ਨੌਦੀਪ ਕੌਰ ਨੂੰ ਇਕ ਹੋਰ ਕੇਸ ‘ਚ ਮਿਲੀ ਜ਼ਮਾਨਤ

ਨਵੀਂ ਦਿੱਲੀ, 15 ਫਰਵਰੀ – ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚੋਂ ਕਿਰਤੀਆਂ ਦੇ ਹੱਕਾਂ ਲਈ ਲੜਨ ਵਾਲੀ ਕਾਰਕੁਨ ਨੌਦੀਪ ਕੌਰ ਨੂੰ ਇਕ ਹੋਰ ਕੇਸ ਵਿੱਚ ਜ਼ਮਾਨਤ ਮਿਲ ਗਈ ਹੈ। ਨੌਦੀਪ ਖ਼ਿਲਾਫ਼ ਕੁੱਲ ਤਿੰਨ ਕੇਸ ਦਰਜ ਹਨ। ਇਸ ਤੋਂ ਪਹਿਲਾਂ ਜਬਰੀ ਵਸੂਲੀ ਲਈ ਦਰਜ ਕੇਸ ਵਿੱਚ ਉਸ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ। ਸੋਨੀਪਤ ਦੀ ਸੈਸ਼ਨ ਅਦਾਲਤ ਨੇ ਨੌਦੀਪ ਕੌਰ ਨੂੰ ਜਿਸ ਕੇਸ ਵਿੱਚ ਅੱਜ ਜ਼ਮਾਨਤ ਦਿੱਤੀ ਹੈ, ਉਹ ਆਈਪੀਸੀ ਦੀਆਂ ਧਾਰਾਵਾਂ 148, 149, 323, 452, 384 ਤੇ 506 ਤਹਿਤ ਦਰਜ ਕੀਤਾ ਗਿਆ ਸੀ।
ਕਾਰਕੁਨ ਨੌਦੀਪ ਕੌਰ ਦੀ ਵਕਾਲਤ ਐਡਵੋਕੇਟ ਜਤਿੰਦਰ ਕੁਮਾਰ ਨੇ ਕੀਤੀ ਤੇ ਆਪਣੀਆਂ ਦਲੀਲਾਂ ਨਾਲ ਅਦਾਲਤ ਨੂੰ ਜ਼ਮਾਨਤ ਦੇਣ ਲਈ ਰਾਜ਼ੀ ਕੀਤਾ। ਨੌਦੀਪ ਖ਼ਿਲਾਫ਼ ਦਰਜ ਤੀਜੇ ਕੇਸ ਵਿੱਚ ਦਾਇਰ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਹੋਵੇਗੀ। ਇਸ ਦੌਰਾਨ ਆਈਏਐੱਨਐੱਸ ਦੀ ਰਿਪੋਰਟ ਮੁਤਾਬਿਕ ਹਰਿਆਣਾ ਦੀ ਕਰਨਾਲ ਜੇਲ੍ਹ ਦੇ ਸੁਪਰਡੈਂਟ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਕਿਰਤੀ ਹੱਕਾਂ ਬਾਰੇ ਕਾਰਕੁਨ ਨੌਦੀਪ ਕੌਰ ਨੂੰ ਮਿਲਣ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਨੌਦੀਪ ਪਿਛਲੇ ਇਕ ਮਹੀਨੇ ਤੋਂ ਕਰਨਾਲ ਜੇਲ੍ਹ ਵਿੱਚ ਹਿਰਾਸਤ ਤਹਿਤ ਬੰਦ ਹੈ।