ਗੁਜਰਾਤ ਮੋਰਬੀ ਪੁਲ ਹਾਦਸਾ: ਮੌਤਾਂ ਦੀ ਗਿਣਤੀ ਵਧ ਕੇ 134 ਹੋਈ, ਹੁਣ ਤੱਕ 9 ਗ੍ਰਿਫ਼ਤਾਰ

ਮੋਰਬੀ (ਗੁਜਰਾਤ), 31 ਅਕਤੂਬਰ – ਗੁਜਰਾਤ ਦੇ ਮੋਰਬੀ ਜ਼ਿਲ੍ਹੇ ਵਿੱਚ 30 ਅਕਤੂਬਰ ਨੂੰ ਮੱਛੂ ਨਦੀ ’ਤੇ ਬਣਿਆ ਸਦੀ ਪੁਰਾਣਾ ਤਾਰਾਂ ਵਾਲਾ ਪੁਲ ਡਿੱਗਣ ਕਰਕੇ ਮੌਤਾਂ ਦੀ ਗਿਣਤੀ ਵਧ ਕੇ 134 ਹੋ ਗਈ ਹੈ। ਇਹ ਅੰਕੜਾ ਵਧਣ ਦੇ ਆਸਾਰ ਹਨ, ਕਿਉਂਕਿ ਗੋਤਾਖੋਰਾਂ ਦੀ ਮਦਦ ਨਾਲ ਨਦੀ ’ਚੋਂ ਲਾਸ਼ਾਂ ਲੱਭਣ ਦਾ ਅਮਲ ਅਜੇ ਵੀ ਜਾਰੀ ਹੈ ਜਦੋਂ ਕਿ ਹਸਪਤਾਲ ਵਿੱਚ ਜ਼ੇਰੇ ਇਲਾਜ ਲੋਕਾਂ ’ਚੋਂ ਕਈਆਂ ਦੀ ਹਾਲਤ ਗੰਭੀਰ ਹੈ।
ਇਸ ਘਟਨਾ ਸਬੰਧੀ ਹੁਣ ਤੱਕ 9 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਹਾਦਸੇ ਮਗਰੋਂ ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਵਿੱਚ ਅੱਜ ਕੱਢੇ ਜਾਣ ਵਾਲੇ ਆਪਣੇ ਰੋਡ ਸ਼ੋਅ ਨੂੰ ਰੱਦ ਕਰ ਦਿੱਤਾ ਹੈ। ਉਧਰ ਕਾਂਗਰਸ ਨੇ ਵੀ ਅਗਾਮੀ ਗੁਜਰਾਤ ਚੋਣਾਂ ਦੇ ਮੱਦੇਨਜ਼ਰ ਸੂਬੇ ਦੀਆਂ 5 ਜ਼ੋਨਾਂ ਤੋਂ ਕੱਢੀ ਜਾਣ ਵਾਲੀ ਆਪਣੀ ਤਜਵੀਜ਼ਤ ਪਰਿਵਰਤਨ ਸੰਕਲਪ ਯਾਤਰਾ ਮੁਲਤਵੀ ਕਰ ਦਿੱਤੀ ਹੈ।
ਗੁਜਰਾਤ ਦੇ ਮੋਰਬੀ ਜ਼ਿਲ੍ਹੇ ਵਿੱਚ 30 ਅਕਤੂਬਰ ਨੂੰ ਸ਼ਾਮੀਂ ਸਾਢੇ ਛੇ ਵਜੇ ਦੇ ਕਰੀਬ ਮੱਛੂ ਨਦੀ ’ਤੇ ਬਣਿਆ ਤਾਰਾਂ ਵਾਲਾ ਪੁਲ ਟੁੱਟਣ ਕਰਕੇ ਘੱਟੋ-ਘੱਟ 134 ਵਿਅਕਤੀ ਹਲਾਕ ਹੋ ਗਏ। ਮ੍ਰਿਤਕਾਂ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ। ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧਣ ਦੇ ਅਸਾਰ ਹਨ, ਕਿਉਂਕਿ ਜ਼ਖ਼ਮੀਆਂ ’ਚੋਂ ਕਈਆਂ ਦੀ ਹਾਲਤ ਗੰਭੀਰ ਤੇ ਕਈ ਅਜੇ ਵੀ ਲਾਪਤਾ ਹਨ।
ਸਦੀ ਪੁਰਾਣੇ ਪੁਲ ਨੂੰ ਮੁਰੰਮਤ ਲਈ ਸੱਤ ਮਹੀਨੇ ਬੰਦ ਰੱਖਣ ਮਗਰੋਂ ਚਾਰ ਦਿਨ ਪਹਿਲਾਂ ਹੀ ਖੋਲ੍ਹਿਆ ਗਿਆ ਸੀ।
ਹਾਦਸੇ ਮੌਕੇ ਪੁਲ ’ਤੇ ਵੱਡੀ ਗਿਣਤੀ ਲੋਕ ਮੌਜੂਦ ਸਨ, ਜੋ ਇਨ੍ਹਾਂ ਦਾ ਭਾਰ ਝੱਲਣ ਵਿੱਚ ਨਾਕਾਮ ਰਿਹਾ। ਸੂਬਾ ਸਰਕਾਰ ਨੇ ਹਾਦਸੇ ਦੀ ਜਾਂਚ ਲਈ ਆਈਏਐੱਸ ਅਧਿਕਾਰੀ ਦੀ ਅਗਵਾਈ ਹੇਠ 5 ਮੈਂਬਰੀ ਵਿਸ਼ੇਸ਼ ਜਾਂਚ ਟੀਮ ਕਾਇਮ ਕਰ ਦਿੱਤੀ ਹੈ। ਮੌਕੇ ’ਤੇ ਪੁੱਜੀਆਂ ਐੱਨਡੀਆਰਐੱਫ ਦੀਆਂ ਤਿੰਨ ਟੀਮਾਂ ਨੇ ਰਾਹਤ ਤੇ ਬਚਾਅ ਕਾਰਜ ਵਿੱਢ ਦਿੱਤੇ, ਰਾਹਤ ਕਾਰਜਾਂ ਲਈ ਕਿਸ਼ਤੀਆਂ ਦੀ ਵਰਤੋਂ ਕੀਤੀ ਗਈ। ਪੁਲ ਦੀ ਮੁਰੰਮਤ ਦਾ ਕੰਮ ਨਿੱਜੀ ਕੰਪਨੀ ਵੱਲੋਂ ਸਿਰੇ ਚਾੜ੍ਹਿਆ ਗਿਆ ਸੀ ਤੇ ਇਸ ਨੂੰ ਚਾਰ ਦਿਨ ਪਹਿਲਾਂ 26 ਅਕਤੂਬਰ ਨੂੰ ਗੁਜਰਾਤੀ ਨਵੇਂ ਸਾਲ ਮੌਕੇ ਆਮ ਲੋਕਾਂ ਲਈ ਖੋਲ੍ਹਿਆ ਗਿਆ ਸੀ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪਿੱਤਰੀ ਰਾਜ ਵਿੱਚ ਵਾਪਰੇ ਹਾਦਸੇ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਸੂਬੇ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨਾਲ ਗੱਲਬਾਤ ਕਰਕੇ ਹਾਲਾਤ ਦਾ ਜਾਇਜ਼ਾ ਲਿਆ। ਸ੍ਰੀ ਮੋਦੀ ਨੇ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ ਵਿਚੋਂ ਮ੍ਰਿਤਕਾਂ ਦੇ ਵਾਰਸਾਂ ਲਈ 2-2 ਲੱਖ ਤੇ ਜ਼ਖ਼ਮੀਆਂ ਲਈ 50-50 ਹਜ਼ਾਰ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਹਾਦਸੇ ’ਤੇ ਦੁੱਖ ਜਤਾਇਆ ਹੈ। ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਹਾਦਸੇ ਵਿੱਚ ਮਾਰੇ ਗਏ ਪੀੜਤਾਂ ਦੇ ਵਾਰਸਾਂ ਲਈ 4-4 ਲੱਖ ਰੁਪਏ ਤੇ ਜ਼ਖ਼ਮੀਆਂ ਲਈ 50-50 ਹਜ਼ਾਰ ਰੁਪਏ ਦੀ ਵਿੱਤੀ ਮਦਦ ਦਾ ਐਲਾਨ ਕੀਤਾ ਹੈ।