ਫੀਫਾ ਵਰਲਡ ਕੱਪ: ਅਰਜਨਟੀਨਾ ਤੇ ਪੋਲੈਂਡ ਪ੍ਰੀ-ਕੁਆਰਟਰਜ਼ ’ਚ, ਅਰਜਨਟੀਨਾ ਨੇ ਪੋਲੈਂਡ ਨੂੰ 2-0 ਨਾਲ ਹਰਾਇਆ

ਦੋਹਾ, 1 ਦਸੰਬਰ – ਅਰਜਨਟੀਨਾ ਨੇ ਸਾਊਦੀ ਅਰਬ ਤੋਂ ਨਮੋਸ਼ੀਜਨਕ ਹਾਰ ਮਿਲਣ ਤੋਂ ਬਾਅਦ ਅੱਜ ਪੋਲੈਂਡ ਨੂੰ 2-0 ਨਾਲ ਹਰਾ ਕੇ ਫੀਫਾ ਵਰਲਡ ਕੱਪ ਦੇ ਅਗਲੇ ਗੇੜ ‘ਚ ਦਾਖਲਾ ਹਾਸਲ ਕਰ ਲਿਆ। ਅਰਜਨਟੀਨਾ ਦੇ ਕਪਤਾਨ ਲਿਓਨਲ ਮੈਸੀ ਨੇ ਪਹਿਲੇ ਅੱਧ ਵਿੱਚ ਪੋਲੈਂਡ ਦੀ ਪੈਨਲਟੀ ਨੂੰ ਗੋਲ ਵਿਚ ਨਾ ਬਦਲਣ ਦਿੱਤਾ ਤੇ ਅਰਜਨਟੀਨਾ ਦੇ ਅਲੈਕਸਿਸ ਮੈਕ ਐਲਿਸਟਰ ਅਤੇ ਜੂਲੀਅਨ ਅਲਵਾਰੇਜ਼ ਨੇ ਦੂਜੇ ਅੱਧ ਵਿੱਚ ਦੋ ਗੋਲ ਕਰ ਕੇ ਅਰਜਨਟੀਨਾ ਨੂੰ ਜਿੱਤ ਦਿਵਾਈ। ਇਸ ਜਿੱਤ ਨਾਲ ਅਰਜਨਟੀਨਾ ਦੀ ਟੀਮ ਆਖਰੀ 16 ਵਿੱਚ ਸ਼ਾਮਲ ਹੋ ਗਈ ਹੈ ਜਿਸ ਦਾ ਅਗਲਾ ਮੁਕਾਬਲਾ ਆਸਟਰੇਲੀਆ ਨਾਲ ਹੋਵੇਗਾ। ਇਸ ਜਿੱਤ ਨਾਲ ਅਰਜਨਟੀਨਾ ਗਰੁੱਪ ‘ਸੀ’ ਵਿੱਚ ਪਹਿਲੇ ਸਥਾਨ ’ਤੇ ਆ ਗਿਆ ਹੈ।
ਪੋਲੈਂਡ ਅੱਜ ਦਾ ਮੈਚ ਹਾਰ ਕੇ ਵੀ ਆਖਰੀ 16 ਵਿਚ ਸ਼ਾਮਲ ਹੋ ਗਿਆ। ਇਸ ਤੋਂ ਇਲਾਵਾ ਵਰਲਡ ਕੱਪ ‘ਚ ਉਲਟਫੇਰ ਕਰਨ ਵਾਲੀਆਂ ਸਾਊਦੀ ਅਰਬ ਤੇ ਮੈਕਸਿਕੋ ਦੀਆਂ ਟੀਮਾਂ ਵਰਲਡ ਕੱਪ ਤੋਂ ਬਾਹਰ ਹੋ ਗਈਆਂ ਹਨ। ਅਰਜਨਟੀਨਾ 6 ਅੰਕਾਂ ਨਾਲ ਗਰੁੱਪ ‘ਸੀ’ ਵਿੱਚ ਸਿਖਰ ’ਤੇ ਹੈ ਜਦ ਕਿ ਪੋਲੈਂਡ ਚਾਰ ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਗਰੁੱਪ ਮੁਕਾਬਲੇ ‘ਚ ਮੈਕਸਿਕੋ ਨੇ ਸਾਊਦੀ ਅਰਬ ਨੂੰ ਹਰਾ ਦਿੱਤਾ। ਇਸ ਜਿੱਤ ਨਾਲ ਮੈਕਸਿਕੋ ਦੇ 4 ਤੇ ਸਾਊਦੀ ਅਰਬ ਦੇ 3 ਅੰਕ ਹਨ।