ਗਾਇਕ ਹਾਕਮ ਸੂਫ਼ੀ ਨਹੀਂ ਰਹੇ

ਗਿੱਦੜਬਾਹਾ, 5 ਸਤੰਬਰ – ਪੰਜਾਬ ਦੇ ਉੱਘੇ ਸੂਫ਼ੀ ਗਾਇਕ ਹਾਕਮ ਸੂਫ਼ੀ ਦਾ ਦਿਲ ਦਾ ਦੌਰਾ ਪੈਣ ਕਾਰਨ ਬੀਤੀ ਰਾਤ 11੧ ਵਜੇ ਦੇਹਾਂਤ ਹੋ ਗਿਆ। ਉਹ 60 ਸਾਲਾਂ ਦੇ ਸਨ। ਗਾਇਕ ਹਾਕਮ ਸੂਫ਼ੀ ਗਿੱਦੜਬਾਹਾ ਦੇ ਜੰਮਪਲ ਸਨ ਅਤੇ ਉਨ੍ਹਾਂ ਦਾ ਜਨਮ ਸੰਨ 1952 ਵਿੱਚ ਸ. ਕਰਤਾਰ ਸਿੰਘ ਦੇ ਗ੍ਰਹਿ ਵਿਖੇ ਹੋਇਆ ਸੀ। ਉਨ੍ਹਾਂ ਬੀ. ਏ. ਅਤੇ ਆਰਟ ਐਂਡ ਕਰਾਫਟ ਦਾ ਕੋਰਸ……. ਕਰਨ ਉਪਰੰਤ ਅਧਿਆਪਕ ਦੀ ਨੌਕਰੀ ਕੀਤੀ ਅਤੇ ਸੰਨ 2010 ਵਿੱਚ ਸੇਵਾ ਮੁਕਤ ਹੋ ਗਏ। ਗਾਇਕ ਹਾਕਮ ਸੂਫ਼ੀ ਨੇ 1970 ਵਿੱਚ ਗਾਇਕੀ ਦੇ ਖੇਤਰ ਵਿੱਚ ਪੈਰ ਧਰਿਆ ਅਤੇ ਸੂਫ਼ੀ ਗਾਇਕੀ ਨੂੰ ਵੱਖਰੀ ਪਛਾਣ ਦਿੱਤੀ। ਉਨ੍ਹਾਂ ਦਾ ਗਾਇਆ ਗੀਤ ‘ਪਾਣੀ ਵਿੱਚ ਮਾਰਾਂ ਡੀਕਾਂ ਕਰਦੀ ਪਈ ਰੋਜ਼ ਉਡੀਕਾਂ’ ਬਹੁਤ ਮਕਬੂਲ ਹੋਇਆ। ਉਨ੍ਹਾਂ ਦਾ ‘ਬੂਹਿਓਂ ਪਾਣੀ ਵਾਰ ਲੰਘਾ ਲੈ ਵੇ ਮੇਰਿਆ ਸੋਹਣਿਆ ਸੱਜਣਾਂ’, ‘ਲੋਈ’ ਗੀਤ ਕਾਫ਼ੀ ਪ੍ਰਸਿੱਧ ਹੋਏ ਸਨ। ਹਾਕਮ ਸੂਫ਼ੀ ਦੀਆਂ ਮਾਰਕੀਟ ਵਿੱਚ ਅਨੇਕਾਂ ਆਡੀਓ ਕੈਸਟਾਂ ਆਈਆਂ ਜਿਨ੍ਹਾਂ ਵਿੱਚ ‘ਮੇਰਾ ਯਾਰ’, ‘ਦਿਲ ਵੱਟੇ ਦਿਲ’, ‘ਦਿਲ ਤੜਫੇ’, ‘ਗੱਭਰੂ ਪੰਜਾਬ ਦਾ’, ‘ਇਸ਼ਕ ਤੇਰੇ ਵਿੱਚ’, ‘ਚਰਖਾ’, ‘ਛੱਲਾ’, ‘ਸੁਪਨਾ’ ਆਦਿ ਕਈ ਕੈਸਟਾਂ ਆਈਆਂ ਸਨ। ਗਾਇਕੀ ਦੇ ਨਾਲ-ਨਾਲ ਹਾਕਮ ਸੂਫ਼ੀ ਨੇ ਪੰਜਾਬੀ ਦੀਆਂ ਅੱਧਾ ਦਰਜਨ ਫਿਲਮਾਂ ਵਿੱਚ ਵੀ ਕੰਮ ਕੀਤਾ, ਜਿਨ੍ਹਾਂ ਵਿੱਚ ‘ਪੰਚਾਇਤ ਅਤੇ ‘ਯਾਰੀ ਜੱਟ ਦੀ’ ਆਦਿ ਹਨ। ਹਾਕਮ ਸੂਫ਼ੀ ਨੇ ਸੂਫ਼ੀਆਨਾ ਗਾਇਕੀ ਨਾਲ ਦੁਨੀਆ ਭਰ ਵਿੱਚ ਆਪਣੀ ਪਛਾਣ ਬਣਾਈ। ਗੌਰਤਲਬ ਹੈ ਕਿ ਹਾਕਮ ਸੂਫ਼ੀ ਤੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਨੇ ਬਚਪਨ ਵਿੱਚ ਸਕੂਲ ‘ਚ ਕਈ ਵਾਰ ਇਕੱਠਿਆਂ ਕਈ ਸਟੇਜਾਂ ‘ਤੇ ਗਾਇਆ ਸੀ। ਉਂਝ ਤਾਂ ਹਾਕਮ ਸੂਫ਼ੀ ਤੇ ਗੁਰਦਾਸ ਮਾਨ ਨੇ ਜਵਾਨੀ ਸਮੇਂ ਤਾਂ ਕਈ ਵਾਰ ਇਕੱਠਿਆਂ ਗਾਇਆ ਪਰ ਮਿਤੀ 28ਜਨਵਰੀ 2012 ਨੂੰ ਗਿੱਦੜਬਾਹਾ ਦੀ ਪੁਰਾਣੀ ਅਨਾਜ ਮੰਡੀ ਵਿਖੇ ਕਰੀਬ ੧੫ ਸਾਲਾਂ ਤੋਂ ਬਾਅਦ ਇਕੱਠਿਆਂ ‘ਸੱਜਣਾ ਵੇ ਸੱਜਣਾ’ ਗੀਤ ਗਾਇਆ ਸੀ।
ਉਨ੍ਹਾਂ ਨੂੰ ਨਵੰਬਰ 2011 ਵਿੱਚ ਬਠਿੰਡਾ ਵਿਖੇ ‘ਲਾਲ ਚੰਦ ਯਮਲਾ ਜੱਟ’ ਪੁਰਸਕਾਰ ਨਾਲ ਅਤੇ ਪੀਪਲਜ਼ ਫੋਰਮ ਬਰਗਾੜੀ ਵਲੋਂ ‘ਲਾਈਫ਼ ਟਾਈਮ ਐਚੀਵਮੈਂਟ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਹਾਕਮ ਸੂਫ਼ੀ ਪਿਛਲੇ ਤਿੰਨ ਸਾਲਾਂ ਤੋਂ ਦਿਲ ਅਤੇ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਸਨ। ਉਹ ਚਾਰ ਭਰਾ ਤੇ ਚਾਰ ਭੈਣਾਂ ਸਨ। ਗਾਇਕ ਹਾਕਮ ਸੂਫ਼ੀ ਨੇ ਵਿਆਹ ਨਹੀਂ ਕਰਵਾਇਆ ਸੀ।
ਹਾਕਮ ਸੂਫ਼ੀ ਦਾ ਗਿੱਦੜਬਾਹਾ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੇ ਭਰਾਵਾਂ ਸਮਾਜ ਸੇਵੀ ਨਛੱਤਰ ਬਾਬਾ ਤੇ ਚੀਨਾ ਨੇ ਚਿਖਾ ਨੂੰ ਅਗਨੀ ਭੇਟ ਕੀਤੀ। ਹਾਕਮ ਸੂਫ਼ੀ ਨੂੰ ਸੈਂਕੜੇ ਪ੍ਰਸੰਸਕਾਂ, ਧਾਰਮਿਕ, ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਸਾਥੀ ਗਾਇਕ ਅਤੇ ਗਾਇਕਾਵਾਂ ਨੇ ਸੇਜਲ ਅੱਖਾਂ ਨਾਲ ਵਿਦਾਇਗੀ ਦਿੱਤੀ।