ਕੋਵਿਡ -19: ਨਿਊਜ਼ੀਲੈਂਡ ‘ਚ ਕਮਿਊਨਿਟੀ ਦਾ ਅੱਜ 1 ਹੋਰ ਨਵਾਂ ਕੇਸ ਸਾਹਮਣੇ ਆਇਆ, ਆਕਲੈਂਡ ਅਲਰਟ ਲੈਵਲ 1 ਉੱਤੇ ਵਾਪਸ ਪਰਤ ਆਇਆ

ਵੈਲਿੰਗਟਨ, 23 ਫਰਵਰੀ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦਾ ਅੱਜ ਕਮਿਊਨਿਟੀ ‘ਚੋਂ 1 ਹੋਰ ਨਵਾਂ ਕੇਸ ਸਾਹਮਣੇ ਆਇਆ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਨਵਾਂ ਕੇਸ ਮੌਜੂਦਾ ਕਮਿਊਨਿਟੀ ਮਾਮਲਿਆਂ ਨਾਲ ਜੁੜਿਆ ਹੋਇਆ ਹੈ। ਜਦੋਂ ਕਿ 5 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਆਏ ਹਨ। ਆਕਲੈਂਡ ਅੱਜ ਅੱਧੀ ਰਾਤ ਯਾਨੀ 11.59 ਵਜੇ ਤੋਂ ਅਲਰਟ ਲੈਵਲ 1 ਉੱਤੇ ਬਾਕੀ ਦੇਸ਼ ਨਾਲ ਵਾਪਸ ਪਰਤ ਆਇਆ ਹੈ ਅਤੇ ਪਬਲਿਕ ਟਰਾਂਸਪੋਰਟ ‘ਤੇ ਫੇਸ ਮਾਸਕ ਲਾਉਣਾ ਹਾਲੇ ਵੀ ਪੂਰੇ ਦੇਸ਼ ਵਿੱਚ ਲਾਜ਼ਮੀ ਬਣਿਆ ਰਹੇਗਾ।
ਅੱਜ ਸਵੇਰੇ ਪਛਾਣਿਆ ਗਿਆ ਨਵਾਂ ਕੋਵਿਡ -19 ਕਮਿਊਨਿਟੀ ਕੇਸ ਪਾਪਾਟੋਏਟੋਏ ਹਾਈ ਸਕੂਲ ਦਾ ਵਿਦਿਆਰਥੀ ਹੈ ਜਿਸ ਦਾ ਕੱਲ੍ਹ ਪਹਿਲੀ ਵਾਰ ਟੈੱਸਟ ਕੀਤਾ ਗਿਆ ਸੀ। ਕੋਵਿਡ -19 ਦੇ ਰਿਪੋਂਸ ਮੰਤਰੀ ਕ੍ਰਿਸ ਹਿਪਕਿਨਸ ਨੇ ਕਿਹਾ ਕਿ ਸਕੂਲ ਦੀ ਵਿਦਿਆਰਥਣ ਦੀ ਪਛਾਣ ਫਰਵਰੀ ਦੇ ਪ੍ਰਕੋਪ ਨਾਲ ਜੁੜੇ ਕਮਿਊਨਿਟੀ ਮਾਮਲਿਆਂ ਦੇ ਕੈਜ਼ੂਅਲ ਪਲੱਸ ਸੰਪਰਕ ਵਜੋਂ ਹੋਈ ਹੈ ਪਰ ਉਹ ਸਕੂਲ ਵਾਪਸ ਨਹੀਂ ਪਰਤੀ ਸੀ ਅਤੇ ਘਰ ਹੀ ਅਲੱਗ ਰਹਿ ਰਹੀ ਸੀ। ਵਿਦਿਆਰਥੀ 6 ਲੋਕਾਂ ਦੇ ਨਾਲ ਇੱਕ ਘਰ ਵਿੱਚ ਰਹਿੰਦਾ ਹੈ, ਜਿਸ ਵਿੱਚ ਪਰਿਵਾਰ ਦਾ ਇੱਕ ਮੈਂਬਰ ਵੀ ਸ਼ਾਮਲ ਹੈ ਜੋ ਪਾਪਾਟੋਏਟੋਏ ਹਾਈ ਸਕੂਲ ਵੀ ਜਾਂਦਾ ਹੈ।
ਸਿਹਤ ਦੇ ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਨਵੇਂ ਕੇਸ ਦੇ ਸਾਰੇ ਪਰਿਵਾਰਕ ਮੈਂਬਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਫ਼ਿਲਹਾਲ ਸਿਰਫ਼ ਪੁਸ਼ਟੀ ਕੀਤੇ ਕੇਸ ਦੇ ਹੀ ਲੱਛਣ ਹਨ। ਪਾਪਾਟੋਏਟੋਏ ਹਾਈ ਸਕੂਲ ਸਾਵਧਾਨੀ ਵਜੋਂ ਅਗਲਾ ਨੋਟਿਸ ਆਉਣ ਤੱਕ ਬੰਦ ਰਹੇਗਾ।
ਬਲੂਮਫੀਲਡ ਨੇ ਕਿਹਾ ਕਿ ਮੈਨੇਜਡ ਆਈਸੋਲੇਸ਼ਨ ਦੇ ਇਹ 5 ਨਵੇਂ ਕੇਸ ਅਮਰੀਕਾ, ਇਰਾਕ, ਮੋਰਾਕੋ ਅਤੇ ਕੋਲੰਬੀਆ ਤੋਂ ਆਏ ਹਨ ਅਤੇ ਇਨ੍ਹਾਂ ਨੂੰ ਆਕਲੈਂਡ ਅਤੇ ਕ੍ਰਾਈਸਟਚਰਚ ਦੀ ਕੁਆਰੰਟੀਨ ਸਹੂਲਤ ਵਿੱਚ ਭੇਜ ਦਿੱਤਾ ਗਿਆ ਹੈ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,363 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਦੀ ਗਿਣਤੀ ਹੋ ਗਈ ਹੈ। ਜਿਨ੍ਹਾਂ ਵਿੱਚੋਂ 2,007 ਕੰਨਫ਼ਰਮ ਕੇਸ ਹਨ। ਇਸ ਵੇਲੇ ਕੁੱਲ ਐਕਟਿਵ ਕੇਸਾਂ ਦੀ ਗਿਣਤੀ 60 ਹੈ, ਜਿਨ੍ਹਾਂ ਵਿੱਚੋਂ 9 ਕੇਸ ਕਮਿਊਨਿਟੀ ਦੇ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2277 ਹੋ ਗਈ ਹੈ। ਨਿਊਜ਼ੀਲੈਂਡ ਵਿੱਚ ਕੋਵਿਡ -19 ਨਾਲ ਹਸਪਤਾਲ ਵਿੱਚ ਕੋਈ ਦਾਖ਼ਲ ਨਹੀਂ ਹੈ। ਹੁਣ ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 26 ਹੋ ਗਈ ਹੈ।