ਕੰਢੀ ਖੇਤਰ ਦਾ ਵਿਆਪਕ ਵਿਕਾਸ ਕੀਤਾ ਜਾਵੇਗਾ : ਬਾਦਲ

ਬਲਾਚੌਰ ਵਿਖੇ ਸਥਾਪਤ ਹੋਵੇਗੀ ਲੱਕੜ ਮੰਡੀ
ਚੰਡੀਗੜ੍ਹ, 12 ਸਤੰਬਰ (ਏਜੰਸੀ) – ਪੰਜਾਬ ਸਰਕਾਰ ਵੱਲੋਂ ਕੰਢੀ ਖੇਤਰ ਦਾ ਵਿਆਪਕ ਢੰਗ ਨਾਲ ਵਿਕਾਸ ਕਰਨ ਲਈ ਜੰਗਲਾਤ, ਜਨ ਸਿਹਤ ਅਤੇ ਸਿੰਜਾਈ ਵਿਭਾਗਾਂ ਦੀ ਭਾਈਵਾਲੀ ਨਾਲ ਇਕ ਸਾਂਝੀ ਯੋਜਨਾ ਉਲੀਕੀ ਜਾਵੇਗੀ। ਇਸ ਬਾਰੇ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਬੀਤੀ ਦੇਰ ਸ਼ਾਮ ਇਕ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਦੌਰਾਨ ਲਿਆ। ਵਿਚਾਰ-ਚਰਚਾ ਵਿੱਚ ਹਿੱਸਾ ਲੈਂਦਿਆਂ ਸ. ਬਾਦਲ ਨੇ ਇਨ੍ਹਾਂ ਵਿਭਾਗਾਂ ਦੇ ਉਚ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਕੰਢੀ ਖੇਤਰ ਵਿੱਚ ਵਿਕਾਸ ਕਾਰਜ ਸ਼ੁਰੂ ਕਰਨ ਲਈ ਸਬੰਧਤ ਵਿਭਾਗਾਂ ਦਰਮਿਆਨ ਅਸਰਦਾਇਕ ਅਤੇ ਸਹੀ ਤਾਲਮੇਲ………. ਯਕੀਨੀ ਬਣਾਉਣ ਵਾਸਤੇ ਤਿੰਨਾਂ ਵਿਭਾਗ ਦਾ ਇਕ-ਇਕ ਪ੍ਰਾਜੈਕਟ ਅਫਸਰ ਮਨੋਨੀਤ ਕਰਕੇ ਤਾਇਨਾਤ ਕੀਤਾ ਜਾਵੇ। ਸਾਂਝੀ ਯੋਜਨਾ ਤਹਿਤ ਇਸ ਇਲਾਕੇ ਵਿੱਚ ਪੀਣ ਵਾਲਾ ਪਾਣੀ, ਸੀਵਰੇਜ, ਬਿਜਲੀ, ਸਿੰਜਾਈ, ਸੜਕਾਂ ਆਦਿ ਵਿਕਾਸ ਕਾਰਜ ਆਰੰਭੇ ਜਾਣਗੇ।
ਜੰਗਲਾਤ ਵਿਭਾਗ ਵੱਲੋਂ ਪੰਜਾਬ ਲੈਂਡ ਪ੍ਰੀਜ਼ਰਵੇਸ਼ਨ ਐਕਟ (ਪੀ. ਐਲ. ਪੀ. ਏ.) ਤਹਿਤ ਆਉਂਦੇ ਖੇਤੀ ਅਤੇ ਵਸੋਂ ਵਾਲੇ 1.4 ਲੱਖ ਏਕੜ ਨੂੰ ਗੈਰ-ਸੂਚੀਬੱਧ ਕਰਨ ਬਾਰੇ ਜਾਣਕਾਰੀ ਦੇਣ ‘ਤੇ ਮੁੱਖ ਮੰਤਰੀ ਨੇ ਵਿਭਾਗ ਨੂੰ ਆਖਿਆ ਕਿ ਇਸ ਇਲਾਕੇ ਵਿੱਚ ਪੀ. ਐਲ. ਪੀ. ਏ. ਦੇ ਦਾਇਰੇ ‘ਚੋਂ ਹੋਰ ਖੇਤਰ ਬਾਹਰ ਕੱਢਣ ਲਈ ਢੰਗ-ਤਰੀਕੇ ਲੱਭੇ ਜਾਣ ਕਿਉਂਕਿ ਇਸ ਐਕਟ ਨਾਲ ਇਸ ਨੀਮ ਪਹਾੜੀ ਇਲਾਕੇ ਦੇ ਸਰਬਪੱਖੀ ਵਿਕਾਸ ਅਤੇ ਆਰਥਿਕ ਤਰੱਕੀ ‘ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ।
ਇਸ ਮੌਕੇ ਸ. ਬਾਦਲ ਨੇ ਬਲਾਚੌਰ ਵਿਖੇ ਇਕ ਲੱਕੜ ਮੰਡੀ ਸਥਾਪਤ ਕਰਨ ਦਾ ਐਲਾਨ ਕਰਦਿਆਂ ਆਖਿਆ ਕਿ ਇਸ ਲਈ ਲੋੜੀਂਦੀ ਪ੍ਰਕ੍ਰਿਆ ਨੂੰ ਛੇਤੀ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਕੰਢੀ ਕਨਾਲ ਪ੍ਰਾਜੈਕਟ ਪੜਾਅ-੧ ਤਹਿਤ ਸਰਕਾਰ ਇਸ ਖੇਤਰ ਵਿੱਚ ਜ਼ਮੀਨਦੋਜ਼ ਸਿੰਜਾਈ ਪਾਈਪਾਂ ਪਾਏਗੀ। ਉਨ੍ਹਾਂ ਨੇ ਸਿੰਜਾਈ ਵਿਭਾਗ ਨੂੰ ਹਦਾਇਤ ਕੀਤੀ ਕਿ ਸਰਵੇਖਣ ਦਾ ਕੰਮ ਹੋਰ ਤੇਜ਼ ਕੀਤਾ ਜਾਵੇ ਤਾਂ ਜੋ ਇਹ ਪ੍ਰਾਜੈਕਟ ਚਾਲੂ ਮਾਲੀ ਸਾਲ ਵਿੱਚ ਮੁਕੰਮਲ ਕਰ ਲਿਆ ਜਾਵੇ। ਉਨ੍ਹਾਂ ਅੱਗੇ ਆਖਿਆ ਕਿ ਕੰਢੀ ਖੇਤਰ ਵਿੱਚ ਹੋਰਨਾਂ ਥਾਵਾਂ ਉਪਰ ਤੁਪਕਾ ਸਿੰਜਾਈ ਅਤੇ ਛਿੜਕਾਅ ਕਰਨ ਵਾਲੀ ਮਸ਼ੀਨ (ਸਪਲਿੰਕਰ) ਦੀ ਵਿਧੀ ਲਾਗੂ ਕਰਨ ਲਈ ਚੈਕ ਡੈਮ ਉਸਾਰਨ ਦੀ ਸ਼ਨਾਖਤ ਕੀਤੀ ਜਾਵੇ। ਪੌਦੇ ਲਾਉਣ ਸਬੰਧੀ ਸ. ਬਾਦਲ ਨੇ ਕਿਹਾ ਕਿ ਇਸ ਲਈ ਅਜਿਹਾ ਢੰਗ ਅਪਣਾਉਣਾ ਚਾਹੀਦਾ ਹੈ ਕਿ ਖੇਤਰ ਵਿੱਚ ਖੇਤੀ ਅਤੇ ਪੌਦਿਆਂ ਦਾ ਵਿਕਾਸ ਨਾਲੋ-ਨਾਲ ਹੋ ਸਕੇ।
ਮੀਟਿੰਗ ਵਿੱਚ ਹਾਜ਼ਰ ਪ੍ਰਮੁੱਖ ਵਿਅਕਤੀਆਂ ਵਿੱਚ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ਼. ਕੇ. ਸੰਧੂ, ਸਿੰਜਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਕੇ. ਬੀ. ਐਸ. ਸਿੱਧੂ, ਜੰਗਲਾਤ ਵਿਭਾਗ ਦੇ ਪ੍ਰਿੰਸੀਪਲ ਚੀਫ ਕੰਜ਼ਰਵੇਟਰ ਸ੍ਰੀ ਐਚ.ਐਸ. ਗੁਜਰਾਲ, ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਸ੍ਰੀ ਦੀਪਇੰਦਰ ਸਿੰਘ, ਮਿਲਕਫੈਡ ਦੇ ਐਮ. ਡੀ. ਸ੍ਰੀ ਬਲਵਿੰਦਰ ਸਿੰਘ ਸਿੱਧੂ, ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸ੍ਰੀ ਮੰਗਲ ਸਿੰਘ ਸੰਧੂ, ਕੰਢੀ ਖੇਤਰ ਵਿਕਾਸ ਦੇ ਚੀਫ ਇੰਜਨੀਅਰ ਸ੍ਰੀ ਹਰਵਿੰਦਰ ਸਿੰਘ ਅਤੇ ਪੰਜਾਬ ਰਾਜ ਬਿਜਲੀ ਨਿਗਮ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਸ੍ਰੀ ਕੇ. ਡੀ. ਚੌਧਰੀ ਸ਼ਾਮਲ ਸਨ।