ਕੋਵਿਡ -19: ਨਿਊਜ਼ੀਲੈਂਡ ‘ਚ 5 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ, ਕਮਿਊਨਿਟੀ ਦਾ ਅੱਜ ਕੋਈ ਨਵਾਂ ਕੇਸ ਨਹੀਂ

ਵੈਲਿੰਗਟਨ, 15 ਫਰਵਰੀ (ਕੂਕ ਪੰਜਾਬੀ ਸਮਾਚਾਰ) – ਸਾਊਥ ਆਕਲੈਂਡ ਦੇ ਸੁਬਰਵ ਪਾਪਾਟੋਏਟੋਏ ‘ਚ ਕੱਲ੍ਹ ਕੋਵਿਡ -19 ਦੇ ਕਮਿਊਨਿਟੀ ‘ਚੋਂ 3 ਨਵੇਂ ਕੇਸ ਆਉਣ ਤੋਂ ਬਾਅਦ ਅੱਜ ਕਮਿਊਨਿਟੀ ‘ਚੋਂ ਕੋਈ ਨਵਾਂ ਕੇਸ ਨਹੀਂ ਆਇਆ ਹੈ। ਜਦੋਂ ਕਿ ਮੈਨੇਜਡ ਆਈਸੋਲੇਸ਼ਨ ਵਿੱਚੋਂ 5 ਨਵੇਂ ਕੇਸ ਸਾਹਮਣੇ ਆਏ ਹਨ।
ਕੱਲ੍ਹ ਇਕ ਮਾਂ, ਪਿਤਾ ਅਤੇ ਧੀ ਦਾ ਯੂਕੇ ਸਟੇਂਰ ਦੇ ਕੋਵਿਡ -19 ਦਾ ਟੈੱਸਟ ਪਾਜ਼ੇਟਿਵ ਆਇਆ ਸੀ। ਜਿਸ ਦੇ ਕਰਕੇ ਆਕਲੈਂਡ ਨੂੰ ਰਾਤ 11.59 ਵਜੇ ਲੌਕਡਾਉਨ ਦੇ ਅਲਰਟ ਲੈਵਲ 3 ਅਤੇ ਦੇਸ਼ ਦੇ ਬਾਕੀ ਹਿੱਸਿਆਂ ਨੂੰ 72 ਘੰਟਿਆਂ ਲਈ ਅਲਰਟ ਲੈਵਲ 2 ਦੇ ਲੌਕਡਾਉਨ ਵਿੱਚ ਜਾਣਾ ਪਿਆ।
ਕੰਟੈਕਟ ਟਰੇਸਿੰਗ ਨੇ ਉਨ੍ਹਾਂ ਦੇ 10 ਨੇੜਲੇ ਸੰਪਰਕਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਵਿੱਚੋਂ 6 ਨੇੜਲੇ ਸੰਪਰਕਾਂ ਦਾ ਟੈੱਸਟ ਨੈਗੇਟਿਵ ਆਇਆ ਅਤੇ ਬਾਕੀ 4 ਦੇ ਨਤੀਜੇ ਆਉਣੇ ਬਾਕੀ ਹਨ। ਗੌਰਤਲਬ ਹੈ ਕਿ ਪੁਸ਼ਟੀ ਹੋਏ ਕੇਸਾਂ ਨਾਲ ਅੱਗੇ ਇੰਟਰਵਿਊ ਅੱਜ ਹੋਣਗੀਆਂ ਜਿਸ ਤੋਂ ਬਾਅਦ ਹੋ ਸਕਦਾ ਹੈ ਕਿ ਪਹੁੰਚ ਵਾਲੀਆਂ ਕੁੱਝ ਥਾਵਾਂ ਨੂੰ ਬਦਲਿਆ ਜਾਂ ਹੋਰ ਜੋੜਿਆ ਜਾ ਸਕਦਾ ਹੈ। ਪ੍ਰਾਥਮਿਕਤਾ ਨਜ਼ਦੀਕੀ ਸੰਪਰਕਾਂ ਅਤੇ ਅਸਧਾਰਨ ਸੰਪਰਕ ਦੀ ਜਾਂਚ ਲਈ ਹੈ ਤਾਂ ਜੋ ਅਸੀਂ ਕਮਿਊਨਿਟੀ ਵਿੱਚ ਕਿਸੇ ਵੀ ਜੋਖ਼ਮ ਨੂੰ ਸਮਝ ਸਕੀਏ।
ਸਿਹਤ ਮੰਤਰਾਲੇ ਨੇ ਕਿਹਾ ਕਿ ਮੈਨੇਜਡ ਆਈਸੋਲੇਸ਼ਨ ਦੇ 5 ਨਵੇਂ ਕੇਸਾਂ ਵਿੱਚੋਂ ਅਮਰੀਕਾ ਤੋਂ ਆਏ 1 ਕੇਸ ਨੂੰ ਹਿਸਟੋਰੀਕਲ ਮੰਨਿਆ ਗਿਆ ਹੈ। ਤਿੰਨ ਕੇਸ ਭਾਰਤ ਤੋਂ ਵਾਪਸ ਆਇਆਂ ਦੇ ਹਨ ਜੋ ਭਾਰਤ ਤੋਂ ਸੰਯੁਕਤ ਰਾਜ ਅਮੀਰਾਤ ਅਤੇ ਮਲੇਸ਼ੀਆ ਦੇ ਰਸਤੇ ਤੋਂ ਨਿਊਜ਼ੀਲੈਂਡ ਪਹੁੰਚੇ ਹਨ। ਜਦੋਂ ਕਿ ਚੌਥਾ ਕੇਸ ਪੁਸ਼ਟੀ ਸੰਯੁਕਤ ਅਰਬ ਅਮੀਰਾਤ ਤੋਂ ਮਲੇਸ਼ੀਆ ਦੇ ਰਸਤੇ ਆਇਆ ਹੈ। ਇਹ ਸਾਰੇ 13 ਫਰਵਰੀ ਨੂੰ ਪਹੁੰਚੇ ਸਨ ਅਤੇ 0 ਦਿਨ ਤੋਂ ਹੀ ਇਨ੍ਹਾਂ ਦੇ ਟੈੱਸਟ ਪਾਜ਼ੇਟਿਵ ਆਏ ਹਨ।
ਪਹਿਲਾਂ ਤੋਂ ਦਰਜ ਕੋਵਿਡ -19 ਦੇ ਕੇਸਾਂ ਵਿੱਚੋਂ 6 ਕੇਸ ਰਿਕਵਰ ਹੋਏ ਹਨ। ਨਿਊਜ਼ੀਲੈਂਡ ਦੇ ਕੁੱਲ ਨਵੇਂ ਐਕਟਿਵ ਕੇਸਾਂ ਦੀ ਗਿਣਤੀ 47 ਹੋ ਗਏ ਹੈ। ਜਦੋਂ ਕਿ ਦੇਸ਼ ਵਿੱਚ ਕੁੱਲ ਨਵੇਂ ਕੰਨਫ਼ਰਮ ਕੇਸਾਂ ਦੀ ਗਿਣਤੀ 1980 ਹੋ ਗਈ ਹੈ। ਕਮਿਊਨਿਟੀ ਦੇ 3 ਕੇਸ ਹਨ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,336 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਦੀ ਗਿਣਤੀ ਹੋ ਗਈ ਹੈ। ਜਿਨ੍ਹਾਂ ਵਿੱਚੋਂ 1,975 ਕੰਨਫ਼ਰਮ ਕੇਸ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2264 ਹੈ। ਨਿਊਜ਼ੀਲੈਂਡ ਵਿੱਚ ਕੋਵਿਡ -19 ਨਾਲ ਹਸਪਤਾਲ ਵਿੱਚ ਕੋਈ ਦਾਖ਼ਲ ਨਹੀਂ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 25 ਹੀ ਹੈ।