ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਵੀ ਕਮਿਊਨਿਟੀ ਦੇ 182 ਨਵੇਂ ਹੋਰ ਕੇਸ ਆਏ

ਵੈਲਿੰਗਟਨ, 29 ਨਵੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 182 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਜਿੱਥੇ ਅੱਜ ਸਰਕਾਰ ਟ੍ਰੈਫ਼ਿਕ ਲਾਈਟ ਪ੍ਰਣਾਲੀ ਬਾਰੇ ਫ਼ੈਸਲਾ ਕਰਨ ਲਈ ਮੀਟਿੰਗ ਕਰ ਰਹੀ ਹੈ, ਉੱਥੇ ਹੀ ਵਾਇਰਸ ਦਾ ਇੱਕ ਨਵਾਂ ਰੂਪ ‘ਓਮਿਕਰੋਨ’ (Omicron) ਦੁਨੀਆ ਦੇ ਹੋਰ ਦੇਸ਼ਾਂ ਵਿੱਚ ਫੈਲਣਾ ਆਰੰਭ ਕਰ ਚੁੱਕਾ ਹੈ। ਅੱਜ ਦੇ ਕੇਸ ਨੌਰਥਲੈਂਡ, ਆਕਲੈਂਡ ਅਤੇ ਵਾਇਕਾਟੋ ਵਿੱਚ ਦੇ ਹਨ। ਨੈਲਸਨ-ਮਾਰਲਬਰੋ ਖੇਤਰ ਵਿੱਚ ਇੱਕ ਨਵਾਂ ਕੇਸ ਵੀ ਹੈ, ਇਸ ਨੂੰ ਕੱਲ੍ਹ ਦੇ ਕੇਸਾਂ ਵਿੱਚ ਸ਼ਾਮਲ ਕੀਤਾ ਜਾਵੇਗਾ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 182 ਕਮਿਊਨਿਟੀ ਕੇਸਾਂ ‘ਚੋਂ ਆਕਲੈਂਡ ‘ਚ 167 ਕੇਸ, 10 ਵਾਇਕਾਟੋ ਅਤੇ 5 ਕੇਸ ਨੌਰਥਲੈਂਡ ਵਿੱਚ ਹੈ। ਅੱਜ ਦੇ 182 ਕੇਸਾਂ ਵਿੱਚੋਂ 123 ਦਾ ਅਜੇ ਪ੍ਰਕੋਪ ਨਾਲ ਲਿੰਕ ਹੋਣਾ ਬਾਕੀ ਹੈ, ਜਦੋਂ ਕਿ 59 ਕੇਸਾਂ ਦਾ ਪ੍ਰਕੋਪ ਨਾਲ ਲਿੰਕ ਹੈ।
ਅੱਜ ਦੇ ਨਵੇਂ 182 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 8,298 ਹੋ ਗਈ ਹੈ। ਇਸ ਵੇਲੇ ਹਸਪਤਾਲ ਵਿੱਚ 93 ਮਰੀਜ਼ ਹਨ, ਇਨ੍ਹਾਂ ਵਿੱਚੋਂ 10 ਕੇਸ ਸਖ਼ਤ ਦੇਖਭਾਲ (ICU/HDU) ਵਿੱਚ ਹਨ। ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਵਿੱਚੋਂ 17 ਨੌਰਥ ਸ਼ੋਰ ਹਸਪਤਾਲ ‘ਚ, 33 ਮਿਡਲਮੋਰ ਹਸਪਤਾਲ ‘ਚ, 37 ਆਕਲੈਂਡ ਸਿਟੀ ਹਸਪਤਾਲ ‘ਚ, 4 ਵਾਇਕਾਟੋ ਹਸਪਤਾਲ ‘ਚ, 1 ਰੋਟੋਰੂਆ ਹਸਪਤਾਲ ਅਤੇ 1 ਹਾਕਸ ਬੇਅ ਹਸਪਤਾਲ ਵਿੱਚ ਦਾਖ਼ਲ ਹੈ।