰਯੋਗ ਹੈ ਕਿ ਕੋਵਿਡ ਨਾਲ ਸੰਬੰਧਿਤ ਘਰਾਂ ਵਿੱਚ 676 ਕੇਸ ਆਈਸੋਲੇਸ਼ਨ ਵਿੱਚ ਹਨ।
ਡਾ. ਕੈਰੋਲਿਨ ਮੈਕਲਨੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 163 ਕੇਸਾਂ ‘ਚ ਆਕਲੈਂਡ ‘ਚੋਂ 159 ਕੇਸ, ਵਾਇਕਾਟੋ ‘ਚੋਂ 4 ਕੇਸ ਅਤੇ ਨੌਰਥਲੈਂਡ ਤੋਂ 1 ਕੇਸ ਆਇਆ ਹੈ। ਅੱਜ ਦੇ ਇਨ੍ਹਾਂ ਕੇਸਾਂ ਵਿੱਚੋਂ 102 ਕੇਸ ਲਿੰਕ ਹਨ, ਜਦੋਂ ਕਿ 58 ਨੂੰ ਹਾਲੇ ਪ੍ਰਕੋਪ ਨਾਲ ਜੋੜਿਆ ਜਾਣ ਹੈ ਤੇ ਅੰਡਰ ਇੰਨਵੈਸਟੀਗੇਸ਼ਨ ‘ਚ ਹਨ।
ਅੱਜ ਦੇ ਨਵੇਂ ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 4,034 ਹੋ ਗਈ ਹੈ। ਹੁਣ ਤੱਕ 1723 ਕੇਸ ਰਿਕਵਰ ਹੋਏ ਹਨ। ਹਸਪਤਾਲ ਵਿੱਚ 69 ਮਰੀਜ਼ ਹਨ ਜਿਨ੍ਹਾਂ ਵਿੱਚੋਂ 6 ਕੇਸ ਸਖ਼ਤ ਦੇਖਭਾਲ (ICU/HDU) ਵਿੱਚ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਬਾਰਡਰ ਤੋਂ ਮੈਨੇਜਡ ਆਈਸੋਲੇਸ਼ਨ (MIQ) ਦੇ ਵਿੱਚ ਕੋਵਿਡ -19 ਦੇ 4 ਨਵੇਂ ਕੇਸ ਆਏ ਹਨ।
ਵੇਜ਼ (ਤਨਖ਼ਾਹ) ਸਬਸਿਡੀ ਅਤੇ ਇਕਨਾਮਿਕ ਰੀਸਰਜ਼ੈਂਸ ਸਪੋਰਟ:
ਉਪ ਪ੍ਰਧਾਨ ਮੰਤਰੀ ਗ੍ਰਾਂਟ ਰੌਬਰਟਸਨ ਨੇ ਕਿਹਾ ਕਿ ਸਰਕਾਰ ਨੇ ਵੇਜ਼ (ਤਨਖ਼ਾਹ) ਸਬਸਿਡੀ ਅਤੇ ਇਕਨਾਮਿਕ ਰੀਸਰਜ਼ੈਂਸ ਸਪੋਰਟ ਦੁਆਰਾ $5.3b ਦਾ ਭੁਗਤਾਨ ਕੀਤਾ ਹੈ। ਵੇਜ਼ ਸਬਸਿਡੀ ਦੀਆਂ 993,733 ਅਰਜ਼ੀਆਂ ਨੂੰ $9b ਤੋਂ ਵੱਧ ਭੁਗਤਾਨ ਦੇ ਨਾਲ ਮਨਜ਼ੂਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵੇਜ਼ ਸਬਸਿਡੀ ਦਾ 7ਵਾਂ ਦੌਰ ਅਗਲੇ ਸ਼ੁੱਕਰਵਾਰ ਯਾਨੀ 12 ਨਵੰਬਰ ਨੂੰ ਖੁੱਲ੍ਹੇਗਾ।
ਉਨ੍ਹਾਂ ਕਿਹਾ ਕਿ ਰੀਸਰਜ਼ੈਂਸ ਸਪੋਰਟ ਭੁਗਤਾਨ ਦਾ ਪਹਿਲਾ ਦੋਹਰਾ ਭੁਗਤਾਨ ਵੀ ਅਗਲੇ ਸ਼ੁੱਕਰਵਾਰ 12 ਨਵੰਬਰ ਤੋਂ ਸ਼ੁਰੂ ਹੋਵੇਗਾ। ਕੱਲ੍ਹ ਤੱਕ, ਉਨ੍ਹਾਂ ਨੇ 471,566 ਅਰਜ਼ੀਆਂ ਨੂੰ ਕਵਰ ਕਰਦੇ ਹੋਏ $$1.75b ਦਾ ਭੁਗਤਾਨ ਕੀਤਾ ਹੈ।