38 ਸਾਲਾਂ ਤੋਂ 1984 ਦੇ ਸਿੱਖ ਨਸਲਕੁਸ਼ੀ ਲਈ ਇਨਸਾਫ਼ ਉਡੀਕ ਦੀਆਂ ਅੱਖਾਂ …..?

ਅਮਰਜੀਤ ਸਿੰਘ, ਐਡੀਟਰ
(ਕੂਕ ਪੰਜਾਬੀ ਸਮਾਚਾਰ, ਆਕਲੈਂਡ, ਨਿਊਜ਼ੀਲੈਂਡ), ਮੋਬਾਈਲ: 0064 21 028 30967, E-mail: amarjitsaini@yahoo.com

ਅੱਜ 38 ਸਾਲ ਹੋ ਗਏ ਹਨ 1984 ਦੇ ਸਿੱਖ ਨਸਲਕੁਸ਼ੀ ਲਈ ਇਨਸਾਫ਼ ਨੂੰ ਉਡੀਕ ਦਿਆਂ, ਹਾਲੇ ਹੋਰ ਪਤਾ ਨਹੀਂ ਕਿੰਨਾ ਸਮਾਂ ਲੱਗੇਗਾ, ਜਦੋਂ ਸਿੱਖਾਂ ਨੂੰ ਪੂਰਣ ਤੌਰ ‘ਤੇ ਇਨਸਾਫ਼ ਮਿਲੇਗਾ। ਨਵੰਬਰ ਮਹੀਨੇ ਦੀ ਸ਼ੁਰੂਆਤ 1984 ਵੇਲੇ ਤਤਕਾਲੀ ਹਕੂਮਤ ਵੱਲੋਂ ਕੀਤੀ ਗਈ ਸਿੱਖਾਂ ਦੀ ਨਸਲਕੁਸ਼ੀ ਦੀ ਯਾਦ ਨੂੰ ਮੁੜ ਤਾਜ਼ਾ ਕਰਨ ਦੇ ਨਾਲ ਸਿੱਖ ਭਾਈਚਾਰੇ ਨੂੰ 38 ਸਾਲ ਬੀਤ ਜਾਣ ਦੇ ਬਾਵਜੂਦ ਇਨਸਾਫ਼ ਨਾ ਮਿਲਣ ਦੀ ਇੱਕ ਹੋਰ ਸਾਲ ਦੀ ਟੀਸ ਵਿੱਚ ਵਾਧਾ ਕਰ ਗਈ ਹੈ ਕਿ ਹਾਲੇ ਲੱਗਦਾ ਇਸ ਲਈ ਹੋਰ ਕਿੰਨਾ ਲੰਮਾ ਪੈਂਡਾ ਤਹਿ ਕਰਨਾ ਪੈਣਾ। ਇਹ ਭਾਰਤ ਕੀ ਦੁਨੀਆ ਦੇ ਇਤਿਹਾਸ ਵਿੱਚ ਕਾਲੇ ਅੱਖਰਾਂ ਨਾਲ ਲਿਖਿਆ ਪਿਆ ਸੱਚ ਹੈ ਕਿ ਆਪਣੇ ਹੀ ਦੇਸ਼ ਵਿੱਚ ਇੱਕ ਭਾਈਚਾਰੇ ਨੂੰ ਖ਼ਤਮ ਕਰਨ ਦੀ ਕਿੰਨੀ ਵੱਡੀ ਨਸਲਕੁਸ਼ੀ ਕੀਤੀ ਗਈ। ਪਰ ਜੋ ਵੀ ਹੈ ਭਾਰਤ ਤੇ ਦੁਨੀਆ ਵਿੱਚ ਵੱਸਦੇ ਸਿੱਖਾਂ ਨੂੰ ਹਾਲੇ ਵੀ ਇਸ ਮਾਮਲੇ ਵਿੱਚ ਇਨਸਾਫ਼ ਮਿਲਣ ਦੀ ਆਸ ਹੈ, ਜਿਸ ਦਾ ਉਹ ਦ੍ਰਿੜ੍ਹ ਨਿਸ਼ਚਾ ਕਰੀ ਬੈਠੇ ਹਨ। ਭਾਵੇਂ ਭਾਰਤ ਵਿਚਲੀ ਹਰ ਹਕੂਮਤ ਦੀ ਸਰਕਾਰ ਸਮੇਂ-ਸਮੇਂ ਇਸ ਉੱਪਰ ਸਿਆਸਤ ਖੇਡ ਦੀ ਆ ਰਹੀ ਹੈ ਜਿਸ ਵਿੱਚ ਸਿੱਖਾਂ ਦੀਆਂ ਆਪਣੀਆਂ ਸਿਆਸੀ ਪਾਰਟੀਆਂ ਵੀ ਭਾਈਵਾਲ ਹੋਣ ਦੇ ਬਾਵਜੂਦ ਇਨਸਾਫ਼ ਨਹੀਂ ਦੁਆ ਸਕੀਆਂ। ਜਿਸ ਦਾ ਰੋਸ ਹਰ ਸਿੱਖ ਦੇ ਮਨ ਵਿੱਚ ਭਰਿਆ ਪਿਆ ਹੈ। ਜੇ ਇਸ ਨੂੰ ਅੱਖੀਂ ਨਾ ਵੇਖਿਆ ਹੁੰਦਾ ਤੇ ਪਿੰਡੇ ਉੱਤੇ ਨਾ ਹੰਢਾਇਆ ਹੰਦਾ ਤਾਂ ਇੰਜ ਲੱਗਣਾ ਸੀ ਜੀਵੇਂ ਕੋਈ ਸੁਪਨਾ ਜਾਂ ਫਿਲਮ ਹੈ, ਜੋ ਵੇਖਿਆ ਤੇ ਭੁੱਲ ਗਿਆ ਪਰ ਇਹ ਕੌੜਾ ਸੱਚ ਹੈ, ਜਿਸ ਨੂੰ ਭੁੱਲਿਆ ਨਹੀਂ ਜਾ ਸਕਦਾ।
1984 ਦੀ 31 ਅਕਤੂਬਰ ਨੂੰ ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੀ ਉਸੇ ਦੇ ਦੋ ਸਿੱਖ ਅੰਗ ਰੱਖਿਅਕਾਂ ਵੱਲੋਂ ਗੋਲੀਆਂ ਮਾਰ ਕੇ ਕੀਤੀ ਹੱਤਿਆ ਤੋਂ ਬਾਅਦ ਰਾਜਧਾਨੀ ਦਿੱਲੀ ਅਤੇ ਦੇਸ਼ ਦੇ ਹੋਰਨਾਂ ਸ਼ਹਿਰਾਂ ਵਿੱਚ ਵੱਡੇ ਪੱਧਰ ਉੱਤੇ ਕਤਲੇਆਮ ਕੀਤਾ ਗਿਆ। ਸ਼ਰੇਆਮ ਪਲੈਨਿੰਗ ਸਹਿਤ ਸਿੱਖਾਂ ਨੂੰ ਬੜੀ ਹੀ ਬੇਦਰਦੀ ਨਾਲ ਜਿਊਂਦਿਆਂ ਦੇ ਗੱਲਾਂ ਵਿੱਚ ਟਾਇਰ ਪਾ ਕੇ ਸਾੜਿਆ ਅਤੇ ਹੋਰ ਕਈ ਢੰਗ ਤਰੀਕਿਆਂ ਨਾਲ ਬੁਰੀ ਤਰ੍ਹਾਂ ਮਾਰਨ ਕੁੱਟਣ ਦੇ ਨਾਲ ਲੁੱਟਾਂ ਖੋਹਾਂ ਕੀਤੀਆਂ ਗਈਆਂ ਸਨ। ਇਹ ਹੀ ਨਹੀਂ ਧੀਆਂ ਭੈਣਾਂ ਤੇ ਬੱਚੇ-ਬੱਚੀਆਂ ਤੱਕ ਨੂੰ ਵੀ ਨਹੀਂ ਬਖ਼ਸ਼ਿਆਂ ਗਈਆਂ ਸੀ। ਉਸ ਵੇਲੇ ਇੰਜ ਪਿਆ ਜਾਪਦਾ ਸੀ ਜੀਵੇਂ ਦੰਗਾਈਆਂ ਨੂੰ ਕਿਹਾ ਗਿਆ ਹੋਵੇ ਕਿ ਸਿੱਖਾਂ ਨੂੰ ਮੂਲੋਂ ਹੀ ਖ਼ਤਮ ਕਰ ਦਿਓ ਪਰ ਅਜਿਹਾ ਹੋ ਨਹੀਂ ਸਕਿਆ। ਇਹ ਸਾਫ਼ ਨਜ਼ਰ ਆਉਂਦਾ ਸੀ ਕਿ ਵੇਲੇ ਦੀ ਸਰਕਾਰ ਵੱਲੋਂ ਪ੍ਰਸ਼ਾਸਨ ਅਤੇ ਪੁਲਿਸ ਵਾਲਿਆਂ ਨੂੰ ਕਿਸੇ ਵੀ ਸਿੱਖ ਦੀ ਸਹਾਇਤਾ ਨਾ ਕਰਨ ਦੇ ਹੁਮਕ ਦਿੱਤੇ ਗਏ ਸਨ, ਜਿਸ ਦਾ ਪੂਰਾ-ਪੂਰਾ ਲਾਭ ਦੰਗਾਈਆਂ ਨੇ ਚੁੱਕਿਆ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸਰਕਾਰੀ ਅੰਕੜਿਆਂ ਮੁਤਾਬਿਕ ਇਨ੍ਹਾਂ ਦੰਗਿਆਂ ਦੌਰਾਨ ਦੰਗਾਈਆਂ ਵੱਲੋਂ ਸਿਰਫ਼ ਦਿੱਲੀ ਵਿੱਚ 2733 ਤੋਂ ਵਧੇਰੇ ਸਿੱਖ ਮਾਰੇ ਜਦੋਂ ਕਿ ਦੇਸ਼ ਦੇ ਬਾਕੀ ਸ਼ਹਿਰਾਂ ਵਿੱਚ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖਾਂ ਦਾ ਕਤਲ ਕੀਤਾ ਗਿਆ ਸੀ। ਇਕ ਅਨੁਮਾਨ ਮੁਤਾਬਿਕ ਰਾਜਧਾਨੀ ਦਿੱਲੀ ਅਤੇ ਦੇਸ਼ ਦੇ 18 ਸੂਬਿਆਂ ਦੇ ਕਰੀਬ 110 ਸ਼ਹਿਰਾਂ ਵਿੱਚ 7000 ਤੋਂ ਵੱਧ ਸਿੱਖਾਂ ਨੂੰ ਮਾਰਿਆ ਗਿਆ ਸੀ। ਬਹੁਤਿਆਂ ਦੇ ਤਾਂ ਸਰਕਾਰੀ ਰਿਕਾਰਡ ਵਿੱਚ ਨਾਮ ਤੱਕ ਵੀ ਦਰਜ ਨਹੀਂ ਹਨ, ਪੁਲਿਸ ਵੱਲੋਂ ਦੰਗਾਈਆਂ ਨੂੰ ਸਮਾਂ ਰਹਿੰਦੇ ਰੋਕਣਾ ਤਾਂ ਕੀ ਸੀ ਉਨ੍ਹਾਂ ਵਿਰੁੱਧ ਕੇਸ ਤੱਕ ਦਰਜ ਨਹੀਂ ਕੀਤੇ ਗਏ। ਦੇਸ਼ ਭਰ ਵਿੱਚ ਲਗਭਗ ਤਿੰਨ ਦਿਨ ਬਹਿਸ਼ਤ ਦਾ ਨੰਗਾ ਨਾਲ ਖੇਡਿਆ ਗਿਆ ਸੀ, ਖ਼ਾਸ ਤੌਰ ‘ਤੇ ਦਿੱਲੀ ਵਿੱਚ ਤਾਂ ਇੰਜ ਵਾਪਰਿਆ ਸੀ ਜੀਵੇਂ ਕਾਨੂੰਨ ਨਾਮ ਦੀ ਕੋਈ ਚੀਜ਼ ਹੀ ਨਾ ਹੋਵੇ। ਸਿੱਖ ਦੰਗਿਆਂ ਯਾਨੀ ਨਸਲਕੁਸ਼ੀ ਦੇ 36 ਸਾਲ ਬੀਤ ਜਾਣ ਦੇ ਬਾਵਜੂਦ ਵੀ ਕੇਂਦਰ ਵਿਚਲੀ ਸੱਤਾਧਾਰੀ ਪਾਰਟੀ ਦੀ ਕੋਈ ਵੀ ਸਰਕਾਰ ਸਿੱਖਾਂ ਨੂੰ ਇਨਸਾਫ਼ ਨਹੀਂ ਦੁਆ ਸਕੀ ਹੈ। ਕਿਉਂਕਿ ਉਸ ਵੇਲੇ ਦੀ ਸੱਤਾਧਾਰੀ ਪਾਰਟੀ ਦੇ ਪ੍ਰਮੁੱਖ ਆਗੂ ਜਿਨ੍ਹਾਂ ਦੇ ਨਾਮ ਦੰਗੇ ਕਰਵਾਊ ਵਿੱਚ ਬੋਲਦੇ ਹਨ ਉਨ੍ਹਾਂ ਨੂੰ ਹਾਲੇ ਤੱਕ ਕੋਈ ਸਜ਼ਾਵਾਂ ਨਹੀਂ ਹੋਏ ਹੈ। ਇਹ ਦੋਸ਼ੀ ਕਾਨੂੰਨ ਤੇ ਅਦਾਲਤਾਂ ਦੇ ਢਿੱਲੇਪਣ ਦਾ ਪੂਰਾ-ਪੂਰਾ ਲਾਭ ਚੁੱਕ ਰਹੇ ਹਨ ਤੇ ਸਿੱਖ ਕੌਮ ਤੇ ਪੀੜਤਾਂ ਦਾ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਹਨ।
1984 ਤੋਂ ਲੈ ਕੇ ਹੁਣ ਤੱਕ ਸੱਤਾ ਵਿੱਚ ਆਈ ਵੱਖ-ਵੱਖ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਨੇ ਲਗਭਗ 10 ਸਰਕਾਰੀ ਜਾਂਚ ਕਮਿਸ਼ਨ, ਕਮੇਟੀਆਂ ਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਤੇ ਆਮ ਆਦਮੀ ਪਾਰਟੀ ਪ੍ਰਮੁੱਖ ਅਰਵਿੰਦ ਕੇਜ਼ਰੀਵਾਲ ਦੀ ਦਿੱਲੀ ਸਰਕਾਰ ਨੇ ਭਾਵੇਂ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦਾ ਗਠਨ ਕੀਤਾ ਹੋਇਆ ਹੈ ਪਰ ਇਨਸਾਫ਼ ਮਿਲਣ ਦੀ ਉਮੀਦ ਹਾਲੇ ਵੀ ਮੱਠੀ ਹੀ ਨਜ਼ਰ ਆ ਰਹੀ ਹੈ। ਇਹ ਸਰਕਾਰਾਂ ਲਾਰੇ-ਲੱਪੇ ਤਾਂ ਲਾਈ ਜਾ ਰਹੀਆਂ ਹਨ ਪਰ ਹਾਲੇ ਵੀ ਇਨਸਾਫ਼ ਲਈ ਅੱਖਾਂ ਤਰਸ ਰਹੀਆਂ ਹਨ ਤੇ ਹਰ ਵਾਰ ਦਾ ਵਰ੍ਹਾ ਇਨਸਾਫ਼ ਨਾ ਦੁਆ ਸਕਣ ਦੀ ਇੱਕ ਹੋਰ ਲਕੀਰ ਖਿੱਚ ਕੇ ਇਤਿਹਾਸ ਦਾ ਪੰਨਾ ਕਾਲਾ ਕਰ ਜਾਂਦਾ ਹੈ। ਇਨਸਾਫ਼ ਦੇਣ ਦਾ ਵਾਅਦਾ ਤਾਂ ਸਾਰੇ ਹੀ ਕਰਦੇ ਹਨ ਪਰ ਹਾਲੇ ਤੱਕ ਆਪਣੇ ਵਾਅਦੇ ਨੂੰ ਵਫ਼ਾ ਕੋਈ ਪਾਰਟੀ ਨਹੀਂ ਕਰ ਸੱਕੀ ਹੈ। ਇਨ੍ਹਾਂ ਵਿੱਚ ਸਾਡੇ ਸਿੱਖ ਸਿਆਸਤਦਾਨ ਵੀ ਸ਼ਾਮਿਲ ਹਨ, ਜੋ ਗੱਲਾਂ ਤਾਂ ਅੱਗੇ ਹੋ ਕੇ ਵੱਡੀਆਂ-ਵੱਡੀਆਂ ਕਰਦੇ ਹਨ ਪਰ ਇਨਸਾਫ਼ ਦੁਆਉਣ ਵਿੱਚ ਪਿੱਛੇ ਹੀ ਨਜ਼ਰ ਰਹੇ ਹਨ। ਹੁਣ ਵੇਖਣਾ ਇਹ ਹੈ ਕਿ ਇਹ ਵਰ੍ਹਾ ਕਿਵੇਂ ਦਾ ਲੱਗਦਾ ਹੈ ਇਨਸਾਫ਼ ਦੀ ਆਸ ਨੂੰ ਜਿਊਂਦਾ ਰੱਖਦਾ ਹੈ ਕਿ ਨਹੀਂ …..?