ਖੇਡ ਕਬੱਡੀ ਦੇ ਅਮੀਰ ਝਲਕਾਰਿਆਂ ਦਾ ਗਵਾਹ ਬਣੇਗਾ ਦਾਊਧਰ ਕਬੱਡੀ ਕੱਪ

19 ਦਸੰਬਰ ਨੂੰ ਵਰਲਡ ਕੱਪ ਤੋਂ ਬਾਅਦ ਪਹਿਲੀ ਵਾਰ ਮੈਦਾਨ ਵਿੱਚ ਦਿਸਣਗੀਆਂ ਸਕਰੀਨਾਂ
ਪੰਜਾਬੀਆ ਦੀ ਮਹਿਬੂਬ ਖੇਡ ਕਬੱਡੀ ਦੇ ਕਬੱਡੀ ਕੱਪਾਂ ਨੇ ਇਸ ਸਮੇਂ ਸਮੁੱਚੇ ਪੰਜਾਬ ਵਿੱਚ ਕਬੱਡੀ ਕਬੱਡੀ ਕੀਤੀ ਹੋਈ ਹੈ। ਪਰਵਾਸੀ ਵੀਰਾਂ ਦੀ ਬੁੱਕਲ ਦਾ ਮੋਹ ਮਾਣ ਕੇ ਜਵਾਨੀ ਦੀ ਦਹਿਲੀਜ਼ ਤੇ ਚੜੀ ਖੇਡ ਕਬੱਡੀ ਅੱਜ ਭਰ ਜੋਬਨ ‘ਤੇ ਹੁੰਦੀ ਹੋਈ ਲੋਕ ਬੁੱਲ੍ਹਾਂ ‘ਤੇ ਲੋਕ ਗੀਤਾਂ ਦੀ ਨਾਇਕਾਂ ਬਣ ਕੇ ਮਨੁੱਖੀ ਜਾਤ ਵਿੱਚ ਚਰਚਾ ਕਰਵਾ ਰਹੀ ਹੈ। ਖੇਡ ਕਬੱਡੀ ਦੇ ਹੁੰਦੇ ਮਾਣ ਮੱਤੇ ਤੇ ਸ਼ਾਨਾਂ ਮੱਤੇ ਕਬੱਡੀ ਕੱਪਾਂ ਦੀ ਲੜੀ ਵਿੱਚ ਕਬੱਡੀ ਦੇ ਮਹਾਂ ਕੁੰਭ ਵਜੋਂ ਜਾਣੇ ਜਾਦੇ ਦਾਊਧਰ ਕਬੱਡੀ ਕੱਪ ਨੂੰ ਸ਼ਿੱਦਤ ਨਾਲ ਸ਼ਾਮਿਲ ਕੀਤਾ ਜਾ ਸਕਦਾ ਹੈ। ਪੰਜਾਬ ਦੀਆਂ ਖੇਡ ਫਿਜਾਵਾਂ ਵਿੱਚ ਲੋਕ ਬੁੱਲ੍ਹਾਂ ਤੇ ਪ੍ਰਬੰਧਾਂ ਤੇ ਅਮੀਰ ਖੇਡ ਝਲਕਾਰਿਆਂ ਦੀ ਵੱਡੀ ”ਬ੍ਰੇਕਿੰਗ ਨਿਊਜ਼” ਬਣਿਆ ਦਾਊਧਰ ਕਬੱਡੀ ਕੱਪ ਇਸ ਵਾਰ 19 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ। ਪੰਜਾਬ ਵਿੱਚ ਦਾਊਧਰ ਕਬੱਡੀ ਕੱਪ ਅਜਿਹਾ ਪਹਿਲਾ ਕਬੱਡੀ ਕੱਪ ਹੈ, ਜਿੱਥੇ ਮੈਦਾਨ ਵਿੱਚ ਪੰਜਾਬ ਸਰਕਾਰ ਦੇ ਵਰਲਡ ਕਬੱਡੀ ਕੱਪ ਦੀ ਤਰਜ਼ ਤੇ ਮੈਦਾਨ ਵਿੱਚ ਜਿੱਥੇ ਸਕਰੀਨਾਂ ਨਜ਼ਰ ਆਉਣਗੀਆਂ, ਉੱਥੇ ਇਸ ਕੱਪ ਵਿੱਚ ਪਹਿਲੀ ਵਾਰ ਇਲੈਕਟ੍ਰੋਨਿਕ ਸਕੋਰ ਬੋਰਡ ਵੀ ਨਜ਼ਰ ਆਏਂਗਾ।
ਅੱਜ ਤੋ ਪੰਜ ਵਰ੍ਹੇ ਪਹਿਲਾਂ ਹੋਂਦ ਵਿੱਚ ਆਈ ਰਾਣਾ ਸਪੋਰਟਸ ਐਂਡ ਕਲਚਰਲ ਵੈਲਫੇਅਰ ਕਲੱਬ ਦਾਊਧਰ ਦਾ ਨਾਮ ਕਾਫੀ ਉੱਘੜਵਾਂ ਹੈ। ਇਸ ਸੰਸਥਾ ਦਾ ਗਠਨ ਕੈਲਗਰੀ ਨਿਵਾਸੀ ਬਹੁਤ ਹੀ ਉੱਦਮੀ, ਸਮਾਜ ਸੇਵੀ ਤੇ ਉਤਸ਼ਾਹੀ ਨੌਜਵਾਨ ਗੁਰਪ੍ਰੀਤ ਸਿੰਘ ਰਾਣਾ ਸਿੱਧੂ ਅਤੇ ਪ੍ਰਸਿੱਧ ਬਿਜ਼ਨਸਮੈਨ ਸ. ਅਮਰਪ੍ਰੀਤ ਸਿੰਘ ਬੈਂਸ ਦੇ ਯਤਨਾਂ ਸਦਕਾ ਕੀਤਾ ਗਿਆ। ਗੁਰਪ੍ਰੀਤ ਸਿੰਘ ਰਾਣਾ ਸਿੱਧੂ ਜੋ ਕਿ ਐਨ ਆਰ ਆਈ ਸਭਾ ਕੈਲਗਰੀ ਦੇ ਵੀ ਪ੍ਰਧਾਨ ਹਨ। ਕੈਲਗਰੀ ਦੇ ਉੱਘੇ ਬਿਜ਼ਨਸਮੈਨ ਤੇ ਹਰਮਨ ਪਿਆਰੀ ਸ਼ਖਸੀਅਤ ਸ. ਅਮਰਪ੍ਰੀਤ ਸਿੰਘ ਬੈਂਸ ਕਲੱਬ ਦੇ ਚੇਅਰਮੈਨ ਹਨ ਜਦੋਂ ਕਿ ਸਰਪ੍ਰਸਤ ਮਾਸਟਰ ਸ਼ਮਸ਼ੇਰ ਸਿੰਘ ਸਿੱਧੂ, ਮੀਤ ਪ੍ਰਧਾਨ ਕਮਲਪ੍ਰੀਤ ਸਿੱਧੂ, ਜਨਰਲ ਸਕੱਤਰ ਜਸਜੀਤ ਸਿੰਘ ਧਾਮੀ, ਵਿੱਤ ਸਕੱਤਰ ਜੋਰਾ ਸਿੰਘ ਸਿੱਧੂ, ਮੀਤ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਹਨ। ਖੇਡਾਂ ਅਤੇ ਸਮਾਜ ਭਲਾਈ ਦੇ ਉਦੇਸ਼ ਨੂੰ ਕੌਮਾਂਤਰੀ ਪੱਧਰ ‘ਤੇ ਲਿਜਾਂਦਿਆਂ ਸੰਨ 2007 ਵਿੱਚ ਰਾਣਾ ਸਪੋਰਟਸ ਕਲੱਬ ਕੈਲਗਰੀ ਕੈਨੇਡਾ ਦਾ ਵੀ ਗਠਨ ਕੀਤਾ ਗਿਆ। ਰਾਣਾ ਸਪੋਰਟਸ ਕਲੱਬ ਕੈਲਗਰੀ ਅਤੇ ਰਾਣਾ ਸਪੋਰਟਸ ਐਂਡ ਕਲਚਰਲ ਕਲੱਬ ਦਾਊਧਰ ਵਲੋਂ ਖੇਡਾਂ ਦੇ ਨਾਲ-ਨਾਲ ਸਮਾਜ ਭਲਾਈ ਦੇ ਕੰਮਾਂ ਨੂੰ ਵੀ ਤਰਜੀਹ ਦਿੱਤੀ ਜਾਂਦੀ ਹੈ। ਕਲੱਬ ਵਲੋਂ ਪਿੰਡਾਂ ਵਿੱਚ ਲੋੜਵੰਦ ਤੇ ਗਰੀਬਾਂ ਦੀ ਸਹਾਇਤਾ ਲਈ ਵਸਤਰ ਵੰਡੇ ਜਾਂਦੇ ਹਨ। ਗਰੀਬ ਪਰਿਵਾਰਾਂ ਦੀਆਂ ਬੱਚੀਆਂ ਦੇ ਹੱਥ ਪੀਲੇ ਕਰਨ ਲਈ ਯੋਗ ਸਹਾਇਤਾ ਕੀਤੀ ਜਾਂਦੀ ਹੈ। ਸਕੂਲਾਂ ਵਿੱਚ ਲੋੜਵੰਦ ਬੱਚਿਆਂ ਲਈ ਵਰਦੀਆਂ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਖੇਡ ਕਿੱਟਾਂ ਵੰਡੀਆਂ ਜਾਂਦੀਆਂ ਹਨ। ਕਲੱਬ ਵਲੋਂ ਮੁਫ਼ਤ ਮੈਡੀਕਲ ਕੈਂਪ ਵੀ ਆਯੋਜਿਤ ਕੀਤੇ ਜਾਂਦੇ ਹਨ। ਦਾਊਧਰ ਕਬੱਡੀ ਕੱਪ ਦੀਆਂ ਤਿੰਨ ਬਰਾਂਡਿਡ ਸ਼ਖਸੀਅਤਾਂ ਤੇ ਆਉ ਤੇ ਨਜ਼ਰ ਮਾਰੀਏ.. ।
ਰਾਣਾ ਸਿੱਧੂ :- ਪੰਜਾਬੀਆਂ ਨੇ ਦੁਨੀਆ ਨੇ ਜਿਸ ਕੋਨੇ ਵਿੱਚ ਪੈਰ ਪਾਏ, ਉੱਥੇ ਸਥਾਪਿਤ ਹੁੰਦਿਆਂ ਆਪਣੀ ਮਾਂ ਬੋਲੀ, ਆਪਣਾ ਧਰਮ, ਵਿਰਸਾ, ਸੱਭਿਆਚਾਰ ਤੇ ਖੇਡਾਂ ਨੂੰ ਸਥਾਪਿਤ ਕਰਨ ਲਈ ਹਮੇਸ਼ਾ ਹੀ ਯਤਨਸ਼ੀਲ ਰਹੇ ਹਨ। ਪੌਂਡਾਂ ਤੇ ਡਾਲਰਾਂ ਦੀ ਧਰਤੀ ਤੇ ਸਥਾਪਤ ਹੋਏ ਪੰਜਾਬੀਆ ਨੇ ਰਜਵੀਂ ਮਿਹਨਤ ਕਰਕੇ ਕਈ ਨਿਵੇਕਲੇ ਇਤਿਹਾਸ ਸਿਰਜੇ ਹਨ। ਜੇਕਰ ਪਰਵਾਸੀਆਂ ਪੰਜਾਬੀਆ ਵਲੋਂ ਸਿਰਜੇ ਇਤਿਹਾਸ ਦੇ ਖੇਡ ਪੰਨਿਆਂ ‘ਤੇ ਨਜ਼ਰ ਮਾਰੀ ਜਾਵੇ ਤਾਂ ਖੇਡ ਕਬੱਡੀ ਨੂੰ ਪਰਮੋਟ ਕਰਨ ਵਾਲੇ ਸਭ ਯਤਨਾਂ ਦੇ ਪ੍ਰਮੁੱਖ ਭਾਈਵਾਲ ਵੀ ਪ੍ਰਵਾਸੀ ਵੀਰ ਹਨ। ਪਰਵਾਸੀਆਂ ਦੀ ਇਸੇ ਮਾਨ ਮਤੀ ਲੜੀ ਵਿੱਚ ਗੁਰਪ੍ਰੀਤ ਸਿੰਘ ਸਿੱਧੂ ਉਰਫ਼ ਰਾਣਾ ਸਿੱਧੂ ਦਾਊਧਰ ਨੂੰ ਬੜੀ ਸ਼ਿੱਦਤ ਨਾਲ ਸ਼ਾਮਿਲ ਕੀਤਾ ਜਾ ਸਕਦਾ ਹੈ। ਕੈਨੇਡਾ ਦੇ ਸ਼ਹਿਰ ਕੈਲਗਰੀ ਵਸਦੇ ਸਫਲ ਪੰਜਾਬੀਆ ‘ਚ ਇੱਕ ਰਾਣਾ ਸਿੱਧੂ ਨੇ ਕੈਨੇਡਾ ਦੇ ਪੌਣ ਪਾਣੀ ‘ਚ ਸੈਟਲ ਫਿਰ ਬਿੱਲ ਸੈਟਲ ਹੁੰਦਿਆਂ ਹੀ ਕਬੱਡੀ ਨੂੰ ਪਰਮੋਟ ਕਰਨਾ ਸ਼ੁਰੂ ਕਰ ਦਿੱਤਾ ਹੈ। ਯਾਰਾ ਦੇ ਯਾਰ, ਮਿਲਣ ਸਾਰ ਤੇ ਮਿਲਾਪੜੇ ਸੁਭਾਅ ਵਾਲੇ ਰਾਣੇ ਦੀ ਅਗਵਾਈ ਵਿੱਚ 2007 ਨੂੰ ਰਾਣਾ ਕਬੱਡੀ ਕਲੱਬ ਦਾਊਧਰ ਦੀ ਟੀਮ ਹੋਂਦ ਵਿੱਚ ਆਈ ਇਸ ਟੀਮ ਵਿੱਚ ਪਿੰਡ ਦੇ ਅੰਤਰਰਾਸ਼ਟਰੀ ਸਟਾਰ ਜਿਵੇਂ ਵਰਿੰਦਰ ਦਾਊਧਰ, ਪੀਤਾ ਦਾਊਧਰ, ਸ਼ਿਦਾ ਦਾਊਧਰ, ਸੰਦੂਰਾ ਦਾਊਧਰ, ਮਾਣਾ ਦਾਊਧਰ, ਬੂਟਾ ਦਾਊਧਰ, ਕੀਪਾਂ ਦਾਊਧਰ, ਬਿੱਟੂ ਦਾਊਧਰ ਆਦਿ ਖਿਡਾਰੀਆ ਦੀ ਖੇਡ ਨੇ ਕਬੱਡੀ ਮੈਦਾਨਾਂ ਵਿੱਚ ਤਿੱਖਿਆਂ ਗੰਡਾਸਿਆਂ ਨੂੰ ਗਾਟਿਆਂ ਦੀ ਭਾਲ ਵਾਲਾ ਸਾਹ ਰੋਕ ਵਾ ਪ੍ਰਦਰਸ਼ਨ ਕੀਤਾ। ਪੰਜਾਬ ਵਿੱਚ ਇਸ ਟੀਮ ਨੇ 120 ਕਬੱਡੀ ਕੱਪ ਖੇਡੇ ਜਦੋਂ ਕਿ ੮੫ ਕੱਪਾਂ ਵਿੱਚ ਪਹਿਲੇ ਸਥਾਨ ਤੇ ਰਹਿਣ ਦਾ ਮਾਣ ਹੈ। ਕਬੱਡੀ ਖੇਡ ਜਗਤ ਵਿੱਚ ਵਧੀਆ ਖੇਡ ਪ੍ਰਾਪਤੀਆਂ ਕਰਨ ਵਾਲੇ ਅੰਤਰਰਾਸ਼ਟਰੀ ਕਬੱਡੀ ਸਟਾਰ ਵਰਿੰਦਰ ਦਾਊਧਰ ਨੂੰ ਸਕਾਰਪਿਉ ਗੱਡੀ ਨਾਲ ਸਨਮਾਨਿਆ ਗਿਆ। ਜਦੋਂ ਕਿ 8 ਵਰਲਡ ਕਬੱਡੀ ਕੱਪ ਖੇਡ ਚੁੱਕੇ ਅੰਤਰਰਾਸ਼ਟਰੀ ਖਿਡਾਰੀ ਗੱਗੀ ਲੋਪੋ ਨੂੰ ਬੂਲਟ ਮੋਟਰ-ਸਾਈਕਲ ਨਾਲ ਨਿਵਾਜਿਆ ਗਿਆ। ਇਹ ਸਭ ਮਾਨ ਸਨਮਾਨ ਰਾਣਾ ਸਿੱਧੂ ਦੇ ਖੇਡ ਕਬੱਡੀ ਨਾਲ ਮੋਹ ਦੀਆ ਨਵੀਆਂ ਬਾਤਾ ਪਾਉਂਦੇ ਹਨ। ਦੁਨੀਆ ਵਿੱਚ ਚੰਗੇ ਮਾੜੇ ਦੀ ਪਰਖ ਰੱਖਣ ਵਾਲਾ, ਸੱਚਾ ਵਤਨ ਪ੍ਰੇਮੀ ਹਮੇਸ਼ਾ ਖਿੜਿਆਂ ਖਿੜਿਆਂ ਰਹਿਣ ਵਾਲਾ ਚਾਕਲੇਟੀ ਗੱਭਰੂ ਰਾਣਾ ਸਿੱਧੂ ਦਾਊਧਰ ਕਬੱਡੀ ਕੱਪ ਨੂੰ ਖੇਡਾਂ ਦੇ ਨਕਸ਼ੇ ਤੇ ਮਾਣ ਮੱਤੀਂ ਥਾਂ ਦਿਵਾਉਣ ਵਿੱਚ ਬਖ਼ੂਬੀ ਕਾਮਯਾਬ ਹੋਇਆ ਹੈ।
ਅਮਰਪ੍ਰੀਤ ਸਿੰਘ ਬੈਂਸ :- ਦੋਆਬਾ ਦੇ ਜਿਲ੍ਹਾ ਜਲੰਧਰ ਦੇ ਕਸਬਾ ਤਲਵਣ ਨੇੜੇ ਪੈਂਦੇ ਪਿੰਡ ਸ਼ਾਦੀਪੁਰ ਨਾਲ ਸਬੰਧ ਰੱਖਣ ਵਾਲੇ ਅਮਰਪ੍ਰੀਤ ਸਿੰਘ ਬੈਂਸ ਦਾ ਸਬੰਧ ਭਾਵੇ ਦੋਆਬੇ ਨਾਲ ਹੈ ਪਰ ਦਾਊਧਰ ਕਬੱਡੀ ਕੱਪ ਦੇ ਪ੍ਰਬੰਧਕਾਂ ਨਾਲ ਕਾਫੀ ਗੂੜੀ ਤੇ ਦਿਲੀ ਸਾਂਝ ਹੈ। ਜਿਸ ਕਰਕੇ ਉਹ ਦਾਊਧਰ ਕਬੱਡੀ ਕਲੱਬ ਦਾ ਚੇਅਰਮੈਨ ਹੈ। ਅਮਰਪ੍ਰੀਤ ਸਿੰਘ ਨੇ ਇਸ ਸਬੰਧੀ ਗੱਲ ਕਰਦਿਆਂ ਕਿਹਾ ਕਿ ਮੇਰੀ ਰਾਣਾ ਸਿੱਧੂ ਤੇ ਜੋਰਾ ਸਿੱਧੂ ਤੋ ਇਲਾਵਾ ਇਸ ਕਲੱਬ ਦੇ ਸਾਰੇ ਮੈਂਬਰਾਂ ਨਾਲ ਮੇਰੀ ਦਿਲੀ ਸਾਂਝ ਹੈ ਪਰ ਮੈ ਸ਼ੁਰੂਆਤ ਸਮੇਂ ਦਾਊਧਰ ਦੇ ਸੰਤ ਮਹਾਂਪੁਰਸ਼ ਦੇ ਦਰਸ਼ਨਾਂ ਲਈ ਗਿਆ ਸੀ, ਪਰ ਜੋ ”ਸਕੂਨ” ਮੈਨੂੰ ਦਾਊਧਰ ਜਾ ਕੇ ਮਿਲਿਆ ਸੀ। ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਕੈਨੇਡਾ ਦੇ ਸ਼ਹਿਰ ਕੈਲਗਰੀ ‘ਚ ਰਹਿਣ ਤੇ ਏਸ਼ੀਅਨ ਭਾਈਚਾਰੇ ‘ਚ ਉੱਘੇ ਕਾਰੋਬਾਰੀ ਵਜੋਂ ਜਾਣੇ ਜਾਦੇ ਅਮਰਪ੍ਰੀਤ ਸਿੰਘ ਬੈਂਸ ਨੇ ਕਿਹਾ ਕਿ ਖੇਡ ਕਬੱਡੀ ਸਾਡੀਆਂ ਰਗਾਂ ਵਿੱਚ ਰਚੀ ਵਸੀ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਅੱਥਰੇ ਜ਼ੋਰ ਦੀ ਮੂੰਹ ਬੋਲਦੀ ਗੱਲ ਕਰਦੀ ਖੇਡ ਕਬੱਡੀ ਇਸ ਸਮੇਂ ਕਬੱਡੀ ਖਿਡਾਰੀ ਲਈ ਇੱਕ ਵੱਡੀ ਮਾਰਕੀਟ ਬਣ ਚੁੱਕੀ ਹੈ। ਪੰਜਾਬ ਸਰਕਾਰ ਦੀ ਖੇਡ ਨੀਤੀ ਦਾ ਖੂਬਸੂਰਤ ਸਿਰਨਾਵਾਂ ਬਣੀ ਖੇਡ ਕਬੱਡੀ ਨੇ ਵਿਸ਼ਵ ਭਰ ਵਿੱਚ ਆਪਣੀ ਚਰਚਾ ਕਰਵਾਈ ਹੈ। ”ਨਸ਼ਿਆਂ ਨੂੰ ਨਾਂਹ, ਕਬੱਡੀ ਨੂੰ ਹਾਂ” ਵਰਗੇ ਨਾਅਰੇ ਨੇ ਖੇਡ ਕਬੱਡੀ ਨੂੰ ਨਵੀਂ ਰੰਗਤ ਦਿੱਤੀ ਹੈ। ਉਨ੍ਹਾਂ ਅੱਗੇ ਕਿਹਾ ਕੀ ਕਬੱਡੀ ਵਾਂਗ ਹੀ ਪੰਜਾਬ ਦੀਆ ਦੇਸੀ ਖੇਡਾਂ ਨੂੰ ਵੀ ਖੇਡ ਨੀਤੀ ਬਣਾ ਕੇ ਵਧੀਆ ਢੰਗ ਨਾਲ ਪਰਮੋਟ ਕੀਤਾ ਜਾਵੇ। ਦਾਊਧਰ ਕਬੱਡੀ ਕੱਪ ਦੀ ਗੱਲ ਕਰਦਿਆ ਅਮਰਪ੍ਰੀਤ ਬੈਂਸ ਨੇ ਕਿਹਾ ਕਿ ੨੦ ਲੱਖ ਦੇ ਵਿਸ਼ਾਲ ਬਜਟ ਵਾਲੇ ਦਾਊਧਰ ਕਬੱਡੀ ਕੱਪ ਦਾ ਖੇਡ ਕਬੱਡੀ ਦੇ ਸਿਰਨਾਵੇਂ ਤੇ ਵੱਖਰਾ ਸਥਾਨ ਹੈ। ਇਸ ਕਬੱਡੀ ਕੱਪ ਤੋਂ ਕਾਫੀ ਸਮਾਂ ਪਹਿਲਾ ਹੀ ਕਬੱਡੀ ਕੱਪ ਦੇ ਇਸ਼ਤਿਹਾਰ ਛਪਦੇ, ਕੰਧਾਂ ‘ਤੇ ਲਿਖਿਆ ਜਾਂਦੇ, ਮਸ਼ਹੂਰੀਆਂ ਕਰਵਾਈਆਂ ਜਾਂਦੀਆਂ, ਬੈਨਰ ਲੱਗਦੇ, ਮੀਡੀਏ ਰਾਹੀਂ ਪ੍ਰਚਾਰ ਕੀਤਾ ਜਾਂਦਾ, ਤਸਵੀਰਾਂ ਵਾਲੇ ਹੋਰਡਿੰਗ ਗੱਡੇ ਜਾਂਦੇ, ਗੱਡੀਆਂ ਘੁੰਮਦੀਆਂ, ਲਾਊਡ ਸਪੀਕਰ ਵੱਜਦੇ, ਝੰਡੇ ਝੂਲਦੇ ਤੇ ਪਾਰਟੀਆਂ ਹੁੰਦੀਆਂ ਹਨ। ਕਬੱਡੀ ਦੇ ਫਾਈਨਲ ਮੈਚ ਵਾਲੇ ਦਿਨ ਦਾਊਧਰ ਬਾਬੇ ਕੇ ਸਟੇਡੀਅਮ ਵਿੱਚ 30-35 ਹਜ਼ਾਰ ਕਬੱਡੀ ਪ੍ਰੇਮੀਆਂ ਦਾ ਇਕੱਠ ਵੇਖਣਯੋਗ ਹੁੰਦਾ ਹੈ। ਇਕ-ਇਕ ਕਬੱਡੀ ਉਪਰ ਖਿਡਾਰੀਆਂ ਉਪਰ ਨੋਟਾਂ ਦਾ ਮੀਂਹ ਵਰ੍ਹਦਾ ਹੈ। ਸ਼ਾਮ ਨੂੰ ਕਬੱਡੀ ਦਾ ਨਜ਼ਾਰਾ ਇਕ ਵੱਖਰਾ ਹੀ ਦ੍ਰਿਸ਼ ਪੇਸ਼ ਕਰਦਾ ਹੈ।
ਜੋਰਾ ਸਿੱਧੂ – ਦਾਊਧਰ ਕਬੱਡੀ ਕੱਪ ਦੇ ਪ੍ਰਮੁੱਖ ਥੰਮ੍ਹਾਂ ‘ਚ ਸ਼ੁਮਾਰ ਤੇ ਵੱਡੇ ਹੁਕਮਾਂ ਤੇ ਕਮਾਂਡ ਰੱਖਣ ਵਾਲਾ ਜੋਰਾ ਸਿੱਧੂ ਇਸ ਕਬੱਡੀ ਕੱਪ ਨੂੰ ਲੋਕ ਚੇਤਿਆ ‘ਚ ਵਸਾਉਣ ਵਾਲੀਆ ਸਭ ਸਕੀਮਾਂ ਦਾ ਪ੍ਰਮੁੱਖ ਭਾਈ ਵਾਲ ਹੈ। ਦਾਊਧਰ ਕਬੱਡੀ ਕੱਪ ਨੂੰ ਥੋੜੇ ਸਮੈ ਵਿੱਚ ਖੇਡ ਨਕਸ਼ੇ ਤੇ ਵੱਡੀ ਥਾਂ ਹਾਸਿਲ ਕਰਵਾਉਣ ਵਾਲੇ ਜੋਰਾ ਸਿੱਧੂ ਦਾ ਬਚਪਨ ਤੋ ਹੀ ਝੁਕਾਅ ਖੇਡਾਂ ਵੱਲ ਰਿਹਾ ਹੈ। ਖੇਡ ਕਬੱਡੀ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋ ਨੂੰ ਲੈ ਕੇ ਚਿੰਤਤ ਜੋਰਾ ਸਿੱਧੂ ਨੇ ਕਿਹਾ ਕਿ ਕਬੱਡੀ ਕੱਪਾਂ ਦੀ ਬਹੁਤਾਤ ਹੀ ਕਬੱਡੀ ਖਿਡਾਰੀਆ ਨੂੰ ਕਿਤੇ ਨਾ ਕਿਤੇ ਨਸ਼ੀਲੇ ਪਦਾਰਥਾਂ ਦੇ ਸੇਵਨ ਵੱਲ ਪ੍ਰੇਰਦੀ ਹੈ। ਪਰ ਜੇਕਰ ਕਬੱਡੀ ਕੱਪਾਂ ਦੀ ਗਿਣਤੀ ਘਟਾ ਕੇ ਅਰਥਾਤ ਇਨਾਮ ਵਧਾ ਦਿੱਤੇ ਜਾਣ ਤਾਂ ਖੇਡ ਕਬੱਡੀ ਨੂੰ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋ ਬਚਾਇਆਂ ਜਾ ਸਕਦਾ ਹੈ। ਇਸ ਨਾਲ ਕਬੱਡੀ ਖਿਡਾਰੀਆ ਵਿੱਚ ਸਰੀਰਕ ਐਨਰਜੀ ਵੀ ਵਧੇਗੀ। ਜ਼ੋਰੇ ਨੇ ਅੱਗੇ ਕਿਹਾ ਕਿ ਪੰਜਾਬ ਵਿਚਲੇ ਕੱਪਾਂ ਨੂੰ ਤਰਤੀਬ ਵਿੱਚ ਲਿਆਉਣ ਲਈ ਤੇ ਖਿਡਾਰੀਆ ਨੂੰ ਨਸ਼ਿਆਂ ਤੋ ਬਚਾਉ ਲਈ ਕਬੱਡੀ ਕੱਪਾਂ ਨੂੰ ਘਟਾ ਕੇ ”ਗਾਇਪ” ਪੈਣ ਵਾਲੇ ਸਾਲਾ ਦਾ ਇਨਾਮ ਵਧਾ ਕੇ ਖਿਡਾਰੀਆ ਦੇ ਆਰਥਿਕ ਪੱਖ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਦਾਊਧਰ ਕਬੱਡੀ ਕੱਪ ਪੰਜਾਬ ਦੇ ਸਭ ਕਬੱਡੀ ਕੱਪਾਂ ‘ਚ ਵਿਲੱਖਣਤਾ ਰੱਖਦਾ ਹੈ ਕਿਉਂਕਿ ਇਸ ਕਬੱਡੀ ਕੱਪ ਵਿੱਚ ਤਿੰਨੇ ਦਿਨ ਖੀਰ, ਕੜਾਹ, ਦੁੱਧ ਪੱਤੀ, ਸਵਾਦਿਸ਼ਟ ਦਾਲਾਂ ਸਬਜ਼ੀਆਂ ਤੋਂ ਇਲਾਵਾ ਫੁਲਕਿਆਂ ਦਾ ਲੰਗਰ ਬੇ ਰੋਕ ਚਲਦਾ ਹੈ। ਅੰਦਾਜ਼ਨ 16 ਤੋ 20 ਕੁਆਇੰਟਲ ਆਟਾ ਲੱਗਦਾ ਹੈ। 150 ਤੋਂ ਵੱਧ ਔਰਤਾਂ ਵਲੋਂ ਰਲ ਮਿਲ ਕੇ ਫੁਲਕੇ ਤਿਆਰ ਕੀਤੇ ਜਾਂਦੇ ਹਨ। ਜੋਰਾ ਸਿੱਧੂ ਨੇ ਅੱਗੇ ਕਿਹਾ ਕਿ ਸਾਡਾ ਕਲੱਬ ਖੇਡਾਂ ਤੋ ਇਲਾਵਾ ਗਰੀਬ ਕੁੜੀਆਂ ਦੇ ਵਿਆਹ ਲਈ ਘੱਟੋ-ਘੱਟ 5100 ਰੁਪਏ ਸ਼ਗਨ ਤੇ ਲੋੜਵੰਦਾਂ ਨੂੰ ਰੁੱਤ ਅਨੁਸਾਰ ਕੱਪੜੇ ਲੈ ਕੇ ਦਿੱਤੇ ਜਾਦੇ ਹਨ। ਆਪਣੇ ਪਿੰਡ ਦਾਊਧਰ ਨੂੰ ਪੰਜਾਬ ਦੇ ਸ਼ਾਨਦਾਰ ਨਮੂਨੇ ਵਾਲੇ ਪਿੰਡ ਨੂੰ ਵੇਖਣ ਵਜੋਂ ਘਰਾਂ ਦੇ ਬਾਹਰ ਵੱਡੇ ਕੂੜੇ ਦਾਨ ਬਾਕਸ ਲਗਾਏ ਜਾ ਰਹੇ ਹਨ ਤਾਂ ਕਿ ਪਿੰਡ ਸਫਾਈ ਪੱਖੋਂ ਬਾਕੀ ਪਿੰਡਾ ਤੋਂ ਵਿਲੱਖਣ ਨਜ਼ਰ ਆਵੇ ਪਿੰਡ ਦੀ ਹਾਕੀ ਟੀਮ ਨੂੰ ਕਿਸੇ ਪੱਖੋਂ ਵੀ ਕੋਈ ਕਮੀ ਨਾ ਰਹੇ। ਇਸ ਕਰਕੇ ਖੇਡ ਕਿੱਟ ਸਰਵੋਤਮ ਤੋ ਸਰਵੋਤਮ ਦਿੱਤੀ ਜਾਦੀ ਹੈ। ਇਸੇ ਤਰ੍ਹਾਂ ਕਬੱਡੀ ਦੀ ਟੀਮ ਦੇ ਕੈਂਪ ਸਮੇਂ ਖਿਡਾਰੀਆਂ ਦੀ ਡਾਇਟ, ਰਿਹਾਇਸ਼, ਮੈਡੀਸਨ ਤੇ ਹੋਰ ਸਹੂਲਤਾਂ ਬੀ ਕਲੱਬ ਵਲੋਂ ਵੀ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਦਾਊਧਰ ਕਬੱਡੀ ਕੱਪ ਦੇ ਹੋਰ ਪ੍ਰਬੰਧਾਂ ਵਿੱਚ ਮਾਸਟਰ ਸ਼ਮਸ਼ੇਰ ਸਿੰਘ ਸਰਪ੍ਰਸਤ, ਅਮਰਜੀਤ ਸਿੱਧੂ ਯੂ. ਐਸ. ਏ., ਹਰਜਿੰਦਰ ਸਿੱਧੂ ਸਰੀ ਕੈਨੇਡਾ, ਕਮਲਪ੍ਰੀਤ ਸਿੱਧੂ ਕੈਲਗਰੀ ਕੈਨੇਡਾ, ਰੇਸ਼ਮ ਸਿੱਧੂ ਕੈਲਗਰੀ ਕੈਨੇਡਾ, ਚਮਕੌਰ ਸਿੱਧੂ ਮਨੀਲਾ, ਗੁਰਪ੍ਰੀਤ ਸਿੱਧੂ ਯੂ. ਐਸ. ਏ., ਜ਼ੋਰਜ਼ ਬਰਾੜ ਕੈਲਗਰੀ, ਗੁਰਵਿੰਦਰ ਢਿੱਲੋਂ, ਲੱਖਾਂ ਸਹਿਜ ਪਾਲ ਸਰੀ ਕੈਨੇਡਾ, ਬੂਟਾ ਸਿੰਘ ਸਿੱਧੂ ਸਰੀ ਕੈਨੇਡਾ, ਨਿਰਮਲ ਸਿੰਘ ਘੋਲੀਆ, ਸ਼ਰਨਜਤਿ ਸਿੰਘ ਰੂਬੀ, ਦਰਸ਼ਨ ਸਿੰਘ ਗਿੱਲ, ਸ਼ੀਰਾ ਸਰੀ ਕੈਨੇਡਾ, ਹਰਪ੍ਰੀਤ ਸਿੱਧੂ, ਮਾਸਟਰ ਬਲਵੀਰ ਸਿੰਘ ਤੇ ਬਾਬਾ ਕੂੰਢਾ ਸਿੰਘ ਲੰਗਰਾਂ ਵਾਲੇ ਪ੍ਰਮੁੱਖ ਹਨ।
ਹਰਮਿੰਦਰ ਢਿੱਲੋਂ ਮੋ ਸਾਹਿਬ
ਪਿੰਡ ‘ਤੇ ਡਾਕਖਾਨਾ ਮੋਸਾਹਿਬ
ਤਹਿ. ਫਿਲੌਰ, ਜਿਲ੍ਹਾ ਜਲੰਧਰ