ਖਾਲਸਾ ਏਡ ਨੋਬੇਲ ਸ਼ਾਂਤੀ ਐਵਾਰਡ ਲਈ ਨਾਮਜ਼ਦ

ਆਕਲੈਂਡ, 18 ਜਨਵਰੀ – ਬਰਤਾਨੀਆ ਆਧਾਰਿਤ ਗ਼ੈਰ-ਸਰਕਾਰੀ ਜਥੇਬੰਦੀ ਖਾਲਸਾ ਏਡ ਨੂੰ ਨੋਬੇਲ ਸ਼ਾਂਤੀ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਕੈਨੇਡਾ ਦੇ ਅਲਬਰਟਾ ਤੋਂ ਸੰਸਦ ਮੈਂਬਰ ਟਿਮ ਉੱਪਲ, ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਤੇ ਬਰੈਂਪਟਨ ਦੱਖਣੀ ਦੇ ਓਨਟਾਰੀਓ ਤੋਂ ਐਮਪੀਪੀ ਪ੍ਰਭਮੀਤ ਸਿੰਘ ਸਰਕਾਰੀਆ ਨੇ ਸਰਕਾਰੀ ਤੌਰ ‘ਤੇ ਖਾਲਸਾ ਏਡ ਨੂੰ ਨੋਬੇਲ ਸ਼ਾਂਤੀ ਐਵਾਰਡ ਲਈ ਨਾਮਜ਼ਦ ਕੀਤਾ ਹੈ।
ਨਾਰਵੇ ਨੋਬੇਲ ਕਮੇਟੀ ਦੇ ਮੁਖੀ ਬੇਰਿਟ ਰੀਸ ਐਂਡਰਸਨ ਨੂੰ ਲਿਖੇ ਪੱਤਰ ਵਿੱਚ ਟਿਮ ਉੱਪਲ ਨੇ ਕਿਹਾ ਹੈ ਕਿ ਖਾਲਸਾ ਏਡ ਇੰਟਰਨੈਸ਼ਨਲ ਐਨਜੀਓ ਹੈ ਜੋ ਆਫ਼ਤਾਂ ਅਤੇ ਸੰਘਰਸ਼ ਵਾਲੇ ਮੁਲਕਾਂ ਵਿੱਚ ਬਿਨਾਂ ਕਿਸੇ ਵਿਤਕਰੇ ਦੇ ਲੋਕਾਂ ਨੂੰ ਸਹਾਇਤਾ ਦਿੰਦੀ ਹੈ। ਸ੍ਰੀ ਉੱਪਲ ਨੇ ਲਿਖਿਆ ਹੈ ਕਿ ਖਾਲਸਾ ਏਡ ਸਿੱਖ ਵਿਚਾਰਧਾਰਾ ਸਰਬੱਤ ਦਾ ਭਲਾ ਤੋਂ ਪ੍ਰੇਰਿਤ ਹੈ ਜਿਸ ਦਾ ਟੀਚਾ ਬਿਨਾਂ ਕਿਸੇ ਨਸਲ, ਧਰਮ ਤੇ ਸਰਹੱਦਾਂ ਦੇ ਲੋੜਵੰਦਾਂ ਦੀ ਸਹਾਇਤਾ ਕਰਨਾ ਹੈ।
ਖਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਸੋਸ਼ਲ ਮੀਡੀਆ ‘ਤੇ ਕਿਹਾ ਹੈ ਕਿ ਉਹ ਨੋਬੇਲ ਸ਼ਾਂਤੀ ਐਵਾਰਡ ਲਈ ਨਾਮਜ਼ਦ ਹੋਣ ‘ਤੇ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਦੁਨੀਆ ਭਰ ਵਿੱਚ ਆਪਣੀ ਟੀਮ ਤੇ ਵਲੰਟੀਅਰਾਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਦੀ ਬਦੌਲਤ ਇਸ ਵੱਕਾਰੀ ਐਵਾਰਡ ਲਈ ਜਥੇਬੰਦੀ ਦੀ ਨਾਮਜ਼ਦਗੀ ਹੋਈ ਹੈ।