ਰੂਹਾਂ ਵਾਲਾ ਪਿਆਰ

ਇੰਨੇ ਸਾਲਾਂ ਬਾਅਦ ਪਤਾ ਨਹੀਂ ਕਿਉਂ, ਪਰ ਹੁਣ ਬਹੁਤ ਜ਼ਿਆਦਾ ਯਾਦ ਆਉਂਦੀ ਆ ਉਹ। 6 ਕੁ ਸਾਲਾਂ ਦਾ ਸੀ ਸਤਬੀਰ ਜਦੋਂ ਉਹ ਛੱਡ ਕੇ ਤੁਰ ਗਈ ਸੀ। 27 ਦਾ ਹੋ ਗਿਆ, ਵਿਆਹਿਆ ਵੀ ਗਿਆ। ਨੂੰਹ ਪੁੱਤ ਦੋਨੋਂ ਹੀ ਬਹੁਤ ਚੰਗੇ ਹਨ। ਕੁੱਝ ਹੀ ਮਹੀਨਿਆਂ ਵਿੱਚ ਕੁੜੀ ਨੇ ਸਾਰਾ ਘਰ ਹੀ ਸਾਂਭ ਲਿਆ। ਮੇਰਾ ਵੀ ਬਹੁਤ ਕਰਦੀ ਹੈ, ਰੋਟੀ-ਪਾਣੀ ਹਰ ਨਿੱਕੀ ਨਿੱਕੀ ਚੀਜ਼ ਦਾ ਵੀ ਧਿਆਨ ਰੱਖਦੀ ਹੈ। ਪਰ ਪਤਾ ਨਹੀਂ ਫਿਰ ਵੀ ਕਿਉਂ, ਦਿਲ ਬਹੁਤ ਕਾਹਲਾ ਪੈ ਜਾਂਦਾ। ਜੀਅ ਕਰਦਾ ਉਹ ਦੇ ਨਾਲ ਰੱਜ ਰੱਜ ਗੱਲਾਂ ਕਰਾਂ ਤੇ ਉਹ ਦੀਆਂ ਨਾ-ਮੁੱਕਣ ਵਾਲੀਆਂ ਗੱਲਾਂ ਦੇ ਹੁੰਗਾਰੇ ਭਰਦਾ ਭਰਦਾ ਹੀ ਸੌ ਜਾਵਾਂ ਪਰ ਨੀਂਦ ਤਾਂ ਆਉਂਦੀ ਹੀ ਨਹੀਂ।
ਨੂੰਹ-ਪੁੱਤ ਦੀ ਜਦੋਂ ਖਿੜ-ਖਿੜ ਹੱਸਦਿਆਂ ਦੀ ਆਵਾਜ਼ ਸੁਣਦਾ ਹਾਂ ਤਾਂ ਉਹ ਫੇਰ ਅੱਖਾਂ ਸਾਹਵੇਂ ਆਣ ਖੱਲੋਂ ਜਾਂਦੀ ਹੈ। ਮਨ ਵਿੱਚ ਆਇਆ ਉਦੋਂ ਬੀਬੀ ਦੀ ਗੱਲ ਮੰਨ ਦੂਜਾ ਵਿਆਹ ਕਰਾ ਲੈਂਦਾ ਤਾਂ ਚੰਗਾ ਸੀ ਪਰ ਦੂਜੇ ਹੀ ਪਲ ਆਵਦੀ ਸੋਚ ‘ਤੇ ਗਿਲਾਨੀ ਆ ਗਈ। ਉਹ ਦੇ ਨਾਲ ਧੋਖਾ ਤਾਂ ਮੈਂ ਮਰ ਕੇ ਵੀ ਨਹੀਂ ਕਮਾ ਸਕਦਾ। ਯਾਦ ਆਇਆ ਕਿਵੇਂ ਬੀਬੀ ਦੇ ਬਾਹਲਾ ਜ਼ੋਰ ਪਾਉਣ ਉੱਤੇ ਮੈਂ ਇੱਕ-ਦੋ ਕੁੜੀਆਂ ਦੇਖਣ ਵੀ ਗਿਆ ਸੀ। ਪਰ ਪਤਾ ਨਹੀਂ ਮਰਣ ਲੱਗੀ ਵੀ ਕਿਹੜਾ ਜਾਦੂ ਕਰ ਗਈ ਸੀ, ਮੇਰੇ ਤੋਂ ਤਾਂ ਕਿਸੇ ਵੱਲ ਅੱਖ ਭਰ ਕੇ ਦੇਖਿਆ ਵੀ ਨਾ ਗਿਆ। ਉਹ ਦੇ ਸ਼ਬਦ ਹੀ ਕੰਨਾਂ ਵਿੱਚ ਗੂੰਜਦੇ ਰਹੇ ਕਿ ਕਿਵੇਂ ਘੁੱਟ ਗਲਵੱਕੜੀ ਪਾ ਕੇ ਕਹਿੰਦੀ ਹੁੰਦੀ ਸੀ ਕਿ, “ਜੱਟਾਂ ਤੈਨੂੰ ਤਾਂ ਮੈਂ ਮਰ ਕੇ ਵੀ ਨਹੀਂ ਛੱਡਦੀ”। ਸੱਚਮੁੱਚ ਹੀ ਉਹ ਨੇ ਮੈਨੂੰ ਮਰ ਕੇ ਵੀ ਨਹੀਂ ਛੱਡਿਆ।
ਮੇਰੀ ਦੂਜੇ ਵਿਆਹ ਨੂੰ ਕੋਰੀ ਨਾਂਹ ਸੁਣ ਕੇ ਬੀਬੀ ਨੇ ਬਥੇਰੇ ਪੰਡਤ/ਬਾਬੇ ਗਾਹੇ ਪਰ ਮੇਰੇ ਤੇ ਕੋਈ ਅਸਰ ਨਾ ਹੋਇਆਂ। ਆਵਦੇ ਆਪ ਨੂੰ ਬੱਸ ਸਤਬੀਰ ਦੇ ਹੀ ਸਮਰਪਿਤ ਕਰ ਦਿੱਤਾ ਸੀ। ਕਦੇ ਕਦੇ ਮਨ ਬੋਝਲ ਹੋ ਜਾਣਾ ਤਾਂ ਯਾਰ ਦੋਸਤਾਂ ਨੇ ਵੀ ਕਹਿਣਾ ਕਿ ਪੈੱਗ ਲਾ ਲਿਆ ਕਰ ਪਰ ਜਿਸ ਪੈੱਗ ਪਿੱਛੇ ਉਹ ਲੜਦੀ ਹੁੰਦੀ ਸੀ ਉਹ ਵੀ ਛੁੱਟ ਗਿਆ ਸੀ। ਚਾਹ ਕੇ ਵੀ ਕਦੀ ਪੀ ਨਾ ਸਕਿਆ, ਸ਼ਾਇਦ ਜ਼ਿੰਦਗੀ ਦੇ ਸਾਰੇ ਚਾਅ-ਸ਼ੌਕ ਉਹ ਦੇ ਨਾਲ ਹੀ ਚਲੇ ਗਏ ਸਨ।
ਉਹ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਸੀ, ਵਿਹਲੇ ਸਮੇਂ ਕੁੱਝ ਪੜ੍ਹਦੀ ਜਾਂ ਗੁਣਗੁਣਾਉਂਦੀ ਰਹਿੰਦੀ। ਉਦੋਂ ਮੈਨੂੰ ਲੱਗਦਾ ਕਿ ਐਵੇਂ ਸਮਾਂ ਖ਼ਰਾਬ ਕਰਦੀ ਹੈ। ਪਰ ਉਦੇ ਜਾਣ ਬਾਅਦ ਉਹੀ ਕਿਤਾਬਾਂ ਮੇਰੀਆਂ ਸਾਥੀ ਬਣੀਆਂ। ਉਹ ਦੀ ਛੋਹ ਵਾਲੀਆਂ ਉਹ ਕਿਤਾਬਾਂ, ਜਿਨ੍ਹਾਂ ਦੇ ਵਰਕਿਆਂ ‘ਤੇ ਉਹ ਨੇ ਕਿਸੇ ਕਿਸੇ ਸਤਰ ਥੱਲੇ ਲਾਈਨਾਂ ਲਾ ਕੇ ਰੱਖੀਆਂ ਹੋਈਆਂ ਸਨ। ਮੈਂ ਚਿਰਾਂ ਤੱਕ ਉਨ੍ਹਾਂ ਨੂੰ ਪੜ੍ਹਦਾ ਤਾਂ ਲੱਗਦਾ ਜਿਵੇਂ ਉਹ ਮੁਸਕਰਾ ਰਹੀ ਆ। ਉਹ ਕਵਿਤਾ ਵਰਗੀ ਸੀ ਤੇ ਮੈਂ ਕੋਰਾ ਜੱਟ, ਉਹ ਦੇ ਜਿਊਂਦੇ ਜੀਅ ਕਦੇ ਸਮਝ ਹੀ ਨਾ ਸਕਿਆ ਉਹ ਨੂੰ। ਜਦੋਂ ਉਹ ਕਹਿੰਦੀ ਸੀ ਕਿ, “ਜਿਸਮਾਂ ਵਿੱਚ ਤਾਂ ਸਿਰਫ਼ ਲਗਾਅ ਹੁੰਦਾ, ਪਿਆਰ ਤਾਂ ਰੂਹਾਂ ਕਰਦੀਆਂ”, ਮੈਨੂੰ ਲੱਗਦਾ ਕਿ ਐਵੇਂ ਫ਼ਿਲਮੀ ਗੱਲਾਂ ਕਰਦੀ ਆ, ਪਰ ਉਹ ਦੇ ਜਾਣ ਬਾਅਦ ਸਮਝ ਆਇਆ ਕਿ ਸੱਚਮੁੱਚ ਪਿਆਰ ਤਾਂ ਰੂਹ ਨਾਲ ਹੀ ਹੁੰਦਾ, ਜਿਸਮ ਨਾਲ ਹੁੰਦਾ ਤਾਂ ਉਹ ਦੇ ਨਾਲ ਹੀ ਸੜ ਕੇ ਪਿਆਰ ਵੀ ਸਵਾਹ ਹੋ ਜਾਣਾ ਸੀ ਪਰ ਉਹ ਤਾਂ ਹੋਰ ਵੀ ਵੱਧ ਗਿਆ ਸੀ।
ਤੁਸੀਂ ਵੀ ਸੋਚਦੇ ਹੋਵੋਗੇ ਕਿ ਬੁੱਢਾ ਸੱਠਿਆ ਗਿਆ ਹੈ। ਮੈਨੂੰ ਵੀ ਇੰਜ ਹੀ ਲੱਗਦਾ ਜਦੋਂ ਮੇਰਾ ਜੀਅ ਕਰਦਾ ਕਿ ਮੈਂ ਉਹ ਨੂੰ ਆਵਾਜ਼ ਦੇਵਾਂ ਪਰ ਗੱਲਾ ਭਰ ਆਉਂਦਾ ਤੇ ਰੋਣ ਨਿਕਲ ਜਾਂਦਾ। ਹੰਝੂ ਵੀ ਲੱਕੋਂ ਲੈਂਦਾ ਕਿ ਨੂੰਹ-ਪੁੱਤ ਕਿਤੇ ਮੈਨੂੰ ਸ਼ੁਦਾਈ ਹੀ ਨਾਂ ਸਮਝਣ। ਬੱਸ ਹੁਣ ਮਨ ਭਰ ਗਿਆ ਜ਼ਿੰਦਗੀ ਤੋਂ ਉਹ ਦੇ ਕੋਲ ਜਾਣ ਨੂੰ ਜੀਅ ਕਰਦਾ। ਪਰ ਅੱਜ ਮਨ ਥੋੜ੍ਹਾ ਠੀਕ ਹੈ, ਪੁੱਤ ਨੇ ਖ਼ਬਰ ਦਿੱਤੀ ਹੈ ਕਿ ਮੈਂ ਦਾਦਾ ਬਣਨ ਵਾਲਾ ਹਾਂ। ਉਹ ਦੇ ਲਾਏ ਬੂਟੇ ਨੂੰ ਫਲ ਲੱਗਣ ਲੱਗਾ, ਖ਼ੁਸ਼ ਤਾਂ ਹੋਣਾ ਹੀ ਹੈ।
ਆਖ਼ਰ ਉਹ ਭਾਗਾਂ ਵਾਲਾ ਦਿਨ ਵੀ ਆ ਗਿਆ। ਪੋਤਰੀ ਹੋਈ ਹੈ, ਮੈ ਭੱਜ ਕੇ ਮਠਿਆਈ ਲੈ ਕੇ ਹਸਪਤਾਲ ਪਹੁੰਚਿਆਂ, ਜਦੋਂ ਪੋਤਰੀ ਮੇਰੀ ਝੋਲੀ ਪਾਈ ਤਾਂ ਅੱਖਾਂ ਨੂੰ ਯਕੀਨ ਹੀ ਨਾਂ ਆਇਆ, ਹੂ-ਬਹੂ ਉਹੀ ਚਿਹਰਾ। ਉਸ ਨਿੱਕੀ ਜਿਹੀ ਨੇ ਵੀ ਝੱਟ ਮੇਰੀ ਉਂਗਲ ਫੜ੍ਹ ਲਈ। ਜਾਪਿਆ ਮੇਰਾ ਸੰਤਾਪ ਪੂਰਾ ਹੋ ਗਿਆ।
ਜ਼ਿੰਦਗੀ ਫਿਰ ਤੋਂ ਸੋਹਣੀ ਲੱਗਦੀ ਹੈ, ਪੋਤਰੀ ਦੀਆਂ ਤੋਤਲੀਆਂ ਗੱਲਾਂ ਤੇ ਮੁਸਕਰਾਹਟਾਂ ਵਿੱਚ ਮੈਨੂੰ ਉਹੀ ਦਿਸਦੀ ਹੈ। ਮੈਂ ਸੱਚੀ ਸੱਠਿਆਂ ਗਿਆ ਹਾਂ ਪਰ ਹੁਣ ਮੈਂ ਅਜੇ ਹੋਰ ਜਿਊਣਾ ਹੈ।
ਲੇਖਕਾ – ਹਰਪ੍ਰੀਤ ਬਰਾੜ ਸਿੱਧੂ, E-mail: brar8harpreet@yahoo.com