ਗੁਜਰਾਤ ਚੋਣਾਂ 2022: ਪਹਿਲੇ ਗੇੜ ਲਈ 60.23% ਵੋਟਾਂ ਪਈਆਂ, ਦੂਜੇ ਤੇ ਆਖਰੀ ਗੇੜ ਲਈ ਵੋਟਿੰਗ 5 ਦਸੰਬਰ ਨੂੰ

ਨਰਮਦਾ ਜ਼ਿਲ੍ਹੇ ’ਚ ਸਭ ਤੋਂ ਵੱਧ 73.02 ਫੀਸਦ ਵੋਟਿੰਗ
ਅਹਿਮਦਾਬਾਦ, 1 ਦਸੰਬਰ – ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਤਹਿਤ 19 ਜ਼ਿਲ੍ਹਿਆਂ ਦੀਆਂ 89 ਸੀਟਾਂ ਲਈ ਵੋਟਿੰਗ ਦਾ ਕੰਮ ਅੱਜ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ। ਪਹਿਲੇ ਗੇੜ ’ਚ ਔਸਤਨ 60.23% ਵੋਟਿੰਗ ਦਰਜ ਕੀਤੀ ਗਈ ਹੈ। ਇਹ ਜਾਣਕਾਰੀ ਚੋਣ ਅਧਿਕਾਰੀਆਂ ਨੇ ਦਿੱਤੀ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ 66.75% ਵੋਟਿੰਗ ਹੋਈ ਸੀ।
ਚੋਣ ਅਧਿਕਾਰੀਆਂ ਨੇ ਦੱਸਿਆ ਕਿ ਵੋਟਾਂ ਪਾਉਣ ਦਾ ਕੰਮ ਸਵੇਰੇ 8 ਵਜੇ ਸ਼ੁਰੂ ਕੇ ਸ਼ਾਮ ਪੰਜ ਵਜੇ ਮੁਕੰਮਲ ਹੋਇਆ। ਉਨ੍ਹਾਂ ਕਿਹਾ ਕਿ ਵੋਟਿੰਗ ਦੀ ਕੁੱਲ ਪ੍ਰਤੀਸ਼ਤਤਾ ਬਾਰੇ ਆਖਰੀ ਅੰਕੜੇ ਅਜੇ ਹਾਸਲ ਨਹੀਂ ਹੋਏ ਕਿਉਂਕਿ ਕਈ ਥਾਵਾਂ ’ਤੇ ਵੋਟਰ ਸ਼ਾਮ ਪੰਜ ਵਜੇ ਤੋਂ ਬਾਅਦ ਵੀ ਕਤਾਰਾਂ ’ਚ ਖੜ੍ਹੇ ਹੋਏ ਸਨ ਅਤੇ ਅਜੇ ਬੈਲੇਟ ਪੋਸਟਲਾਂ ਦੀ ਗਿਣਤੀ ਹੋਣੀ ਵੀ ਬਾਕੀ ਹੈ। ਪਹਿਲੇ ਗੇੜ ਤਹਿਤ ਪਈਆਂ ਵੋਟਾਂ ਲਈ 788 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕੁਝ ਕੁ ਘਟਨਾਵਾਂ ਨੂੰ ਛੱਡ ਕੇ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੁਝ ਥਾਵਾਂ ’ਤੇ ਈਵੀਐੱਮਜ਼ ਤੇ ਵੀਵੀਪੈਟ ਮਸ਼ੀਨਾਂ ’ਚ ਖਰਾਬੀ ਆਈ ਪਰ ਉਨ੍ਹਾਂ ਨੂੰ ਤੁਰੰਤ ਬਦਲ ਕੇ ਵੋਟਿੰਗ ਦਾ ਕੰਮ ਸ਼ੁਰੂ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਹਾਸਲ ਹੋਏ ਅੰਕੜਿਆਂ ਅਨੁਸਾਰ ਨਰਮਦਾ ਜ਼ਿਲ੍ਹੇ ’ਚ ਸਭ ਤੋਂ ਵੱਧ 73.02% ਵੋਟਾਂ ਪਈਆਂ ਹਨ ਜਦਕਿ ਤਾਪੀ ਜ਼ਿਲ੍ਹਾ 72.32% ਵੋਟਿੰਗ ਨਾਲ ਦੂਜੇ ਸਥਾਨ ’ਤੇ ਹੈ। ਇਹ ਦੋਵੇਂ ਕਬਾਇਲੀ ਅਬਾਦੀ ਵਾਲੇ ਜ਼ਿਲ੍ਹੇ ਹਨ। ਦੱਖਣ ਗੁਜਰਾਤ ਦੇ ਇੱਕ ਹੋਰ ਕਬਾਇਲੀ ਅਬਾਦੀ ਵਾਲੇ ਜ਼ਿਲ੍ਹੇ ਡਾਂਗ ’ਚ 58.55% ਵੋਟਿੰਗ ਦਰਜ ਕੀਤੀ ਗਈ ਹੈ। ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੂਪਾਨੀ, ਭਾਜਪਾ ਦੀ ਸੂਬਾਈ ਇਕਾਈ ਦੇ ਮੁਖੀ ਸੀਆਰ ਪਾਟਿਲ, ਰਾਜ ਸਭਾ ਮੈਂਬਰ ਪਰੀਮਲ ਨਾਥਵਾਨੀ, ਜਾਮਨਗਰ (ਉੱਤਰੀ) ਤੋਂ ਭਾਜਪਾ ਉਮੀਦਵਾਰ ਰਿਵਾਬਾ ਜਡੇਜਾ, ਕਾਂਗਰਸ ਦੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਪਰੇਸ਼ ਧਨਾਨੀ ਤੇ ਆਮ ਆਦਮੀ ਪਾਰਟੀ ਦੀ ਸੂਬਾਈ ਇਕਾਈ ਦੇ ਪ੍ਰਧਾਨ ਗੋਪਾਲ ਇਟਾਲੀਆ ਨੇ ਵੋਟ ਪਾਈ।
ਗੁਜਰਾਤ ਵਿਧਾਨ ਸਭਾ ਲਈ ਵੋਟਿੰਗ ਦਾ ਦੂਜਾ ਤੇ ਆਖਰੀ ਗੇੜ 5 ਦਸੰਬਰ ਨੂੰ ਹੋਵੇਗਾ ਤੇ ਚੋਣ ਨਤੀਜੇ 8 ਦਸੰਬਰ ਨੂੰ ਐਲਾਨੇ ਜਾਣਗੇ।