ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ ਅੱਜ 113 ਹੋਰ ਨਵੇਂ ਕੇਸ ਆਏ

ਵੈਲਿੰਗਟਨ, 7 ਨਵੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 113 ਹੋਰ ਨਵੇਂ ਕੇਸ ਸਾਹਮਣੇ ਆਏ ਹਨ।
ਸਿਹਤ ਮੰਤਰਾਲੇ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਅੱਜ ਦੇ ਇਨ੍ਹਾਂ ਨਵੇਂ 113 ਕੇਸਾਂ ‘ਚ ਆਕਲੈਂਡ ‘ਚੋਂ 109 ਕੇਸ, ਵਾਇਕਾਟੋ ‘ਚੋਂ 3 ਕੇਸ ਅਤੇ ਨੌਰਥਲੈਂਡ ਤੋਂ 1 ਕੇਸ ਆਇਆ। ਅੱਜ ਦੇ ਇਨ੍ਹਾਂ ਕੇਸਾਂ ਵਿੱਚੋਂ 34 ਕੇਸ ਲਿੰਕ ਹਨ, ਜਦੋਂ ਕਿ 78 ਨੂੰ ਹਾਲੇ ਪ੍ਰਕੋਪ ਨਾਲ ਜੋੜਿਆ ਜਾਣ ਹੈ ਤੇ ਅੰਡਰ ਇੰਨਵੈਸਟੀਗੇਸ਼ਨ ‘ਚ ਹਨ।
ਅੱਜ ਦੇ ਨਵੇਂ ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 4,153 ਹੋ ਗਈ ਹੈ। ਹਸਪਤਾਲ ਵਿੱਚ 74 ਮਰੀਜ਼ ਹਨ ਜਿਨ੍ਹਾਂ ਵਿੱਚੋਂ 5 ਕੇਸ ਸਖ਼ਤ ਦੇਖਭਾਲ (ICU/HDU) ਵਿੱਚ ਹਨ। ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਵਿੱਚੋਂ 22 ਨੌਰਥ ਸ਼ੋਰ ਹਸਪਤਾਲ, 22 ਮਿਡਲਮੋਰ ਹਸਪਤਾਲ ਅਤੇ 24 ਆਕਲੈਂਡ ਸਿਟੀ ਹਸਪਤਾਲ ਵਿੱਚ ਅਤੇ 3 ਵਾਇਕਾਟੋ ਹਸਪਤਾਲ ਵਿੱਚ ਹੈ। ਕੋਵਿਡ -19 ਨਾਲ ਹਸਪਤਾਲਾਂ ਵਿੱਚ ਇਸ ਵੇਲੇ ਦਾਖ਼ਲ ਲੋਕਾਂ ਦੀ ਔਸਤ ਉਮਰ 51 ਸਾਲ ਹੈ।
ਮੈਟਰੋ ਆਕਲੈਂਡ ਵਿੱਚ ਹੁਣ 1,886 ਲੋਕਾਂ ਨੂੰ ਘਰ ਵਿੱਚ ਸੁਰੱਖਿਅਤ ਢੰਗ ਨਾਲ ਆਈਸੋਲੇਟ ਕਰਨ ਲਈ ਸਹਾਇਤਾ ਦਿੱਤੀ ਜਾ ਰਹੀ ਹੈ, ਇਸ ਵਿੱਚ 661 ਘਰਾਂ ਵਿੱਚ 816 ਕੇਸ ਸ਼ਾਮਲ ਹਨ।
ਮੰਤਰਾਲੇ ਦੇ ਅਨੁਸਾਰ, ਸ਼ਨੀਵਾਰ ਨੂੰ 33,867 ਪਹਿਲੀ ਅਤੇ ਦੂਜੀ ਕੋਵਿਡ -19 ਵੈਕਸੀਨ ਖ਼ੁਰਾਕਾਂ ਦਿੱਤੀਆਂ ਗਈਆਂ, ਜਿਸ ਵਿੱਚ 7,401 ਪਹਿਲੀ ਖ਼ੁਰਾਕਾਂ ਅਤੇ 26,466 ਦੂਜੀਆਂ ਖ਼ੁਰਾਕਾਂ ਸ਼ਾਮਲ ਹਨ।