ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਦੇ ਪ੍ਰਬੰਧਕਾਂ ਵੱਲੋਂ ਆਕਲੈਂਡ ਲੌਕਡਾਉਨ ਦੌਰਾਨ ਫ੍ਰੀ-ਫੂਡ ਦੀ ਸੇਵਾ

ਆਕਲੈਂਡ, 24 ਅਗਸਤ – 23 ਅਗਸਤ ਦੀ ਐਤਵਾਰ ਨੂੰ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਦੇ ਪ੍ਰਬੰਧਕਾਂ ਵੱਲੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਕੋਵਿਡ -19 ਕਰਕੇ ਆਕਲੈਂਡ ਵਿੱਚ ਲੱਗੇ ਅਲਰਟ ਲੈਵਲ 3 ਦੇ ਲੌਕਡਾਉਨ ਦੌਰਾਨ ਮਾਨਵਤਾ ਦੀ ਸੇਵਾ ਕਰਦੇ ਹੋਏ ਦੁਪਹਿਰੀ 2.00 ਵਜੇ ਤੋਂ ਲੈ ਕੇ 4.00 ਵਜੇ ਤੱਕ ਫ੍ਰੀ-ਫੂਡ ਬੈਗ ਅਤੇ ਮਾਸਕ ਵੰਡੇ। ਮੌਸਮ ਖ਼ਰਾਬ ਹੋਣ ਦੇ ਬਾਵਜੂਦ ਪ੍ਰਬੰਧਕਾਂ ਤੇ ਵਲੰਟੀਅਰਾਂ ਨੇ ਪੂਰੇ ਉਤਸ਼ਾਹ ਨਾਲ ਸੇਵਾ ਨਿਭਾਈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੁਪਰੀਮ ਸਿੱਖ ਸੁਸਾਇਟੀ ਦੇ ਪ੍ਰਬੰਧਕਾਂ ਵੱਲੋਂ ਅਲਰਟ ਲੈਵਲ 4 ਦੇ ਲੌਕਡਾਉਨ ਵੇਲੇ ਵੀ ਫ੍ਰੀ-ਫੂਡ ਦੀ ਸੇਵਾ ਕੀਤੀ ਗਈ ਸੀ। ਜਿਸ ਨੂੰ ਅੱਗੇ ਜਾਰੀ ਰੱਖਦੇ ਹੋਏ ਆਕਲੈਂਡ ਵਿੱਚ ਇਸ ਵੇਲੇ ਜਾਰੀ ਅਲਰਟ ਲੈਵਲ 3 ਦੇ ਲੱਗੇ ਲੌਕਡਾਉਨ ਦੌਰਾਨ ਫ੍ਰੀ-ਫੂਡ ਦੇ ਨਾਲ ਮਾਸਕ ਵੀ ਵੰਡੇ ਜਾ ਰਹੇ ਹਨ।
ਸੁਸਾਇਟੀ ਦੇ ਬੁਲਾਰੇ ਸ. ਦਲਜੀਤ ਸਿੰਘ ਨੇ ਪੰਜਾਬੀ ਚੈਨਲ ਨਾਲ ਗੱਲਬਾਤ ਹੋਏ ਕਿਹਾ ਕਿ ਅਸੀਂ ਪੂਰੇ ਸਿੱਖ ਭਾਈਚਾਰੇ ਦੇ ਸਹਿਯੋਗ ਨਾਲ ਇਹ ਸੇਵਾ ਨਿਭਾ ਰਹੇ ਹਾਂ। ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇਸ ਤੋਂ ਪਹਿਲਾਂ ਲੌਕਡਾਉਨ 4 ਅਤੇ ਹੁਣ 3 ਦੇ ਦੌਰਾਨ ਫੂਡ ਬੈਗ ਵੰਡ ਰਹੇ ਹਾਂ, ਜਦੋਂ ਅਲਰਟ ਲੈਵਲ 2 ਜਾਂ 1 ਹੁੰਦਾ ਹੈ ਤਾਂ ਅਸੀਂ ਗੁਰਦੁਆਰਾ ਸਾਹਿਬ ਵਿੱਚ ਪੱਕਿਆ ਹੋਇਆ ਲੰਗਰ ਵੀ ਤਿਆਰ ਕਰਾਂਗੇ ਜੋ ਹਫ਼ਤੇ ਦੇ ਸੱਤੇਂ ਦਿਨ ਸੰਗਤਾਂ ਲਈ ਤਿਆਰ ਕੀਤਾ ਜਾਂਦਾ ਹੈ ਤੇ ਸੰਗਤਾਂ ਗੁਰਦੁਆਰਾ ਸਾਹਿਬ ਦੇ ਅੰਦਰ ਬੈਠ ਕੇ ਲੰਗਰ ਸ਼ੱਕ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਆਉਣ ਵਾਲੀਆਂ ਅਜਿਹੀਆਂ ਮੁਸ਼ਕਲ ਦੀਆਂ ਘੜੀ ਵਿੱਚ ਸਿੱਖ ਭਾਈਚਾਰੇ ਦੇ ਸਹਿਯੋਗ ਨਾਲ ਅਸੀਂ ਦੇਸ਼ ਦੇ ਸਮੁੱਚੇ ਭਾਈਚਾਰੇ ਦੀ ਸੇਵਾ ਲਈ ਹਰ ਵੇਲੇ ਹਾਜ਼ਰ ਰਹਾਂਗੇ।