ਦੀਪ ਸਿੱਧੂ ਨੂੰ ਦੂਜੇ ਕੇਸ ‘ਚ ਵੀ ਜ਼ਮਾਨਤ ਮਿਲੀ, ਜੇਲ੍ਹ ‘ਚੋਂ ਰਿਹਾਅ ਹੋਇਆ

ਨਵੀਂ ਦਿੱਲੀ, 26 ਅਪ੍ਰੈਲ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 26 ਜਨਵਰੀ ਲਾਲ ਕਿੱਲੇ ਮਾਮਲੇ ‘ਚ ਬੰਦ ਅਦਾਕਾਰ ਦੀਪ ਸਿੱਧੂ ਨੂੰ ਦੂਜੇ ਕੇਸ ਵਿੱਚ ਵੀ ਅੱਜ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ ਜਿਸ ਮਗਰੋਂ ਉਸ ਦੀ ਰਿਹਾਈ ਦਾ ਰਾਹ ਸਾਫ਼ ਹੋ ਗਿਆ ਸੀ। ਉਸ ਨੂੰ ਮੈਟਰੋਪਾਲੇਟਨ ਮਜਿਸਟਰੇਟ ਸੁਨੀਲ ਗੁਪਤਾ ਨੇ ੨੫ ਹਜ਼ਾਰ ਦੇ ਜਿੱਜੀ ਮੁੱਲਚਕੇ ਅਤੇ ਇੰਨੀ ਹੀ ਧੰਨ ਰਾਸ਼ੀ ਦੀ ਜ਼ਮਾਨਤ ਪੇਸ਼ ਕਰ ਉੱਤੇ ਇਹ ਰਾਹਤ ਦੇਣ ਅਤੇ ਉਸ ਨੂੰ ਬੁਲਾਏ ਜਾਣ ਉੱਤੇ ਜਾਂਚ ਵਿੱਚ ਸ਼ਾਮਿਲ ਹੋਰ ਦੇ ਹੁਕਮ ਦਿੱਤੇ ਹਨ। ਉਹ ਜੇਲ੍ਹ ‘ਚੋਂ ਰਿਹਾਅ ਹੋ ਗਏ ਅਤੇ ਪ੍ਰਧਾਨ ਸਿਰਸਾ ਨਾਲ ਉਹ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਨਤਮਸਤਕ ਹੋਏ।
ਉਨ੍ਹਾਂ ਦੱਸਿਆ ਕਿ ਥਾਣਾ ਕੋਤਵਾਲੀ ਵੱਲੋਂ ਦਰਜ ਕੀਤੇ ਗਏ ਕੇਸ ਵਿੱਚ ਅੱਜ ਤੀਸ ਹਜ਼ਾਰੀ ਕੋਰਟ ਨੇ ਉਸ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਦੀਪ ਸਿੱਧੂ ਤੋਂ ਪੁਲੀਸ 14 ਦਿਨਾਂ ਤੱਕ ਪੁੱਛ-ਪੜਤਾਲ ਕਰ ਚੁੱਕੀ ਹੈ ਤੇ ਉਹ 70 ਦਿਨਾਂ ਤੋਂ ਜੇਲ੍ਹ ਵਿੱਚ ਹੈ। ਇਸ ਲਈ ਉਸ ਦੀ ਰਿਹਾਈ ‘ਤੇ ਪਾਬੰਦੀ ਨਹੀਂ ਲਗਾਈ ਜਾ ਸਕਦੀ। ਸ੍ਰੀ ਸਿਰਸਾ ਨੇ ਇਹ ਵੀ ਦੱਸਿਆ ਕਿ ਕਮੇਟੀ ਵੱਲੋਂ ਲੱਖਾ ਸਿਧਾਣਾ ਦੇ ਭਰਾ ਗੁਰਦੀਪ ਸਿੰਘ ਮੁੰਡੀ ਨੂੰ ਕਥਿਤ ਗ਼ੈਰ ਕਾਨੂੰਨੀ ਹਿਰਾਸਤ ਵਿੱਚ ਰੱਖ ਕੇ ਉਸ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਦਿੱਲੀ ਪੁਲੀਸ ਖ਼ਿਲਾਫ਼ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਾਏ ਗਏ ਕੇਸ ਦੀ ਸੁਣਵਾਈ 27 ਅਪ੍ਰੈਲ ਨੂੰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਹਾਈ ਕੋਰਟ ਪੰਜਾਬ ਪੁਲੀਸ ਨੂੰ ਦਿੱਲੀ ਪੁਲੀਸ ਦੀ ਉਸ ਟੀਮ ਖ਼ਿਲਾਫ਼ ਕੇਸ ਦਰਜ ਕਰਨ ਦੀ ਹਦਾਇਤ ਕਰੇਗਾ ਜਿਸ ਨੇ ਗੁਰਦੀਪ ਨਾਲ ਮਾੜਾ ਸਲੂਕ ਕੀਤਾ।