ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ ‘ਚ ਗੋਲੀਬਾਰੀ ਦੌਰਾਨ 49 ਮੌਤਾਂ

ਕ੍ਰਾਈਸਟਚਰਚ, 16 ਮਾਰਚ – ਇੱਥੇ 15 ਮਾਰਚ ਨੂੰ ਸਥਿਤ ਦੋ ਮਸਜਿਦਾਂ ‘ਚ ਦੁਪਹਿਰ ਦੀ ਨਮਾਜ਼ ਸਮੇਂ ਅਣਪਛਾਤੇ ਦੋ ਹਮਲਾਵਰਾਂ ਵੱਲੋਂ ਕੀਤੀ ਗੋਲੀਬਾਰੀ ‘ਚ 49 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 40 ਜ਼ਖ਼ਮੀ ਹੋ ਗਏ ਹਨ। ਖ਼ਬਰਾਂ ਮੁਤਾਬਿਕ ਪਹਿਲਾਂ ਗੋਲੀਬਾਰੀ ਸ਼ਹਿਰ ਦੇ ਹੇਗਲੀ ਪਾਰਕ ‘ਚ ਸਥਿਤ ਅਲ ਨੂਰ ਮਸਜਿਦ ‘ਚ 1.30 ਵਜੇ ਹੋਈ ਅਤੇ ਦੂਜੀ ਗੋਲੀਬਾਰੀ 1.45 ਵਜੇ ਲਿਨਵੁੱਡ ਇਲਾਕੇ ‘ਚ ਪੈਂਦੀ ਮਸਜਿਦ ‘ਚ ਹੋਈ। ਖ਼ਬਰਾਂ ਮੁਤਾਬਿਕ ਗਨਮੈਨ ਵੱਲੋਂ 17 ਮਿੰਟ ਗੋਲੀਬਾਰੀ ਕੀਤੀ ਗਈ। ਸ਼ੂਟਰ ਨੇ ਆਪਣੀ ਪਛਾਣ ਬਰੈਂਟਨ ਟੈਰੰਟ ਵਜੋਂ ਜ਼ਾਹਿਰ ਕੀਤੀ ਹੈ। ਜੋ ਆਸਟਰੇਲੀਆ ‘ਚ ਜਨਮਿਆ 28 ਸਾਲਾ ਵਾਈਟ (ਗੋਰਾ) ਹੈ। ਪੁਲਿਸ ਨੇ ਇਸ ਘਟਨਾ ਦੇ ਸੰਬੰਧ ‘ਚ ਇੱਕ ਵਿਅਕਤੀ ਨੂੰ ਹਿਰਾਸਤ ‘ਚ ਲਿਆ ਹੈ। ਗੋਲੀਬਾਰੀ ਦੀਆਂ ਇਨ੍ਹਾਂ ਘਟਨਾਵਾਂ ਦੀ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ ਨਿੰਦਾ ਕੀਤੀ ਹੈ ਅਤੇ ਕਿਹਾ ਕਿ ਇਹ ‘ਨਿਊਜ਼ੀਲੈਂਡ ਦਾ ਡਾਰਸਟ ਡੇਅ’ ਸਭ ਤੋਂ ਕਾਲੇ ਦਿਨਾਂ ‘ਚੋਂ ਇੱਕ ਹੈ। ਜ਼ਿਕਰਯੋਗ ਹੈ ਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਗੋਲੀਬਾਰੀ ਹੋਈ, ਉਸ ਸਮੇਂ ਨਿਊਜ਼ੀਲੈਂਡ ਦੇ ਦੌਰੇ ‘ਤੇ ਆਈ ਬੰਗਲਾਦੇਸ਼ ਦੀ ਕ੍ਰਿਕਟ ਟੀਮ ਦੇ ਖਿਡਾਰੀ ਇਸ ਮਸਜਿਦ ‘ਚ ਮੌਜੂਦ ਸੀ। ਹਾਲਾਂਕਿ ਇਸ ਦੌਰਾਨ ਸਾਰੇ ਖਿਡਾਰੀ ਸੁਰੱਖਿਅਤ ਬਚ ਨਿਕਲੇ।