ਦਿਵਾਲੀ ‘ਤੇ ਵਿਸ਼ੇਸ਼: ਆਓ ਇਸ ਦਿਵਾਲੀ ਜਗਾਈਏ ਆਸਾ ਦੇ ਦੀਵੇ

ਹਰਕੀਰਤ ਕੌਰ, 0091 9779118066

ਛੋਟੇ ਹੁੰਦੇ ਸਕੂਲ ਵਿੱਚ ਪੜ੍ਹਦੇ ਜਦ “ਸਾਡੇ ਤਿਉਹਾਰ” ਸਿਰਲੇਖ ਹੇਠ ਲੇਖ ਲਿਖਦੇ ਹੁੰਦੇ ਸਾਂ ਤਾਂ ਉਸ ਦੀ ਸ਼ੁਰੂਆਤੀ ਲਾਈਨ ਹੁੰਦੀ ਸੀ ਕਿ “ਭਾਰਤ ਤਿਉਹਾਰਾਂ ਦਾ ਤੇ ਮੇਲਿਆਂ ਦਾ ਦੇਸ਼ ਹੈ”। ਉਸ ਸਮੇਂ ਐਨੀ ਕੋਈ ਖ਼ਾਸ ਜਾਣਕਾਰੀ ਨਹੀਂ ਸੀ, ਪਰ ਹੁਣ ਇਹ ਜਾਣ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਸੱਚਮੁੱਚ ਹੀ ਭਾਰਤ ਦੇਸ਼ ਦੁਨੀਆ ਦਾ ਵਿਲੱਖਣ ਦੇਸ਼ ਹੈ, ਕਿਉਂਕਿ ਭਾਰਤ ਵਿੱਚ ਦੁਨੀਆ ਦੇ ਸਾਰੇ ਦੇਸ਼ਾਂ ਨਾਲੋਂ ਵੱਧ ਤਿਉਹਾਰ ਮਨਾਏ ਜਾਂਦੇ ਹਨ। ਉਸ ਤੋਂ ਵੀ ਵੱਡੀ ਗੱਲ ਇਹ ਕਿ ਹਰ ਇੱਕ ਤਿਉਹਾਰ ਦੀ ਕੋਈ ਨਾ ਕੋਈ ਇਤਿਹਾਸਿਕ ਮਹਾਨਤਾ ਜ਼ਰੂਰ ਹੈ। ਹਰ ਤਿਉਹਾਰ ਨਾਲ ਕੋਈ ਨਾ ਕੋਈ ਇਤਿਹਾਸਿਕ ਘਟਨਾ ਜ਼ਰੂਰ ਜੁੜੀ ਹੋਈ ਹੈ। ਜਿਵੇਂ ਜਿਵੇਂ ਸਮੇਂ ਵਿੱਚ ਤਬਦੀਲੀ ਆਉਂਦੀ ਗਈ ਤਿਵੇਂ ਤਿਵੇਂ ਸਾਡੇ ਰਹਿਣ ਸਹਿਣ ਅਤੇ ਤਿਉਹਾਰਾਂ ਨੂੰ ਮਨਾਉਣ ਦੇ ਤੌਰ ਤਰੀਕਿਆਂ ਵਿੱਚ ਵੀ ਤਬਦੀਲੀ ਆ ਗਈ ਹੈ। ਮੈਨੂੰ ਯਾਦ ਹੈ ਕਿ ਕਿਵੇਂ ਸਾਡੇ ਬਚਪਨ ਵਿੱਚ ਤਿਉਹਾਰਾਂ ਦਾ ਵਿਆਹਾਂ ਵਰਗਾ ਚਾਅ ਹੁੰਦਾ ਸੀ। ਮਾਤਾ ਜੀ ਨੇ ਸਾਰੇ ਘਰ ਨੂੰ ਇਸ ਤਰ੍ਹਾਂ ਸਜ਼ਾ ਦੇਣਾ, ਜਿਵੇਂ ਕਿਸੇ ਸੱਜ ਵਿਆਹੀ ਨੇ ਘਰ ਪੈਰ ਪਾਉਣਾ ਹੋਵੇ। ਤਿਉਹਾਰ ਵਾਲੇ ਦਿਨ ਸਾਰੇ ਪਰਿਵਾਰ ਦੇ ਮੈਂਬਰਾਂ ਦੀ ਪਸੰਦ ਦੀਆਂ ਵਸਤਾਂ ਬਣਨੀਆਂ ਤੇ ਸਭ ਤੋਂ ਪਹਿਲਾਂ ਗੁਰੂਘਰ ਦੇ ਪਾਠੀ ਸਿੰਘ ਨੂੰ ਪਰਸ਼ਾਦਾ ਛਕਾਉਣਾ। ਤਿਉਹਾਰਾਂ ਤੇ ਨਵੇਂ ਕੱਪੜੇ ਪਾਉਣ ਦਾ ਚਾਅ ਤੇ ਪਟਾਕੇ ਚਲਾਉਣ ਲਈ ਰਾਤ ਦਾ ਬੇਸਬਰੀ ਨਾਲ ਇੰਤਜ਼ਾਰ ਕਰਨ ਦਾ ਅਹਿਸਾਸ ਅੱਜ ਵੀ ਬੀਤ ਗਏ ਸਮੇਂ ਦੀ ਯਾਦ ਦਵਾ ਦਿੰਦਾ ਹੈ। ਇਹ ਤਾਂ ਗੱਲਾਂ ਸੀ ਬੀਤੇ ਹੋਏ ਸਮੇਂ ਦੀਆਂ, ਅੱਜ ਤਿਉਹਾਰਾਂ ਨੂੰ ਮਨਾਉਣ ਦੇ ਤੌਰ ਤਰੀਕੇ ਭਾਵੇਂ ਬਦਲ ਚੁੱਕੇ ਹਨ, ਪਰ ਉਨ੍ਹਾਂ ਦੀ ਮਹਾਨਤਾ ਵਿੱਚ ਕੁੱਝ ਜ਼ਿਆਦਾ ਤਬਦੀਲੀ ਨਹੀਂ ਆਈ। ਪਹਿਲਾਂ ਜਿੱਥੇ ਅਸੀਂ ਦਿਵਾਲੀ ਵਾਲੇ ਦਿਨ ਘਰ ਵਿੱਚ ਰਹਿ ਕੇ ਤਿਉਹਾਰ ਮਨਾਉਂਦੇ ਸਾਂ, ਉੱਥੇ ਅੱਜ ਬਹੁਤਾਤ ਲੋਕ ਘਰ ਤੋਂ ਬਾਹਰ ਖਾਣਾ ਖਾ ਕੇ ਜਾਂ ਡਿਸਕੋ ਕਲੱਬਾਂ ਵਿੱਚ ਜਾ ਕੇ ਤਿਉਹਾਰ ਨੂੰ ਮਨਾਉਣ ਨੂੰ ਪਹਿਲ ਦਿੰਦੇ ਹਨ। ਹਾਂ ਇਸ ਦੇ ਨਾਲ ਨਾਲ ਇੱਕ ਅਜਿਹਾ ਵਰਗ ਵੀ ਹੈ ਜੋ ਇਸ ਭਾਗਾਂ ਭਰੇ ਦਿਨ ਨੂੰ ਗੁਰੂ ਘਰ ਦੇ ਲੇਖੇ ਵੀ ਲਾਉਂਦਾ ਹੈ। ਇਸ ਤਰ੍ਹਾਂ ਕੁੱਝ ਤਬਦੀਲੀਆਂ ਨੂੰ ਸਵੀਕਾਰ ਕਰਦੇ ਹੋਏ ਹਰ ਕਿਸੇ ਦਾ ਤਿਉਹਾਰ ਨੂੰ ਮਨਾਉਣ ਦਾ ਤਰੀਕਾ ਅਲੱਗ ਅਲੱਗ ਹੈ। ਦਿਵਾਲੀ ਇੱਕ ਬਹੁਤ ਵਿਲੱਖਣ ਤਿਉਹਾਰ ਹੈ। ਇੱਕ ਅਜਿਹਾ ਤਿਉਹਾਰ ਜੋ ਆਉਂਦਾ ਹੈ ਤਾਂ ਚਾਰੇ ਪਾਸੇ ਰੌਸ਼ਨੀਆਂ ਹੀ ਰੌਸ਼ਨੀਆਂ ਬਿਖੇਰ ਦਿੰਦਾ ਹੈ। ਹਨੇਰੀਆਂ ਰਾਤਾਂ ਵਿੱਚ ਘਰਾਂ ਦੀਆਂ ਛੱਤਾਂ ਤੇ ਬਨੇਰਿਆਂ ‘ਤੇ ਜੱਗ ਦੇ ਦੀਵੇ ਧਰਤੀ ਉੱਤੇ ਵੀ ਤਾਰਿਆਂ ਦੀ ਵਿਛੀ ਚਾਦਰ ਦਾ ਭੁਲੇਖਾ ਪਾਉਂਦੇ ਹਨ। ਮੇਰੇ ਪਿਤਾ ਜੀ ਹਰ ਦਿਵਾਲੀ ਉੱਤੇ ਦੱਸਦੇ ਹੁੰਦੇ ਨੇ ਕਿ ਇਹ ਦੀਵੇ ਕੇਵਲ ਦੀਵੇ ਨਹੀਂ ਹਨ, ਬਲਕਿ ਹਨੇਰਿਆਂ ਵਿੱਚ ਚਾਨਣ ਕਰਨ ਦੀ ਛੋਟੀ ਜਿਹੀ ਕੋਸ਼ਿਸ਼ ਤੇ ਆਸ ਹਨ। ਮੈਂ ਵੀ ਹੈਰਾਨ ਹੋਕੇ ਦੇਖਦੀ ਹੁੰਦੀ ਹਾਂ ਕਿ ਕਿਵੇਂ ਹਰ ਇੱਕ ਦੀਵਾ, ਹਨੇਰੀ ਰਾਤ ਵਿੱਚ ਚਾਨਣ ਕਰਨ ਲਈ ਜੱਦੋਜਹਿਦ ਕਰ ਰਿਹਾ ਹੈ। ਉਨ੍ਹਾਂ ਦੀਵਿਆਂ ਨੂੰ ਜੱਗ ਦਾ ਦੇਖ ਮੈਂ ਜ਼ਿੰਦਗੀ ਵਿੱਚ ਇੱਕ ਸਬਕ ਸਿੱਖਿਆ ਕਿ ਜੇਕਰ ਇੱਕ ਛੋਟਾ ਜਿਹਾ ਦੀਵਾ ਆਪ ਜਲ ਕਿ ਆਪਣਾ ਚਾਰ ਚੁਫੇਰਾ ਰੁਸ਼ਨਾ ਸਕਦਾ ਹੈ ਤਾਂ ਆਸਾਂ ਦਾ ਦੀਵਾ ਬਾਲ ਇੱਕ ਇਨਸਾਨ ਵੀ ਆਪਣੀ ਹਨੇਰੀ ਜ਼ਿੰਦਗੀ ਵਿੱਚ ਰੌਸ਼ਨੀਆਂ ਭਰ ਸਕਦਾ ਹੈ। ਜੇਕਰ ਮੌਜੂਦਾ ਸਾਲ ਦੇ ਵੱਲ ਝਾਤ ਮਾਰੀਏ ਤਾਂ ਇਸ ਵਾਰ ਵੀ ਅਸੀਂ ਹਰ ਸਾਲ ਦੀ ਤਰ੍ਹਾਂ ਕਾਮਨਾ ਤਾਂ ਇੱਕ ਖ਼ੁਸ਼ੀਆਂ ਖੇੜੇ ਤੇ ਨਵੇਂ ਜਜ਼ਬਿਆਂ ਨਾਲ ਭਰੇ ਤੇ ਸਫਲਤਾ ਦੇ ਨਵੇਂ ਰਾਹ ਖੋਲ੍ਹਣ ਵਜੋਂ ਕੀਤੀ ਸੀ, ਪਰ ਮਹਾਂਮਾਰੀ ਦੇ ਆਉਣ ਨਾਲ ਜਿੱਥੇ ਹਾਲਾਤ ਬਹੁਤ ਵਿਗੜ ਗਏ, ਉੱਥੇ ਬਹੁਤ ਸਾਰੇ ਸੁਪਨੇ ਸਜਾਈ ਬੈਠੇ ਲੋਕਾਂ ਦੀਆਂ ਆਸਾਂ ‘ਤੇ ਪਾਣੀ ਫਿਰ ਗਿਆ। ਪਰ ਸਿਆਣੇ ਕਹਿੰਦੇ ਹਨ ਕਿ ਹਾਲਾਤ ਸਦਾ ਇੱਕੋ ਜਿਹੇ ਨਹੀਂ ਰਹਿੰਦੇ। ਇਸੇ ਤਰ੍ਹਾਂ ਇਹ ਸਮਾਂ ਵੀ ਬੀਤ ਜਾਵੇਗਾ। ਪਰ ਅਸੀਂ ਆਸ ਨਹੀਂ ਛੱਡਣੀ ਹੈ। ਢਹਿ ਢੇਰੀ ਹੋ ਕੇ ਨਹੀਂ ਬੈਠਣਾ ਹੈ। ਇਸ ਦਿਵਾਲੀ ‘ਤੇ ਅਸੀਂ ਜਿੱਥੇ ਤੇਲ ਦੇ ਦੀਵੇ ਜਗਾ ਆਪਣੇ ਘਰਾਂ ਦੇ ਵਿਹੜੇ ਰੁਸ਼ਨਾਉਣੇ ਹਨ, ਉੱਥੇ ਆਸਾਂ ਦੇ ਦੀਵੇ ਬਾਲ ਆਪਣੀ ਜ਼ਿੰਦਗੀ ਵਿੱਚ ਛਾਏ ਨਕਾਰਾਤਮਿਕ ਸੋਚ ਅਤੇ ਅਗਿਆਨਤਾ ਦੇ ਹਨੇਰੇ ਨੂੰ ਵੀ ਦੂਰ ਕਰਨਾ ਹੈ। ਅਸੀਂ ਸੰਕਲਪ ਕਰਨਾ ਹੈ ਕਿ ਇਹ ਦੀਵੇ ਕੇਵਲ ਸਾਡੇ ਚਾਰ ਚੁਫੇਰੇ ਨੂੰ ਹੀ ਨਹੀਂ ਬਲਕਿ ਸਾਡੇ ਮਨ ਨੂੰ ਵੀ ਰੁਸ਼ਨਾਉਣ। ਸਾਡਾ ਯਤਨ ਰਹੇ ਕਿ ਅਸੀਂ ਆਪਣੇ ਆਲ਼ੇ ਦੁਆਲੇ ਵੀ ਪਿਆਰ, ਮੁਹੱਬਤ, ਏਕਤਾ, ਮਿਲਵਰਤਨ ਅਤੇ ਆਪਣੇ ਪਣ ਦੇ ਦੀਪ ਜਗਾਈਏ ਤਾਂ ਜੋ ਸੱਚਮੁੱਚ ਦਿਵਾਲੀ ਦੇ ਮਾਧਿਅਮ ਰਾਹੀਂ ਅਸੀਂ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕੀਏ।
ਹਰਕੀਰਤ ਕੌਰ
ਮੋਬਾਈਲ : +91 97791-18066