ਸਤਵੰਤ ਸਿੰਘ ਕਾਲੇਕਾ ਦੀ ਸ਼ਹੀਦੀ ਸਿੱਖਾਂ ਲਈ ਮਾਰਗ ਦਰਸ਼ਕ

ਓਕ ਕਰੀਕ ਗੁਰਦਵਾਰਾ ਦੀ ਘਟਨਾ ਦੇ ਸ਼ਹੀਦ ਸਤਵੰਤ ਸਿੰਘ ਕਾਲੇਕਾ ਦੇ ਭੋਗ  ‘ਤੇ ਵਿਸ਼ੇਸ਼
ਸ੍ਰ. ਸਤਵੰਤ ਸਿੰਘ ਕਾਲੇਕਾ ਦਾ ਜਨਮ ਪਟਿਆਲਾ ਜਿੱਲ੍ਹੇ ਦੇ ਪਿੰਡ ਦੁਗਾਲ ਵਿੱਚ ਮੇਜਰ ਪ੍ਰੀਤਮ ਸਿੰਘ ਕਾਲੇਕਾ ਅਤੇ ਮਾਤਾ ਸ੍ਰੀਮਤੀ ਜਾਂਗੀਰ ਕੌਰ ਸਿੱਧੂ ਦੇ ਘਰ ਹੋਇਆ। ਆਪਨੇ ਮੁਢਲੀ ਤੇ ਦਸਵੀਂ ਤੱਕ ਦੀ ਪੜ੍ਹਾਈ ਪਿੰਡ ਦੁਗਾਲ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਬੀ ਏ ਰਣਬੀਰ ਕਾਲਜ ਸੰਗਰੂਰ ਤੋਂ ਪਾਸ ਕੀਤੀ। ਕਾਲਜ ਵਿੱਚ ਬੀਬੀ ਰਾਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ…… ਆਪਦੇ ਜਮਾਤੀ ਸਨ। ਆਪਦੇ ਅੰਗਰੇਜ਼ੀ ਦੇ ਅਧਿਆਪਕ ਡਾ ਰਣਬੀਰ ਸਿੰਘ ਦੱਸਦੇ ਹਨ ਕਿ ਆਪ ਬੜੇ ਮਿਹਨਤੀ ਅਤੇ ਸਿਰੜੀ ਵਿਅਕਤੀ ਸਨ ਤੇ ਆਪਣੇ ਪਿੰਡ ਤੋਂ ਕਾਲਜ ਪੜ੍ਹਨ ਜਾਣ ਲਈ ਆਪ ਹਰ ਰੋਜ ੨੧ ਮੀਲ ਸਾਈਕਲ ਤੇ ਸੰਗਰੂਰ ਪੜ੍ਹਨ ਲਈ ਜਾਂਦੇ ਸਨ। ਇਸ ਪ੍ਰਕਾਰ ਆਪ ਹਰ ਰੋਜ ੪੨ ਮੀਲ ਸਾਈਕਲ ਚਲਾਉਂਦੇ ਸਨ। ਸ੍ਰੀ ਕਾਲੇਕਾ ਇੱਕ ਬਹੁਤ ਹੀ ਦਲੇਰ ਕਿਸਮ ਦਾ ਬਹਾਦਰ ਫਾਈਟਰ ਤੇ ਐਡਵੈਂਚਰਸ ਵਿਅਕਤੀ ਸੀ। ਉਹ ਆਪਣੇ ਪੰਜ ਭਰਾਵਾਂ ਵਿੱਚੋਂ ਚੌਥੇ ਨੰਬਰ ਤੇ ਸੀ। ਮੇਜਰ ਪ੍ਰੀਤਮ ਸਿੰਘ ਦਾ ਸਾਰਾ ਪਰਿਵਾਰ ਬਹੁਤ ਹੀ ਪੜ੍ਹਿਆ ਲਿਖਿਆ ਤੇ ਉੱਚੇ ਅਹੁਦਿਆਂ ਤੇ ਲੱਗਿਆ ਹੋਇਆ ਸੀ। ਸਤਵੰਤ ਸਿੰਘ ਕਾਲੇਕਾ ਦਾ ਵੱਡਾ ਭਰਾ ਪਰਮਿੰਦਰ ਸਿੰਘ ਹਿਮਾਚਲ ਵਿੱਚ ਤਹਿਸੀਲਦਾਰ ਸੀ। ਦੂਜਾ ਭਰਾ ਕੈਪਟਨ ਅਮਰਜੀਤ ਸਿੰਘ ਕਾਲੇਕਾ ਐਡੀਸ਼ਨਲ ਆਬਕਾਰੀ ਤੇ ਕਰ ਕਮਿਸ਼ਨਰ ਰਿਟਾਇਰ ਹੋਇਆ ਹੈ। ਤੀਜਾ ਭਰਾ ਡਾ. ਜਗਜੀਤ ਸਿੰਘ ਅਮਰੀਕਾ ਵਿੱਚ ਹੀ ਡਾਕਟਰ ਹੈ। ਪੰਜਵਾਂ ਭਰਾ ਗੁਰਵੰਤ ਸਿੰਘ ਵੀ ਅਮਰੀਕਾ ਵਿੱਚ ਹੀ ਸੈਟਲ ਹੈ। ਆਪ ਦੀਆਂ ਚਾਰ ਭੈਣਾਂ ਹਨ ਜਿਹੜੀਆਂ ਪੜ੍ਹੀਆਂ ਲਿਖੀਆਂ ਤੇ ਬਹੁਤ ਹੀ ਉੱਚੇ ਘਰਾਣਿਆਂ ਵਿੱਚ ਵਿਆਹੀਆਂ ਹੋਈਆਂ ਹਨ। ਆਪ ਦੀ ਇੱਕ ਭੈਣ ਸ੍ਰੀਮਤੀ ਹਰਿੰਦਰ ਕੌਰ ਪੰਜਾਬ ਦੇ ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ ਦੇ ਮੰਤਰੀ ਸ.੍ਰ ਸੁਰਜੀਤ ਸਿੰਘ ਰੱਖੜਾ ਨੂੰ ਵਿਆਹੀ ਹੋਈ ਹੈ। ਸ੍ਰੀ ਕਾਲੇਕਾ ਮਿਹਨਤੀ ਅਤੇ ਸਿਰੜੀ ਵਿਅਕਤੀ ਸੀ, ਜਿਸ ਕੰਮ ਨੂੰ ਉਹ ਕਰਨ ਦੀ ਠਾਣ ਲੈਂਦਾ ਸੀ ,ਉਸ ਨੂੰ ਕਰਕੇ ਹੀ ਦਮ ਲੈਂਦਾ ਸੀ। ਉਹ ਨਿਡਰ ਕਿਸਮ ਦਾ ਨਿਧੜਕ ਤੇ ਦਲੇਰ ਇਨਸਾਨ ਸੀ। ਉਹ ੧੯੮੨ ਵਿੱਚ ਆਪਣੀ ਪਤਨੀ ਸ੍ਰੀਮਤੀ ਸਤਪਾਲ ਕੌਰ ਨਾਲ ਅਮਰੀਕਾ ਜਾ ਕੇ ਸੈਟਲ ਹੋ ਗਿਆ ਸੀ। ਉਸ ਨੇ ਆਪਣਾ ਕਾਰੋਬਾਰ ਬੜੀ ਮਿਹਨਤ ਨਾਲ ਸਥਾਪਤ ਕੀਤਾ। ਹੋਰ ਕਾਰੋਬਾਰ ਦੇ ਨਾਲ ਆਪਦੇ ਗੈਸ ਸਟੇਸ਼ਨ ਵੀ ਹਨ। ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਈ। ਉਹ ਧਾਰਮਿਕ ਪ੍ਰਵਿਰਤੀ ਦਾ ਮਾਲਕ ਸੀ, ਉਸ ਨੇ ਅੱਗੇ ਲਗ ਕੇ ਸੰਗਤਾਂ ਦੇ ਸਹਿਯੋਗ ਨਾਲ ਓਕ ਕਰੀਕ ਗੁਰੂ ਘਰ ਦੀ ਉਸਾਰੀ ਕਰਵਾਈ ਸੀ। ਆਪ ੧੯੯੮ ਤੋਂ ਲਗਾਤਾਰ ਇਸ ਗੁਰੂ ਘਰ ਦੇ ਮੁੱਖ ਸੇਵਾਦਾਰ ਦੇ ਫਰਜ਼ ਨਿਭਾਉਂਦੇ ਆ ਰਹੇ ਸਨ। ਇੱਕ ਵਾਰ ਇਸ ਗੁਰੂ ਘਰ ‘ਤੇ ਵੀ ਕੁਝ ਵਿਅਕਤੀਆਂ ਨੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪ੍ਰੰਤੂ ਸੰਗਤਾਂ ਨੇ ਆਪ ਨੂੰ ਹੀ ਸੇਵਾ ਕਰਨ ਦਾ ਮੌਕਾ ਦਿੱਤਾ। ਸ੍ਰ. ਕਾਲੇਕਾ ਇੱਕ ਵਿਲੱਖਣ ਕਿਸਮ ਦਾ ਧੜੱਲੇਦਾਰ ਵਿਅਕਤੀ ਸੀ, ਜੇਕਰ ਉਹ ਬਾਕੀ ਸੰਗਤਾਂ ਦੀ ਤਰ੍ਹਾਂ ਹੁੰਦਾ ਤਾਂ ਉਹ ਵੀ ਗੋਲੀ ਤੋਂ ਡਰਦਾ ਮਾਰਾ ਭੱਜ ਕੇ ਆਪਣੀ ਜਾਨ ਬਚਾ ਸਕਦਾ ਸੀ ਪ੍ਰੰਤੂ ਉਸ ਨੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਸਗੋਂ ਸੰਗਤ ਦੇ ਬਚਾਅ ਲਈ ਉਸ ਨੇ ਆਪਣੀ ਜਿੰਦਗੀ ਦਾਅ ਤੇ ਲਾ ਕੇ ਹਮਲਾਵਰ ਦਾ ਟਾਕਰਾ ਕੀਤਾ ਅਤੇ ਹੋਰ ਕਤਲੇਆਮ ਹੋਣ ਤੋਂ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਰੋਕਿਆ। ਇਹ ਉਸ ਦੀ ਸਿੱਖੀ ਸੋਚ ਦੀ ਪ੍ਰਤੀਕ ਇੱਕ ਮਿਸਾਲ ਹੈ, ਜਿਹੜੀ ਇਤਿਹਾਸ ਦਾ ਹਿੱਸਾ ਬਣ ਗਈ ਹੈ। ਸ੍ਰੀ ਕਾਲੇਕਾ ਦੀ ਹਿੰਮਤ ਤੇ ਕੁਰਬਾਨੀ ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਮਿਸਾਲ ਹੈ, ਜਿਹੜੀ ਸੁਨਹਿਰੀ ਅੱਖਰਾਂ ਵਿੱਚ ਲਿਖੀ ਜਾਵੇਗੀ। ਇਸ ਨੂੰ ਕੋਈ ਆਮ ਕੁਰਬਾਨੀ ਨਾ ਸਮਝਿਆ ਜਾਵੇ। ਉਹ ਇੱਕ ਸੱਚਾ ਸੁੱਚਾ ਦੇਸ਼ ਭਗਤ ਸੀ, ਜਿਹੜਾ ਜਿਸ ਦੇਸ਼ ਵਿੱਚ ਰਹਿੰਦਾ ਸੀ ,ਉਸ ਦੇਸ਼ ਦੇ ਕਾਇਦੇ ਕਾਨੂੰਨ ਦੀ ਕਦਰ ਕਰਦਾ ਸੀ। ਉਹ ਆਪਣੇ ਅਮਰੀਕਾ ਵਿੱਚ ਘਰ ਤੇ ਹਮੇਸ਼ਾ ਉਥੋਂ ਦਾ ਝੰਡਾ ਲਗਾ ਕੇ ਰੱਖਦਾ ਸੀ। ਅਮਰੀਕਾ ਸਰਕਾਰ ਨੇ ਉਸ ਨੂੰ ਉਸ ਦੇਸ਼ ਦੇ ਹੀਰੋ ਦਾ ਖਿਤਾਬ ਦਿੱਤਾ ਹੈ। ਉਸ ਦਾ ਵੱਡਾ ਲੜਕਾ ਪ੍ਰਦੀਪ ਸਿੰਘ ਕਾਲੇਕਾ ਪਹਿਲਾਂ ਅਮਰੀਕਾ ਵਿੱਚ ਪੁਲਿਸ ਅਫਸਰ ਸੀ ਅਤੇ ਹੁਣ ਪਰਿਵਾਰ ਦਾ ਬਿਜ਼ਨਸ ਵੇਖਦਾ ਹੈ। ਛੋਟਾ ਲੜਕਾ ਅਮਰਦੀਪ ਸਿੰਘ ਕਾਲੇਕਾ ਫਿਲਮ ਲਾਈਨ ਵਿੱਚ ਹੈ ਤੇ ਉਸ ਨੇ ਨੈਬਰ ਐਂਡਿੰਗ ਲਾਈਟ ਪ੍ਰੋਡਕਸ਼ਨਜ ਸੰਸਥਾ ਬਣਾਈ ਹੋਈ ਹੈ। ਉਸ ਨੂੰ ਫਿਲਮ ਲਾਈਨ ਦਾ ੨੦੧੧ ਵਿੱਚ ਐਮੀ ਐਵਾਰਡ ਵੀ ਮਿਲਿਆ ਹੋਇਆ ਹੈ। ਉਸ ਨੂੰ ਆਪਣੇ ਪਿਤਾ ਦੀ ਬਹਾਦਰੀ ਤੇ ਮਾਣ ਹੈ। ਸਤਵੰਤ ਸਿੰਘ ਕਾਲੇਕਾ ਦਾ ਭਰਾ ਕੈਪਟਨ ਅਮਰਜੀਤ ਸਿੰਘ ਕਾਲੇਕਾ ਵੀ ਆਪਣੇ ਭਰਾ ਦੀ ਬਹਾਦਰੀ ਤੇ ਮਾਣ ਕਰਦਾ ਹੋਇਆ ਕਹਿੰਦਾ ਹੈ ਕਿ ਉਸ ਨੇ ਗੁਰੂ ਗੋਬਿੰਦ ਸਿੰਘ ਦੀ ਸੋਚ ਤੇ ਪਹਿਰਾ ਦਿੰਦਿਆਂ ਕੁਰਬਾਨੀ ਕੀਤੀ। ਮੈਂ ਜਨਵਰੀ ੨੦੦੫ ਵਿੱਚ ਇਸ ਗੁਰਦਵਾਰਾ ਸਾਹਿਬ ਵਿੱਚ ਸਤਵੰਤ ਸਿੰਘ ਕਾਲੇਕਾ ਨਾਲ ਇੱਕ ਘੰਟਾ ਵਿਚਾਰ ਵਟਾਂਦਰਾ ਕੀਤਾ ਸੀ, ਆਪ ਸੱਚੇ ਸ਼ਰਧਾਲੂ ਤੇ ਗੁਰੂ ਘਰ ਦੇ ਆਪਾ ਵਾਰੂ ਸੇਵਕ ਸਨ ਜੋ ਵਿਦੇਸ਼ਾਂ ਵਿੱਚ ਲਗਾਤਾਰ ਸਿੱਖੀ ਦੇ ਪ੍ਰਚਾਰ ਵਿੱਚ ਮਹੱਤਵਪੂਰਨ ਰੋਲ ਅਦਾ ਕਰ ਰਹੇ ਸਨ। ਮੇਰੀ ਉਨ੍ਹਾਂ ਨਾਲ ਹੋਈ ਵਿਚਾਰ ਚਰਚਾ ਤੋਂ ਸਿੱਟਾ ਨਿਕਲਦਾ ਹੈ ਕਿ ਸ੍ਰੀ ਕਾਲੇਕਾ ਸਿੱਖੀ ਵਿੱਚ ਗੜੂੰਦ ਸਨ ਅਤੇ ਸਿੱਖੀ ਸਿਧਾਂਤਾਂ ਤੇ ਪਹਿਰਾ ਦੇਣ ਦੀ ਗੱਲ ਕਰਦੇ ਸਨ। ਉਹ ਇਸ ਗੱਲ ਤੋਂ ਵੀ ਚਿੰਤਤ ਸਨ ਕਿ ਸਿੱਖ ਨੌਜਵਾਨ ਸਿੱਖੀ ਸਿਧਾਂਤਾਂ ਤੋਂ ਦੂਰ ਜਾ ਰਹੇ ਹਨ। ਉਹ ਚਾਹੁੰਦੇ ਸਨ ਕਿ ਅਮਰੀਕਾ ਵਿੱਚ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਸਾਰਥਕ ਉਪਰਾਲੇ ਕੀਤੇ ਜਾਣ ਤਾਂ ਜੋ ਨੌਜਵਾਨੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਿਆ ਜਾ ਸਕੇ
ਸ੍ਰ. ਸਤਵੰਤ ਸਿੰਘ ਕਾਲੇਕਾ ਦੇ ਜੱਦੀ ਪਿੰਡ ਦੁਗਾਲ ਵਿਖੇ ਅੱਜ ੧੨ ਸਤੰਬਰ ਨੂੰ ਉਨ੍ਹਾਂ ਦੀ ਯਾਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ ਅਤੇ ਕੀਰਤਨ ਕਰਵਾਇਆ ਗਿਆ ਹੈ। ਆਉਣ ਵਾਲੀਆਂ ਨਸਲਾਂ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਸਿੱਖੀ ਸਿਦਕ ‘ਤੇ ਪਹਿਰਾ ਦੇਣ ਲਈ ਹਮੇਸ਼ਾ ਤਤਪਰ ਰਹਿਣ।
ਉਜਾਗਰ ਸਿੰਘ
੯੪੧੭੮-੧੩੦੭੨