ਕੰਜ਼ਰਵੇਟਿਵ ਪਾਰਟੀ ਦੀ ਨਵੀਂ ਆਗੂ ਲਿਜ਼ ਟਰੱਸ ਨੇ 15ਵੀਂ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ

ਲੰਡਨ, 6 ਸਤੰਬਰ – ਕੁਈਨ ਐਲਿਜ਼ਬੈੱਥ ਦੋਇਮ ਵੱਲੋਂ ਸਰਕਾਰ ਬਣਾਉਣ ਲਈ ਮਿਲੇ ਰਸਮੀ ਸੱਦੇ ਮਗਰੋਂ ਕੰਜ਼ਰਵੇਟਿਵ ਪਾਰਟੀ ਦੀ ਨਵੀਂ ਆਗੂ ਲਿਜ਼ ਟਰੱਸ ਨੇ ਅੱਜ ਇੰਗਲੈਂਡ ਦੀ 15ਵੀਂ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ। ਪ੍ਰਧਾਨ ਮੰਤਰੀ ਲਿਜ਼ ਟਰੱਸ ਨੇ ਅੱਜ ਬਾਲਮੋਰਲ ਕੈਸਲ ਵਿੱਚ ਮਹਾਰਾਣੀ ਨਾਲ ਮੁਲਾਕਾਤ ਕੀਤੀ, ਜਿੱਥੇ ਉਨ੍ਹਾਂ ਨੂੰ ਰਸਮੀ ਤੌਰ ’ਤੇ ਬਰਤਾਨੀਆ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੱਤਾ ਗਿਆ। ਟਰੱਸ, ਮਾਰਗਰੇਟ ਥੈੱਚਰ ਤੇ ਟੈਰੇਜ਼ਾ ਮੇਅ ਤੋਂ ਬਾਅਦ ਬਰਤਾਨੀਆ ਦੀ ਤੀਜੀ ਮਹਿਲਾ ਪ੍ਰਧਾਨ ਮੰਤਰੀ ਹਨ। ਇਸ ਤੋਂ ਪਹਿਲਾਂ ਬੋਰਿਸ ਜੌਹਨਸਨ ਨੇ ਵੀ ਮਹਾਰਾਣੀ ਨੂੰ ਆਪਣਾ ਰਸਮੀ ਅਸਤੀਫ਼ਾ ਸੌਂਪ ਦਿੱਤਾ। ਲਿਜ਼ ਟਰੱਸ ਇੰਗਲੈਂਡ ਦੀ 15ਵੀਂ ਪ੍ਰਧਾਨ ਮੰਤਰੀ ਹਨ, ਜੋ ਮਹਾਰਾਣੀ ਐਲਿਜ਼ਬੈੱਥ ਦੋਇਮ ਦੇ ਰਾਜਪਾਠ ਵਿੱਚ ਸਰਕਾਰ ਚਲਾਉਣਗੇ। ਇਸ ਸੂਚੀ ਵਿੱਚ ਵਿੰਸਟਨ ਚਰਚਿਲ ਪਹਿਲੇ ਪ੍ਰਧਾਨ ਮੰਤਰੀ ਸਨ, ਜਿਨ੍ਹਾਂ 1952 ਵਿੱਚ ਕਾਰਜ ਭਾਰ ਸੰਭਾਲਿਆ ਸੀ।
ਕਾਬਿਲੇਗੌਰ ਹੈ ਕਿ ਸੰਵਿਧਾਨਕ ਅਮਲ ਮੁਤਾਬਕ ਮਹਾਰਾਣੀ ਵੱਲੋਂ ਬਹੁਮਤ ਹਾਸਲ ਕਰਨ ਵਾਲੀ ਧਿਰ ਨੂੰ ਲੰਡਨ ਦੇ ਬਕਿੰਘਮ ਪੈਲੇਸ ਵਿੱਚ ਸੱਦ ਕੇ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਜਾਂਦਾ ਹੈ, ਪਰ ਐਤਕੀਂ ਮਹਾਰਾਣੀ ਐਲਿਜ਼ਬੈੱਥ ਨੇ ਜੌਹਨਸਨ ਤੇ ਟਰੱਸ ਨਾਲ ਬਾਲਮੋਰਲ ਕੈਸਲ ਵਿੱਚ ਹੀ ਮਿਲਣ ਦਾ ਫੈਸਲਾ ਕੀਤਾ ਸੀ।
ਭਾਰਤੀ ਮੂਲ ਦੀ ਪ੍ਰੀਤੀ ਪਟੇਲ ਨੇ ਸੋਮਵਾਰ ਸ਼ਾਮ ਨੂੰ ਗ੍ਰਹਿ ਮੰਤਰੀ ਵਜੋਂ ਅਸਤੀਫ਼ਾ ਦੇ ਦਿੱਤਾ ਸੀ। ਉਧਰ ਸਾਬਕਾ ਵਿੱਤ ਮੰਤਰੀ ਰਿਸ਼ੀ ਸੂਨਕ, ਜੋ ਟਰੱਸ ਨੂੰ ਮਿਲੀਆਂ 57 ਫੀਸਦ ਵੋਟਾਂ ਦੇ ਮੁਕਾਬਲੇ 43 ਫੀਸਦ ਵੋਟਾਂ ਮਿਲਣ ਕਰਕੇ ਚੋਣ ਹਾਰ ਗਏ ਸਨ, ਨੇ ਲੰਘੇ ਦਿਨ ਹੀ ਟਰੱਸ ਦੀ ਅਗਵਾਈ ਵਾਲੀ ਕੈਬਨਿਟ ’ਚ ਸ਼ਾਮਲ ਹੋਣ ਦੀ ਸੰਭਾਵਨਾ ਨੂੰ ਖਾਰਜ ਕਰ ਦਿੱਤਾ ਸੀ।