ਕੋਵਿਡ -19: ਨਿਊਜ਼ੀਲੈਂਡ ‘ਚ 6 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਸਾਹਮਣੇ ਆਏ ਪਰ ਕਮਿਊਨਿਟੀ ਵਿੱਚੋਂ ਕੋਈ ਨਵਾਂ ਕੇਸ ਨਹੀਂ

ਵੈਲਿੰਗਟਨ, 29 ਜਨਵਰੀ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ 6 ਨਵੇਂ ਕੇਸ ਸਾਹਮਣੇ ਆਏ ਹਨ, ਜੋ ਮੈਨੇਜਡ ਆਈਸੋਲੇਸ਼ਨ ਵਿੱਚੋਂ ਹਨ। ਪਰ ਕਮਿਊਨਿਟੀ ਟਰਾਂਸਮਿਸ਼ਨ ਦਾ ਅੱਜ ਕੋਈ ਨਵਾਂ ਕੇਸ ਨਹੀਂ ਆਇਆ ਹੈ। ਇਸ ਦੀ ਜਾਣਕਾਰੀ ਕੋਵਿਡ -19 ਦੇ ਰਿਸਪੋਂਸ ਮੰਤਰੀ ਕ੍ਰਿਸ ਹਿਪਕਿਨਸ ਅਤੇ ਸਿਹਤ ਵਿਭਾਗ ਦੇ ਡਾਇਰੈਕਟਰ-ਜਨਰਲ ਡਾ. ਐਸ਼ਲੇ ਬਲੂਮਫੀਲਡ ਨੇ ਸ਼ੁੱਕਰਵਾਰ ਦੁਪਹਿਰ ਦਿੱਤੀ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਦੁਨੀਆ ਦੇ ਸਿਰਫ਼ 20 ਦੇਸ਼ਾਂ ਵਿੱਚੋਂ ਇਕ ਹੈ ਜਿਸ ਵਿੱਚ ਦੱਖਣੀ ਅਫ਼ਰੀਕਾ ਦੇ ਕੋਵਿਡ -19 ਵਾਰੈਂਟ (Variant) ਦੀ ਪੁਸ਼ਟੀ ਕੀਤੀ ਗਈ ਹੈ। ਇਹ ਇਸ ਹਫ਼ਤੇ 3 ਨਵੇਂ ਕਮਿਊਨਿਟੀ ਕੇਸਾਂ ਦੇ ਐਲਾਨ ਨਾਲ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 1 ਕੇਸ ਨੌਰਥਲੇਂਡ ਅਤੇ 2 ਕੇਸ ਆਕਲੈਂਡ ਦੇ ਹਨ।
ਕਮਿਊਨਿਟੀ ‘ਚ ਟੈਸਟਿੰਗ ਦੇ ਹੜ੍ਹ ਤੋਂ ਬਾਅਦ ਕੋਵਿਡ -19 ਦਾ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ ਜਿਸ ਵਿੱਚ ਕੱਲ੍ਹ 6000 ਤੋਂ ਵੱਧ ਵਿਅਕਤੀਆਂ ਦੇ ਟੈੱਸਟ ਕੀਤੇ ਗਏ। ਪਿਛਲੇ ਸੱਤ ਦਿਨਾਂ ਵਿੱਚ ਲਗਭਗ 38,000 ਟੈੱਸਟ ਹੋਏ ਹਨ। ਕੋਵਿਡ -19 ਦੇ ਰਿਸਪੋਂਸ ਮੰਤਰੀ ਕ੍ਰਿਸ ਹਿਪਕਿਨਸ ਨੇ ਕਿਹਾ ਕਿ ਕਮਿਊਨਿਟੀ ਟਰਾਂਸਮਿਸ਼ਨ ਨੂੰ ਰੋਕਣ ਲਈ ਮਹੱਤਵਪੂਰਨ ਸਹਾਇਤਾ ਮਿਲੀ। ਉਨ੍ਹਾਂ ਕਿਹਾ ਕਿ ਕੋਈ ਨਵਾਂ ਕਮਿਊਨਿਟੀ ਕੇਸ ਨਾ ਆਉਣ ਕਰਕੇ ਆਕਲੈਂਡਰ ਲੌਂਗ ਵਿਕਐਂਡ ਉੱਤੇ ਬਾਹਰ ਜਾ ਸਕਦੇ ਹਨ ਪਰ ਜਿੱਥੇ ਵੀ ਜਾਓ ਕੋਵਿਡ ਟ੍ਰੇਸਿੰਗ ਐਪ ਦੀ ਵਰਤੋ ਜ਼ਰੂਰ ਕਰੋ, ਘਰ ਰਹੋ ਅਤੇ ਜੇ ਬਿਮਾਰ ਹੋ ਤਾਂ ਟੈੱਸਟ ਕਰਵਾਓ। ਨਿਊਜ਼ੀਲੈਂਡ ਵਿੱਚ 72 ਐਕਟਿਵ ਕੇਸ ਹਨ ਅਤੇ 3 ਵਿਅਕਤੀ ਰਿਕਵਰ ਹੋਏ ਹਨ।