ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ ਅੱਜ ਰਿਕਾਰਡ 206 ਹੋਰ ਨਵੇਂ ਕੇਸ ਆਏ, ਹਸਪਤਾਲ ਵਿੱਚ 73 ਮਰੀਜ਼

ਵੈਲਿੰਗਟਨ, 6 ਨਵੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 206 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਜੋ ਅਗਸਤ ਵਿੱਚ ਕੋਵਿਡ ਦੇ ਡੈਲਟਾ ਪ੍ਰਕੋਪ ਸ਼ੁਰੂ ਹੋਣ ਤੋਂ ਬਾਅਦ ਸਭ ਤੋਂ ਜ਼ਿਆਦਾ ਰੋਜ਼ਾਨਾ ਦੇ ਕੁੱਲ ਕੇਸ ਹਨ।
ਸਿਹਤ ਮੰਤਰਾਲੇ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਅੱਜ ਦੇ ਇਨ੍ਹਾਂ ਨਵੇਂ 206 ਕੇਸਾਂ ‘ਚ ਆਕਲੈਂਡ ‘ਚੋਂ 200 ਕੇਸ, ਵਾਇਕਾਟੋ ‘ਚੋਂ 4 ਕੇਸ ਅਤੇ ਨੌਰਥਲੈਂਡ ਤੋਂ 2 ਕੇਸ ਆਏ ਹਨ। ਅੱਜ ਦੇ ਇਨ੍ਹਾਂ ਕੇਸਾਂ ਵਿੱਚੋਂ 47 ਕੇਸ ਲਿੰਕ ਹਨ, ਜਦੋਂ ਕਿ 159 ਨੂੰ ਹਾਲੇ ਪ੍ਰਕੋਪ ਨਾਲ ਜੋੜਿਆ ਜਾਣ ਹੈ ਤੇ ਅੰਡਰ ਇੰਨਵੈਸਟੀਗੇਸ਼ਨ ‘ਚ ਹਨ। ਵਾਇਕਾਟੋ ਵਿਚਲੇ 4 ਨਵੇਂ ਕੇਸ ਸਾਰੇ ਹੈਮਿਲਟਨ ਦੇ ਹਨ। ਇਨ੍ਹਾਂ ਵਿੱਚੋਂ 2 ਦੀ ਪ੍ਰਕੋਪ ਨਾਲ ਉਨ੍ਹਾਂ ਦੇ ਲਿੰਕਾਂ ਲਈ ਜਾਂਚ ਕੀਤੀ ਜਾ ਰਹੀ ਹੈ ਅਤੇ 2 ਜਾਣੇ-ਪਛਾਣੇ ਸੰਪਰਕ ਦੇ ਹਨ ਜੋ ਪਹਿਲਾਂ ਹੀ ਆਈਸੋਲੇਟਿੰਗ ‘ਚ ਸਨ। ਨੌਰਥਲੈਂਡ ਵਿਚਲੇ 2 ਨਵੇਂ ਕੇਸ ਦੋਵੇਂ ਕਾਈਟਾਈਆ ਕੇਸਾਂ ਦੇ ਨਜ਼ਦੀਕੀ ਸੰਪਰਕ ਹਨ ਅਤੇ ਘਰ ਵਿੱਚ ਆਈਸੋਲੇਟ ਰਹਿ ਰਹੇ ਹਨ।
ਜ਼ਿਕਰਯੋਗ ਹੈ ਕਿ ਆਕਲੈਂਡ ਵਿੱਚ ਹੁਣ ਕੋਵਿਡ -19 ਦੇ ਡੈਲਟਾ ਵੇਰੀਐਂਟ ਵਾਲੇ 826 ਲੋਕ ਮੈਨੇਜਡ ਆਈਸੋਲੇਸ਼ਨ ਅਤੇ ਕੁਆਰੰਟੀਨ ਸਹੂਲਤਾਂ ਦੀ ਬਜਾਏ ਘਰਾਂ ਵਿੱਚ ਆਈਸੋਲੇਟ ਹਨ।
ਅੱਜ ਦੇ ਨਵੇਂ ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 4,240 ਹੋ ਗਈ ਹੈ। ਹਸਪਤਾਲ ਵਿੱਚ 73 ਮਰੀਜ਼ ਹਨ ਜਿਨ੍ਹਾਂ ਵਿੱਚੋਂ 7 ਕੇਸ ਸਖ਼ਤ ਦੇਖਭਾਲ (ICU/HDU) ਵਿੱਚ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਬਾਰਡਰ ਤੋਂ ਮੈਨੇਜਡ ਆਈਸੋਲੇਸ਼ਨ (MIQ) ਦੇ ਵਿੱਚ ਕੋਵਿਡ -19 ਦਾ 1 ਨਵਾਂ ਕੇਸ ਆਇਆ ਹੈ, ਇੱਕ ਵਿਅਕਤੀ ਜੋ 2 ਨਵੰਬਰ ਨੂੰ ਆਇਰਲੈਂਡ ਤੋਂ ਕਤਰ ਦੇ ਰਸਤੇ ਨਿਊਜ਼ੀਲੈਂਡ ਆਇਆ ਸੀ।