3 ਦਸੰਬਰ ਦਿਨ ਸ਼ੁੱਕਰਵਾਰ ਤੋਂ ਆਕਲੈਂਡ ਦੇ ਸਾਰੇ ਗੁਰੂ ਘਰਾਂ ਦੇ ਦਰਵਾਜ਼ੇ ਸੰਗਤਾਂ ਲਈ ਖੁੱਲ੍ਹਣਗੇ – ਸੁਪਰੀਮ ਸਿੱਖ ਸੋਸਾਇਟੀ

ਟਾਕਾਨੀਨੀ (ਆਕਲੈਂਡ), 27 ਨਵੰਬਰ – ਕੋਵਿਡ -19 ਦੇ ਡੈਲਟਾ ਵੈਰੀਐਂਟ ਦੇ ਚੱਲ ਰਹੇ ਪ੍ਰਕੋਪ ਦੇ ਕਰਕੇ ਪਿਛਲੇ ਤਿੰਨ ਮਹੀਨੇ ਤੋਂ ਵੱਧ ਲੌਕਡਾਉਨ ਉਪਰੰਤ ਸਰਕਾਰ ਵੱਲੋਂ ਆਕਲੈਂਡ ‘ਚ ਟ੍ਰੈਫ਼ਿਕ ਲਾਈਟ ਸਿਸਟਮ ਨਾਲ ਦਿੱਤੀ ਜਾਣ ਵਾਲੀ ਖੁੱਲ੍ਹ ਅਨੁਸਾਰ ਜਿਹੜੇ ਗੁਰੂ ਘਰ ਵੈਕਸੀਨ ਦੀਆਂ ਸ਼ਰਤਾਂ ਲਾਜ਼ਮੀ ਕਰਨਗੇ, ਉੱਥੇ ਇੱਕ ਟਾਈਮ 100 ਸੰਗਤ ਦਰਸ਼ਨ ਕਰਨ ਲਈ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਦੇ ਹੋਏ ਇਕੱਠੀਆਂ ਬੈਠ ਸਕਣਗੀਆਂ ਅਤੇ ਜਿਨ੍ਹਾਂ ਜਗ੍ਹਾ ਬਿਨਾਂ ਵੈਕਸੀਨ ਵੀ ਆ ਸਕਦੇ ਹੋਣ ਉੱਥੇ ਸਿਰਫ਼ 25 ਸੰਗਤਾਂ ਇੱਕ ਟਾਈਮ ਦਰਸ਼ਨ ਕਰ ਸਕਣਗੀਆਂ।
ਸਿਹਤ ਮੰਤਰਾਲੇ ਵੱਲੋਂ 100 ਮੈਂਬਰ ਇੱਕ ਹਾਲ ‘ਚ, ਫੇਸ ਮਾਸਕ ਜ਼ਰੂਰੀ ਅਤੇ ਇੱਕ ਮੀਟਰ ਦਾ ਫ਼ਾਸਲਾ ਲਾਜ਼ਮੀ ਕੀਤਾ ਗਿਆ ਹੈ।
ਟਾਕਾਨੀਨੀ ਗੁਰਦੁਆਰਾ ਸਾਹਿਬ ਵੱਲੋਂ ਸੰਗਤਾਂ ਲਈ ਸਮਾਗਮਾਂ ਵਾਸਤੇ ਬੁਕਿੰਗ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਇਸ ਵਾਸਤੇ ਵੈਕਸੀਨ ਅਤੇ ਬਿਨਾਂ ਵੈਕਸੀਨ ਦੀਆਂ ਸ਼ਰਤਾਂ ਤਹਿਤ ਪਰਿਵਾਰਾਂ ਨੂੰ ਬੁਕਿੰਗ ਕਰਨ ਲਈ ਸਮਝਾਇਆ ਜਾਂਦਾ ਹੈ। ਬੁਕਿੰਗ ਸ਼ੁਰੂ ਹੁੰਦੇ ਹੀ ਟਾਕਾਨੀਨੀ ਗੁਰਦੁਆਰਾ ਸਾਹਿਬ ਚ ਲਗਭਗ ਅਪ੍ਰੈਲ ਤਕ ਹਰ ਸ਼ਨੀਵਾਰ ਲਈ ਅਨੰਦ ਕਾਰਜ ਬੁੱਕ ਹੋ ਚੁੱਕੇ ਹਨ।
ਗੁਰੂ ਘਰਾਂ ਵੱਲੋਂ ਸੰਗਤਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਕੇ ਅਗਲੇ ਸ਼ੁੱਕਰਵਾਰ ਯਾਨੀ 3 ਦਸੰਬਰ ਤੋਂ ਤੁਸੀਂ ਗੁਰੂ ਘਰ ਦਰਸ਼ਨਾਂ ਲਈ ਆ ਸਕਦੇ ਹੋ ਪਰ ਅਪੀਲ ਕੀਤੀ ਜਾਂਦੀ ਹੈ ਕੇ ਸਿਰ ਤੇ ਬੰਨ੍ਹਣ ਵਾਲੇ ਰੁਮਾਲ ਲੈ ਕੇ ਆਓ ਕਿਉਂਕਿ ਤੁਹਾਡੀ ਸਿਹਤ ਦਾ ਫ਼ਿਕਰ ਰੱਖਣਾ ਲਾਜ਼ਮੀ ਹੈ ਕਿਉਂਕਿ ਗੁਰੂ ਘਰ ‘ਚ ਪਏ ਰੁਮਾਲਾਂ ਨੂੰ ਵੱਖ ਵੱਖ ਹੱਥ ਲੱਗਦੇ ਹਨ, ਅੰਦਰ ਜਾਣ ਸਮੇਂ ਮਾਸਕ ਜ਼ਰੂਰ ਲਾਓ (ਮੂੰਹ ਤੇ ਰੁਮਾਲ ਬੰਨ੍ਹਣ ਲਈ ਵੀ ਆਪਣਾ ਲੈ ਕੇ ਆਓ), ਅੰਦਰ ਜਾਣ ਅਤੇ ਬਾਹਰ ਆਉਣ ਸਮੇਂ ਹੱਥ ਸੈਨੇਟਾਈਜਰ ਨਾਲ ਸਾਫ਼ ਕਰੋ।
ਸੰਗਤੀ ਦੀਵਾਨਾਂ ‘ਚ ਸਰਕਾਰ ਵੱਲੋਂ ਜਾਰੀ ਹੋਏ ਕੋਵਿਡ ਪਾਸ ਲੈ ਕੇ ਆਉਣਾ ਲਾਜ਼ਮੀ ਹੈ ਅਤੇ ਸਕੈਨ ਕਰਨਾ ਪਵੇਗਾ। ਜਿਹੜੀ ਸੰਗਤ ਨੇ ਵੈਕਸੀਨ ਲਵਾਈ ਹੈ ਪਰ ਅਜੇ ਉਨ੍ਹਾਂ ਕੋਲ ਪਾਸ ਨਹੀਂ ਹੈ ਉਹ ਆਫ਼ਿਸ ਤੋਂ ਪ੍ਰਿੰਟ ਕਰਵਾ ਸਕਦਾ ਹੈ ਜਿਸ ਲਈ ਤੁਹਾਡੇ ਕੋਲ ਤੁਹਾਡਾ ਡਰਾਈਵਿੰਗ ਲਾਇਸੈਂਸ, ਪਾਸਪੋਰਟ ਅਤੇ NHI Number (ਐਨਐੱਚਆਈ ਨੰਬਰ) ਹੋਣਾ ਲਾਜ਼ਮੀ ਹੈ। ਵੈਕਸੀਨ ਕਾਰਡ ਵੀ ਲੈ ਕੇ ਆ ਸਕਦੇ ਹੋ। ਬਿਨਾਂ ਵੈਕਸੀਨ ਖੁੱਲ੍ਹੇ ਦਰਸ਼ਨਾਂ ਲਈ ਆ ਸਕਦੇ ਹਨ। ਗੁਰੂ ਘਰਾਂ ਦੇ ਦਰਵਾਜ਼ੇ ਆਉਣ ਵਾਲੇ ਹਫ਼ਤੇ ‘ਚ ਸ਼ੁੱਕਰਵਾਰ 3 ਦਸੰਬਰ 2021 ਤੋਂ ਸੰਗਤ ਲਈ ਅੰਮ੍ਰਿਤ ਵੇਲੇ ਤੋਂ ਖੁੱਲ੍ਹ ਜਾਣਗੇ।