ਕੋਵਿਡ -19: ਵੈਲਿੰਗਟਨ ਵਿੱਚ ਅਲਰਟ ਲੈਵਲ 2 ਦੀ ਚੇਤਾਵਨੀ ਨੂੰ 48 ਘੰਟਿਆਂ ਲਈ ਹੋਰ ਵਧਾਈ ਗਿਆ

ਵੈਲਿੰਗਟਨ, 27 ਜੂਨ – ਵੈਲਿੰਗਟਨ ਖੇਤਰ 23 ਜੂਨ ਦੀ ਸ਼ਾਮ 6.00 ਵਜੇ ਤੋਂ ਐਤਵਾਰ ਰਾਤ 11.59 ਵਜੇ ਤੱਕ ਅਲਰਟ ਲੈਵਲ 2 ਉੱਤੇ ਚੱਲ ਰਿਹਾ ਸੀ, ਜਿਸ ਨੂੰ ਸਰਕਾਰ ਨੇ ਮੰਗਲਵਾਰ ਨੂੰ ਅੱਧੀ ਰਾਤ ਤੱਕ ਹੋਰ ਅੱਗੇ ਵਧਾ ਦਿੱਤਾ ਹੈ। ਵੈਸੇ, ਇਹ ਅਲਰਟ ਲੈਵਲ 2 ਅੱਜ ਰਾਤੀ 11.59 ਵਜੇ ਸਮਾਪਤ ਹੋ ਜਾਣਾ ਸੀ। ਪਰ ਹਾਲਾਤ ਨੂੰ ਵੇਖਦੇ ਹੋਏ ਵੈਲਿੰਗਟਨ ਵਿੱਚ ਇਸ ਨੂੰ ਹੋਰ ਵਧਾ ਦਿੱਤਾ ਗਿਆ ਹੈ। ਜਦੋਂ ਕਿ ਬਾਕੀ ਦੇਸ਼ ਅਲਰਟ ਲੈਵਲ 1 ਉੱਤੇ ਹੀ ਰਹੇਗਾ।
ਕੋਵਿਡ -19 ਦੇ ਰਿਸਪੌਂਸ ਮੰਤਰੀ ਕ੍ਰਿਸ ਹਿਪਕਿਨਸ ਨੇ ਕਿਹਾ ਕਿ ਦੇਸ਼ ਵਿੱਚ ਕਮਿਊਨਿਟੀ ਦਾ ਕੋਈ ਕੇਸ ਨਹੀਂ ਆਇਆ ਹੈ। ਪਰ ਇੱਕ ਕੇਸ ਮਾਸਟਰਟਨ ਵਿੱਚ ਪੂਰੀ ਤਰ੍ਹਾਂ ਟੀਕਾ ਲਗਵਾਏ ਹੋਏ ਸਿਹਤ ਕਰਮਚਾਰੀ ਦਾ ਹੈ। ਜਿਸ ਦਾ ਨਤੀਜਾ ਕਮਜ਼ੋਰ ਨੈਗੇਟਿਵ ਟੈੱਸਟ ਦੇ ਤੌਰ ਉੱਤੇ ਆਇਆ। ਉਸ ਦੀ ਪੜਤਾਲ ਕੀਤੀ ਜਾ ਰਹੀ ਹੈ। ਉਹ ਵਿਅਕਤੀ ਪਿਛਲੇ ਹਫ਼ਤੇ ਵੈਲਿੰਗਟਨ ਖੇਤਰ ਵਿੱਚ ਸੀ।
ਸਿਹਤ ਦੇ ਡਾਇਰੈਕਟਰ-ਜਨਰਲ ਡਾ. ਐਸ਼ਲੇ ਬਲੂਮਫੀਲਡ ਨੇ ਅੱਜ ਦੁਪਹਿਰ 1 ਵਜੇ ਕੋਵਿਡ ਅੱਪਡੇਟ ਦੌਰਾਨ ਕਿਹਾ ਕਿ ਸ਼ਾਇਦ ਵਿਅਕਤੀ ਦਾ ਗ਼ਲਤ ਪਾਜ਼ੇਟਿਵ ਟੈੱਸਟ ਦਾ ਨਤੀਜਾ ਵਾਪਸ ਆਇਆ ਹੈ।
ਹਿਪਕਿਨਸ ਨੇ ਕਿਹਾ ਕਿ ਐਨਜ਼ੈੱਡ ਅਜੇ ਖ਼ਤਰੇ ਤੋਂ ਬਾਹਰ ਨਹੀਂ ਹੈ, ਇਸ ਲਈ ਅਲਰਟ ਲੈਵਲ 2 ਦੇ ਨਿਯਮਾਂ ਨੂੰ ਵੈਲਿੰਗਟਨ ਵਿੱਚ 48 ਘੰਟਿਆਂ ਲਈ ਵਧਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਸੰਭਵ ਹੈ ਕਿ ਟੈੱਸਟ ਦੇ ਹੁਣ ਤੱਕ ਦੇ ਨਤੀਜਿਆਂ ਦੇ ਅਧਾਰ ‘ਤੇ ਮੰਗਲਵਾਰ ਨੂੰ ਅੱਧੀ ਰਾਤ ਨੂੰ ਚੇਤਾਵਨੀ ਦਾ ਪੱਧਰ ਹੇਠਾਂ ਆ ਜਾਵੇਗਾ। ਵੈਲਿੰਗਟਨ ਨੂੰ ਬੁੱਧਵਾਰ ਸ਼ਾਮ 6 ਵਜੇ ਅਲਰਟ ਲੈਵਲ 2 ‘ਤੇ ਭੇਜਿਆ ਗਿਆ ਸੀ। ਅਸਲ ਵਿੱਚ ਉਸ ਲੈਵਲ ਨੂੰ ਅੱਜ ਅੱਧੀ ਰਾਤ ਨੂੰ ਚੁੱਕਣ ਦੀ ਉਮੀਦ ਕੀਤੀ ਜਾ ਰਹੀ ਸੀ।
ਹਿਪਕਿਨਸ ਨੇ ਕਿਹਾ ਕਿ ਸਿਡਨੀ ਯਾਤਰੀ ਜੋ ਪਾਜ਼ੇਟਿਵ ਸੀ ਉਸ ਦੇ 2000 ਤੋਂ ਵੱਧ ਸੰਪਰਕਾਂ ਵਿੱਚੋਂ ਬਹੁਤਿਆਂ ਦੇ ਕੋਵਿਡ -19 ਲਈ ਹੋਏ ਟੈੱਸਟਾਂ ਨੈਗੇਟਿਵ ਆਏ ਹਨ। ਵੈਲਿੰਗਟਨ ਵਿੱਚ ਟੈੱਸਟਾਂ ਦੀ ਦਰ ਘੱਟ ਰਹੀ ਹੈ ਅਤੇ ਹਿਪਕਿਨਸ ਨੇ ਹੋਰ ਲੋਕਾਂ ਨੂੰ ਰਾਜਧਾਨੀ ਵਿੱਚ ਟੈੱਸਟ ਕਰਵਾਉਣ ਲਈ ਉਤਸ਼ਾਹਿਤ ਕੀਤਾ।