ਕੋਵਿਡ -19: ਭਾਰਤ ‘ਚ ਰਿਕਾਰਡ 3 ਲੱਖ 23 ਹਜ਼ਾਰ ਤੋਂ ਵੱਧ ਨਵੇਂ ਕੇਸ, 2,771 ਲੋਕਾਂ ਦੀਆਂ ਮੌਤਾਂ

ਨਵੀਂ ਦਿੱਲੀ, 27 ਅਪ੍ਰੈਲ – ਦੁਨੀਆ ਭਰ ਵਿੱਚ ਫੈਲੇ ਕੋਵਿਡ -19 ਦੇ ਸਭ ਤੋਂ ਵੱਧ ਕੇਸਾਂ ਦੇ ਮਾਮਲੇ ‘ਚ ਅਮਰੀਕਾ ਪਹਿਲੇ ਨੰਬਰ ਉੱਤੇ ਹੈ ਜਦੋਂ ਕਿ ਉਸ ਤੋਂ ਬਾਅਦ ਭਾਰਤ ਦੂਜੇ ਅਤੇ ਬ੍ਰਾਜ਼ੀਲ ਤੀਜੇ ਨੰਬਰ ਉੱਤੇ ਹੈ।
ਦੇਸ਼ ਭਰ ‘ਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਨਾਲ ਹਾਲਾਤ ਦਿਨ ਪ੍ਰਤੀ ਦਿਨ ਖ਼ਰਾਬ ਹੁੰਦੇ ਜਾ ਰਹੇ ਹਨ। ਕੋਰੋਨਾ ਨਾਲ ਪਿਛਲੇ 24 ਘੰਟਿਆਂ ਦੌਰਾਨ ਦੇਸ਼ ‘ਚ ਕੋਰੋਨਾ ਦੇ 3.23 ਲੱਖ ਤੋਂ ਵੱਧ ਕੇਸ ਸਾਹਮਣੇ ਆਏ ਹਨ। ਕੋਰੋਨਾ ਦੇ ਇੱਕੋ ਦਿਨ ‘ਚ 3,23,144 ਨਵੇਂ ਕੇਸ ਸਾਹਮਣੇ ਆਉਣ ਨਾਲ ਦੇਸ਼ ਵਿੱਚ ਕੇਸਾਂ ਦੀ ਗਿਣਤੀ ਵਧ ਕੇ 17,636,307 ਹੋ ਗਈ ਹੈ। ਦੇਸ਼ ਵਿੱਚ ਐਕਟਿਵ ਮਾਮਲੇ ਵੱਧ ਕੇ 28,82,204 ਹੋ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ 2,771 ਹੋਰ ਮੌਤਾਂ ਹੋਣ ਨਾਲ ਕੋਰੋਨਾਵਾਇਰਸ ਕਾਰਣ ਮ੍ਰਿਤਕਾਂ ਦਾ ਅੰਕੜਾ ਵਧ ਕੇ 1,97,894 ਹੋ ਗਿਆ ਹੈ। ਅੰਕੜਿਆਂ ਮੁਤਾਬਿਕ ਦੇਸ਼ ‘ਚ ਹੁਣ ਤੱਕ 14,556,209 ਮਰੀਜ਼ ਇਸ ਤੋਂ ਰਿਕਵਰ ਹੋ ਚੁੱਕੇ ਹਨ।