ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਵੀ ਕਮਿਊਨਿਟੀ ਦੇ 145 ਨਵੇਂ ਹੋਰ ਕੇਸ ਆਏ, ਇੱਕ ਵਿਅਕਤੀ ਦੀ ਵਾਇਰਸ ਨਾਲ ਮੌਤ

ਵੈਲਿੰਗਟਨ, 27 ਨਵੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 145 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਇੱਕ ਵਿਅਕਤੀ ਦੀ ਵਾਇਰਸ ਨਾਲ ਮੌਤ ਹੋਈ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਆਕਲੈਂਡ ਹਸਪਤਾਲ ਵਿੱਚ 80 ਸਾਲਾ ਮਰੀਜ਼ ਦੀ ਮੌਤ ਹੋ ਗਈ ਹੈ ਅਤੇ ਉਸ ਨੂੰ 17 ਨਵੰਬਰ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਇਸ ਨਾਲ ਮੌਤਾਂ ਦੀ ਗਿਣਤੀ 42 ਹੋ ਗਈ ਹੈ।
ਸਿਹਤ ਅਧਿਕਾਰੀ ਇਸ ਸਮੇਂ ਨਵੇਂ B.1.11529 ਵੇਰੀਐਂਟ, ਜਿਸ ਨੂੰ ਓਮਾਈਕਰੋਨ (Omicron) ਵੀ ਕਿਹਾ ਜਾਂਦਾ ਹੈ ‘ਤੇ ਨਵੀਨਤਮ ਇੰਟਰਨੈਸ਼ਨਲ ਜਾਣਕਾਰੀ ਦਾ ਮੁਲਾਂਕਣ ਕਰ ਰਹੇ ਹਨ। ਇੱਕ ਬਿਆਨ ਵਿੱਚ ਮੰਤਰਾਲੇ ਨੇ ਕਿਹਾ ਕਿ, “ਇਹ ਖ਼ਾਸ ਸਟੇਨਰ ਆਪਣੀ ਸ਼ੁਰੂਆਤੀ ਅਵਸਥਾ ਵਿੱਚ ਹੈ ਅਤੇ ਕੋਵਿਡ -19 ਨਾਲ ਸਬੰਧਿਤ ਕਿਸੇ ਵੀ ਉੱਭਰ ਰਹੀ ਘਟਨਾਵਾਂ ਦੇ ਨਾਲ ਅਸੀਂ ਸਬੂਤਾਂ ਅਤੇ ਦੇਸ਼ਾਂ ਦੇ ਜਵਾਬਾਂ ਨੂੰ ਨੇੜਿਉਂ ਦੇਖ ਰਹੇ ਹਾਂ ਅਤੇ ਨਿਗਰਾਨੀ ਕਰ ਰਹੇ ਹਾਂ”।
ਉਪ ਪ੍ਰਧਾਨ ਮੰਤਰੀ ਗ੍ਰਾਂਟ ਰੌਬਰਟਸਨ ਨੇ 26 ਨਵੰਬਰ ਦਿਨ ਸ਼ੁੱਕਰਵਾਰ ਨੂੰ ਕਿਹਾ ਕਿ ਓਮਾਈਕਰੋਨ (Omicron) ਵਿਸ਼ਵ ਸਿਹਤ ਸੰਗਠਨ ਦੁਆਰਾ ਨਾਮ ਦਿੱਤਾ ਗਿਆ, ਓਮਿਕਰੋਨ ਵੇਰੀਐਂਟ ਦੱਖਣੀ ਅਫ਼ਰੀਕਾ ਵਿੱਚ ਖ਼ੋਜਿਆ ਗਿਆ ਹੈ ਅਤੇ ਇਹ “ਸਾਡੇ ਸਾਰਿਆਂ ਲਈ ਇੱਕ ਅਸਲ ਵੇਕ-ਅੱਪ ਕਾਲ” ਹੈ। ਦੱਖਣੀ ਅਫ਼ਰੀਕਾ ਦੇ ਵਿਗਿਆਨੀਆਂ ਨੇ ਕਿਹਾ ਹੈ ਕਿ ਨਵਾਂ ਰੂਪ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸ ਦਾ ਵੱਡੀ ਗਿਣਤੀ ‘ਚ ਪਰਿਵਰਤਨ ਅਤੇ ਨੌਜਵਾਨਾਂ ‘ਚ ਤੇਜ਼ੀ ਨਾਲ ਫੈਲਣਾ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 145 ਕਮਿਊਨਿਟੀ ਕੇਸਾਂ ‘ਚੋਂ ਆਕਲੈਂਡ ‘ਚ 127 ਕੇਸ, 13 ਵਾਇਕਾਟੋ ‘ਚ, 4 ਕੇਸ ਬੇ ਆਫ਼ ਪਲੇਨਟੀ ਅਤੇ 1 ਕੇਸ ਕੈਂਟਰਬਰੀ ਵਿੱਚ ਹੈ। ਗੌਰਤਲਬ ਹੈ ਕਿ 2 ਹੋਰ ਕੇਸ ਰੂਕਾਕਾ ਤੇ ਨੌਰਥਲੈਂਡ ਵਿੱਚ ਆਏ ਹਨ, ਇਨ੍ਹਾਂ ਦੋਵੇਂ ਕੇਸਾਂ ਨੂੰ ਕੱਲ੍ਹ ਦੀ ਗਿਣਤੀ ਵਿੱਚ ਦਰਜ਼ ਕੀਤਾ ਜਾਏਗਾ। ਕਮਿਊਨਿਟੀ ਕੇਸਾਂ ਦੀ 7 ਦਿਨਾਂ ਦੀ ਰੋਲਿੰਗ ਔਸਤ 183 ਹੈ।
ਅੱਜ ਦੇ ਨਵੇਂ 145 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 7,978 ਹੋ ਗਈ ਹੈ। ਇਸ ਵੇਲੇ ਹਸਪਤਾਲ ਵਿੱਚ 77 ਮਰੀਜ਼ ਹਨ, ਇਨ੍ਹਾਂ ਵਿੱਚੋਂ 8 ਕੇਸ ਸਖ਼ਤ ਦੇਖਭਾਲ (ICU/HDU) ਵਿੱਚ ਹਨ। ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਵਿੱਚੋਂ 14 ਨੌਰਥ ਸ਼ੋਰ ਹਸਪਤਾਲ, 28 ਮਿਡਲਮੋਰ ਹਸਪਤਾਲ, 31 ਆਕਲੈਂਡ ਸਿਟੀ ਹਸਪਤਾਲ ‘ਚ, 1 ਰੋਟੋਰੂਆ ਹਸਪਤਾਲ ਅਤੇ 3 ਵਾਇਕਾਟੋ ਹਸਪਤਾਲ ਵਿੱਚ ਦਾਖ਼ਲ ਹੈ।