ਚੋਣਾਂ 2024: ਨਿਤੀਸ਼ ਕੁਮਾਰ ਵੱਲੋਂ ਰਾਹੁਲ ਗਾਂਧੀ, ਐੱਚਡੀ ਕੁਮਾਰਸਵਾਮੀ ਨਾਲ ਮੁਲਾਕਾਤ ਕੀਤੀ

ਨਵੀਂ ਦਿੱਲੀ, 5 ਸਤੰਬਰ – ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਇੱਥੇ ਕਾਂਗਰਸ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਨਿਤੀਸ਼ ਕੁਮਾਰ ਅੱਜ ਸਵੇਰੇ ਕੌਮੀ ਰਾਜਧਾਨੀ ਪਹੁੰਚੇ। ਸੂਤਰਾਂ ਅਨੁਸਾਰ ਦੋਵਾਂ ਆਗੂਆਂ ਨੇ ਮੁਲਾਕਾਤ ਦੌਰਾਨ ਦੇਸ਼ ਵਿਚਲੇ ਮੌਜੂਦਾ ਸਿਆਸੀ ਹਾਲਾਤ ਤੇ ਵਿਰੋਧੀ ਧਿਰ ਦੀ ਏਕਤਾ ਯਕੀਨੀ ਬਣਾਈ ਰੱਖਣ ਦੇ ਢੰਗਾਂ ਬਾਰੇ ਵਿਚਾਰ ਚਰਚਾ ਕੀਤੀ। ਨਿਤੀਸ਼ ਕੁਮਾਰ ਨੇ ਬਾਅਦ ਵਿੱਚ ਜਨਤਾ ਦਲ (ਸੈਕੁਲਰ) ਦੇ ਮੁਖੀ ਐੱਚਡੀ ਕੁਮਾਰਸਵਾਮੀ ਨਾਲ ਵੀ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ।
ਸੂਤਰਾਂ ਅਨੁਸਾਰ ਰਾਹੁਲ ਗਾਂਧੀ ਤੇ ਨਿਤੀਸ਼ ਕੁਮਾਰ ਵਿਚਾਲੇ ਤਕਰੀਬਨ ਇੱਕ ਘੰਟਾ ਗੱਲਬਾਤ ਹੋਈ। ਇਸ ਦੌਰਾਨ ਨਿਤੀਸ਼ ਨਾਲ ਬਿਹਾਰ ਦੇ ਜਲ ਸਰੋਤ ਮੰਤਰੀ ਤੇ ਜਨਤਾ ਦਲ (ਯੂ) ਦੇ ਆਗੂ ਸੰਜੈ ਕੁਮਾਰ ਝਾਅ ਵੀ ਹਾਜ਼ਰ ਸਨ। ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦਾ ਸਾਥ ਛੱਡਣ ਅਤੇ ਰਾਸ਼ਟਰੀ ਜਨਤਾ ਦਲ (ਆਰਜੇਡੀ), ਕਾਂਗਰਸ ਤੇ ਖੱਬੀਆਂ ਧਿਰਾਂ ਦੀ ਹਮਾਇਤ ਨਾਲ ਮਹਾਗੱਠਜੋੜ ਸਰਕਾਰ ਬਣਾਉਣ ਮਗਰੋਂ ਨਿਤੀਸ਼ ਕੁਮਾਰ ਪਹਿਲੀ ਵਾਰ ਦਿੱਲੀ ਪਹੁੰਚੇ ਹਨ। ਉਨ੍ਹਾਂ ਵੱਲੋਂ ਐੱਨਸੀਪੀ ਆਗੂ ਸ਼ਰਦ ਪਵਾਰ, ‘ਆਪ’ ਦੇ ਅਰਵਿੰਦ ਕੇਜਰੀਵਾਲ, ਸਮਾਜਵਾਦੀ ਪਾਰਟੀਦੇ ਮੁਖੀ ਅਖਿਲੇਸ਼ ਯਾਦਵ, ਆਈਐੱਨਐੱਲਡੀ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਤੇ ਹੋਰ ਵਿਰੋਧੀ ਪਾਰਟੀਆਂ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਜਾ ਸਕਦੀ ਹੈ। ਨਿਤੀਸ਼ ਕੁਮਾਰ ਭਲਕੇ 6 ਸਤੰਬਰ ਨੂੰ ਸੀਪੀਆਈ (ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਤੇ ਸੀਪੀਆਈ ਦੇ ਆਗੂ ਡੀ ਰਾਜਾ ਨਾਲ ਮੁਲਾਕਾਤ ਕਰਨਗੇ। ਰਾਹੁਲ ਗਾਂਧੀ ਨੂੰ ਮਿਲਣ ਆਉਣ ਤੋਂ ਪਹਿਲਾਂ ਨਿਤੀਸ਼ ਕੁਮਾਰ ਨੇ ਆਰਜੇਡੀ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨਾਲ ਮੁਲਾਕਾਤ ਕੀਤੀ। ਉਹ 10, ਸਰਕੁਲਰ ਰੋਡ ਸਥਿਤ ਲਾਲੂ ਪ੍ਰਸਾਦ ਯਾਦਵ ਦੀ ਪਤਨੀ ਰਾਬੜੀ ਦੇਵੀ ਦੀ ਰਿਹਾਇਸ਼ ’ਤੇ ਪੁੱਜੇ ਜਿੱਥੇ ਤੇਜਸਵੀ ਯਾਦਵ ਨੇ ਉਨ੍ਹਾਂ ਦਾ ਸਵਾਗਤ ਕੀਤਾ।