ਚਾਰ ਦੇਸ਼ਾਂ ਦੇ ਹਾਕੀ ਟੂਰਨਾਮੈਂਟ ਦਾ ਅੱਖੀ ਡਿੱਠਾ ਹਾਲ

ਅਮਰਿੰਦਰ ਸਿੰਘ ਤੇ ਨਵਦੀਪ ਕਟਾਰੀਆ ਦੀ ਖਾਸ ਰਿਪੋਰਟ
ਚਾਰ ਦੇਸ਼ਾਂ ਦੇ ਹਾਕੀ ਟੂਰਨਾਮੈਂਟ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਨਿਊਜ਼ੀਲੈਂਡ ਦਾ ਦੌਰਾ ਕੀਤਾ। ਇਸ ਟੂਰਨਾਮੈਂਟ ਦੌਰਾਨ ਭਾਵੇਂ ਭਾਰਤੀ ਟੀਮ ਕੋਲ ਗੁਆਉਣ ਵਾਸਤੇ ਕੁੱਝ ਵੀ ਨਹੀਂ ਸੀ, ਪਰ ਭਾਰਤੀ ਹਾਕੀ ਟੀਮ ਨੇ ਇਸ ਟੂਰਨਾਮੈਂਟ ਵਿੱਚ ਹਾਸਲ ਬਹੁਤ ਕੁੱਝ ਕੀਤਾ। ਰੀਤੂ ਰਾਣੀ ਦੀ ਕਪਤਾਨੀ ਵਿੱਚ 18 ਮੈਂਬਰੀ ਭਾਰਤੀ ਮਹਿਲਾ ਹਾਕੀ ਟੀਮ ਨੇ ਇਸ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਭਾਵੇਂ ਤੀਸਰਾ ਸਥਾਨ ਹਾਸਲ ਕੀਤਾ।
ਇਸ ਲੇਖ ਵਿੱਚ ਭਾਰਤੀ ਹਾਕੀ ਟੀਮ ਦੇ ਨਿਊਜ਼ੀਲੈਂਡ ਵਿੱਚ ਸਵਾਗਤ ਤੋਂ ਲੈ ਕੇ ਉਨ੍ਹਾਂ ਦੇ ਵਤਨ ਵਾਪਸੀ ਅਤੇ ਟੂਰਨਾਮੈਂਟ ਦੌਰਾਨ ਉਨ੍ਹਾਂ ਦੇ ਪ੍ਰਦਰਸ਼ਨ ਅਤੇ ਕੀਤੀਆ ਖਾਸ ਗੱਲਾਬਾਤਾਂ ਦੇ ਕੁੱਝ ਪਹਿਲੂ ਵੀ ਪੇਸ਼ ਕਰਦੇ ਚੱਲਾਂਗੇ। 9 ਅਪ੍ਰੈਲ ਨੂੰ ਆਕਲੈਂਡ ਅੰਤਰਰਾਸ਼ਟਰੀ ਏਅਰ-ਪੋਰਟ ‘ਤੇ ਭਾਰਤੀ ਹਾਕੀ ਟੀਮ, ਕੋਚ ਸੀ. ਆਰ. ਕੁਮਾਰ ਮੈਨੇਜਰ ਫਿਰੌਜ ਅਨਸਾਰੀ, ਸਹਾਇਕ ਮੈਨੇਜਰ ਇੰਦਰਜੀਤ ਸਿੰਘ ਗਿੱਲ, ਸਹਾਇਕ ਕੋਚ ਚਾਨੂੰ, ਦੀਨਾ ਬ੍ਰਿਜ ਅਤੇ ਟੀਮ ਡਾਕਟਰ ਮੀਨਾ ਕੁਮਾਰ ਨਾਲ ਪਹੁੰਚੀ, ਜਿਨ੍ਹਾਂ ਦੇ ਸਵਾਗਤ ਲਈ ਪੰਜਾਬੀ ਭਾਈਚਾਰਾ ਖਾਸ ਤੌਰ ‘ਤੇ ਮੌਜੂਦ ਸੀ। ਟੀਮ ਪ੍ਰਬੰਧਨ ਅਤੇ ਖਿਡਾਰਨਾਂ ਨੇ ਜਦ ਭਾਰਤੀ ਹਾਕੀ ਪ੍ਰਸੰਸਕਾਂ ਦੇ ਹੱਥ ਤਿਰੰਗੇ ਝੰਡੇ ਅਤੇ ਤਾੜੀਆਂ ਦੀ ਗੜਗੜਾਹਟ ਸੁਣੀ ਤਾਂ ਖੁਸ਼ੀ ਭਰੇ ਚਿਹਰੇ ਦੇਖਣ ਯੋਗ ਸਨ।
ਸਵਾਗਤ ਤੋਂ ਬਾਅਦ 10 ਅਪ੍ਰੈਲ ਨੂੰ ਇਕ ਵਾਰ ਫਿਰ ਟੀਮ ਪ੍ਰਬੰਧਨ ਦੇ ਨਾਲ ਹੋਟਲ ਵਿੱਚ ਗੱਲਬਾਤ ਕਰਨ ਦਾ ਮੌਕਾ ਮਿਲਿਆ। ਇਸ ਗੱਲਬਾਤ ਵਿੱਚ ਹਾਕੀ ਦੇ ਭਵਿੱਖ ਨੂੰ ਲੈ ਕੇ ਕਾਫੀ ਉਸਾਰੂ ਵਿਚਾਰ ਚਰਚਾ ਹੋਈ। 12 ਅਪ੍ਰੈਲ ਨੂੰ ਭਾਰਤੀ ਮਹਿਲਾ ਹਾਕੀ ਟੀਮ ਨੇ ਨਿਊਜ਼ੀਲੈਂਡ ਦੇ ਖਿਲਾਫ ਆਪਣੀ ਪਹਿਲਾ ਮੈਚ ਨਾਰਥ ਹਾਰਵਰ ਹਾਕੀ ਸਟੇਡੀਅਮ ਵਿਖੇ ਖੇਡਿਆ, ਜਿਸ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦੀਆਂ ਸਿਰਫ 6 ਸੀਨੀਅਰ ਖਿਡਾਰਨਾਂ ਸ਼ਾਮਿਲ ਸਨ। ਇਸ ਮੈਚ ਵਿੱਚ ਭਾਰਤੀ ਹਾਕੀ ਟੀਮ ਨੂੰ 2-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਵਿਸ਼ਵ ‘ਚ 6 ਦਰਜਾ ਹਾਸਲ ਨਿਊਜ਼ੀਲੈਂਡ ਦੀ ਟੀਮ ਨੂੰ 13ਵਾਂ ਦਰਜਾ ਹਾਸਲ ਭਾਰਤੀ ਟੀਮ ਵਲੋਂ 2-1 ‘ਤੇ ਰੋਕਣਾ, ਇਕ ਵੱਡੀ ਸਫਲਤਾ ਭਾਵੇਂ ਨਹੀਂ ਕਹੀ ਜਾ ਸਕਦੀ, ਪਰ ਇਹ ਪ੍ਰਦਰਸ਼ਨ ਪ੍ਰਸ਼ੰਸਾਯੋਗ ਸੀ। ਭਾਰਤੀ ਟੀਮ ਨੇ ਆਪਣਾ ਦੂਸਰਾ ਮੈਚ 13 ਅਪ੍ਰੈਲ ਨੂੰ ਵਿਸ਼ਵ ਦੀ 10ਵਾਂ ਦਰਜਾ ਹਾਸਿਲ ਅਮਰੀਕਾ ਵਿਰੁੱਧ ਖੇਡਿਆ ਜੋ ਕਿ 1-1 ਗੋਲ ਨਾਲ ਬਰਾਬਰ ਰਿਹਾ, ਪਰ ਇਹ ਮੈਚ ਭਾਰਤੀ ਮਹਿਲਾ ਟੀਮ ਨਾਲ ਲਈ ‘ਫੌਜਾਂ ਅੰਤ ਲਈ ਹਾਰੀਆਂ ਨੇ’ ਵਾਂਗ ਹੋ ਨਿੱਬੜਿਆ, ਕਿਉਂਕਿ ਅਮਰੀਕਾ ਵਲੋਂ ਮੈਚ ਦੇ ਆਖਰੀ ਮਿੰਟਾਂ ਵਿੱਚ ਬਰਾਬਰੀ ਦਾ ਗੋਲ ਕੀਤਾ ਗਿਆ ਸੀ। ਭਾਰਤ ਦਾ ਆਖਰੀ ਰਾਊਂਡ ਰੋਬਿਨ ਮੁਕਾਬਲਾ ਆਸਟਰੇਲੀਆ ਨਾਲ ਹੋਇਆ ਜਿਸ ਨੂੰ ਆਸਟਰੇਲੀਆ ਨੇ 1-0 ਨਾਲ ਜਿੱਤਿਆ। …
ਪਹਿਲੇ ਗੇੜ ਦੇ ਤੀਸਰੇ ਅਤੇ ਚੌਥੇ ਸਥਾਨ ਦੇ ਲਈ ਅਮਰੀਕਾ ਅਤੇ ਭਾਰਤ ਆਹਮੋ-ਸਾਹਮਣੇ ਹੋਏ। ਜਿਸ ਵਿੱਚ ਦੋਵੇਂ ਟੀਮਾਂ 1-1 ਗੋਲ ਦੀ ਬਰਾਬਰੀ ‘ਤੇ ਰਹੀਆਂ ਅਤੇ ਅਮਰੀਕਾ ਦੀ ਟੀਮ ਨੂੰ ਗੋਲਡਨ ਗੋਲ ਪ੍ਰਣਾਲੀ ਦਾ ਲਾਹਾ ਲੈਂਦੀ ਹੋਈ ਮੈਚ ਜਿੱਤ ਗਈ ਅਤੇ ਭਾਰਤੀ ਟੀਮ ਤੀਸਰਾ ਸਥਾਨ ਹਾਸਿਲ ਕਰਨ ਤੋਂ ਖੁੰਝ ਗਈ। ਇਸ ਟੂਰਨਾਮੈਂਟ ਦੇ ਪਹਿਲੇ ਗੇੜ ਦੀਆਂ ਉਪਲੱਬਧੀਆਂ ਵਿੱਚ ਭਾਰਤੀ ਟੀਮ ਨੇ ਆਸਟਰੇਲੀਆ ਤੋਂ ਬਾਅਦ ਸਭ ਤੋਂ ਘੱਟ ਗੋਲ ਖਾਧੇ ਜਦੋਂ ਕਿ ਭਾਰਤੀ ਟੀਮ ਦੀ ਹੋਣਹਾਰ ਖਿਡਾਰਣ ਅਸੁੰਤਾ ਲਾਕੜਾ ਨੇ ਆਪਣੇ 100 ਅੰਤਰਰਾਸ਼ਟਰੀ ਟੈਸਟ ਪੂਰੇ ਕੀਤੇ। ਇਸ ਟੂਰਨਾਮੈਂਟ ਵਿੱਚ ਉੱਭਰਕੇ ਆਇਆ ਇਕ ਹੋਰ ਤੱਥ ਵੀ ਆਪਣੇ ਪਾਠਕਾਂ ਨਾਲ ਸਾਂਝਾ ਕਰਨਾ ਚਾਹਾਂਗੇ, ਜਿਸ ਵਿੱਚ ਇਹ ਦੱਸਣਾ ਜ਼ਰੂਰੀ ਹੈ ਕਿ ਜਿੱਥੇ ਭਾਰਤੀ ਮਹਿਲਾ ਹਾਕੀ ਟੀਮ ਦੇ ਖਿਲਾਫ ਵਿਰੋਧੀ ਟੀਮਾਂ ਵਿੱਚ ੫ ਤੋਂ 9 ਤੱਕ ਅਜਿਹੇ ਖਿਡਾਰੀ ਸਨ ਜੋ 100 ਟੈਸਟ ਖੇਡ ਚੁੱਕੇ ਸਨ, ਉੱਥੇ ਭਾਰਤੀ ਟੀਮ ਵਿੱਚ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਸਿਰਫ ਭਾਰਤੀ ਕਪਤਾਨ ਹੀ 100 ਤੋਂ ਉੱਪਰ ਅੰਤਰਰਾਸ਼ਟਰੀ ਮੈਚ ਖੇਡਣ ਦਾ ਤਜ਼ਰਬਾ ਰੱਖਦੀ ਸੀ। ਇਸ ਟੂਰਨਾਮੈਂਟ ਵਿੱਚ ਭਾਰਤੀ ਹਾਕੀ ਟੀਮ ਨੂੰ ਪ੍ਰਸੰਸਕਾਂ ਦੀ ਕਮੀ ਵੀ ਮਹਿਸੂਸ ਹੋਈ।
17 ਅਪ੍ਰੈਲ ਨੂੰ ਭਾਰਤੀ ਹਾਕੀ ਟੀਮ ਅਤੇ ਪ੍ਰਬੰਧਨ ਨਾਲ ਇਕ ਵਾਰ ਫਿਰ ਮਿਲਣ ਦਾ ਮੌਕਾ ਮਿਲਿਆ, ਖੂਬ ਹੱਸੇ ਅਤੇ ਖੂਬ ਗੱਲਬਾਤਾਂ ਕੀਤੀਆਂ ਅਤੇ ਭਾਰਤੀ ਟੀਮ ਦੇਰ ਰਾਤ ਤੱਕ ਇਸ ਮਾਹੌਲ ਵਿੱਚ ਮਗਨ ਰਹੀ, ਪਰ ਦੂਸਰੇ ਦਿਨ 18 ਅਪ੍ਰੈਲ ਨੂੰ ਭਾਰਤੀ ਹਾਕੀ ਟੀਮ ਨੂੰ ਇਸ ਦੇਰੀ ਦਾ ਨੁਕਸਾਨ ਝੱਲਣਾ ਪਿਆ, ਜਿਸ ਵਿੱਚ ਭਾਰਤੀ ਟੀਮ 3-0 ਨਾਲ ਹਾਰੀ। ਇਹ ਟੂਰਨਾਮੈਂਟ ਲਾਇਡ ਅੱਲਸਮੋਰ ਹਾਕੀ ਸਟੇਡੀਅਮ ਪਾਕੂਰੰਗਾਂ ਵਿਖੇ ਖੇਡਿਆ ਗਿਆ। ਦੂਸਰੇ ਮੈਚ ਵਿੱਚ ਭਾਰਤੀ ਟੀਮ 19 ਅਪ੍ਰੈਲ ਨੂੰ ਆਸਟਰੇਲੀਆ ਹੱਥੋਂ 5-2 ਨਾਲ ਹਾਰੀ, ਜਦੋਂ ਕਿ ਅਮਰੀਕਾ ਦੀ ਟੀਮ ਆਸਟਰੇਲੀਆ ਹੱਥੋਂ 5-0 ਅਤੇ ਨਿਊਜ਼ੀਲੈਂਡ ਦੀ ਟੀਮ 3-3 ਨਾਲ ਬਰਾਬਰ ਰਹੀ। 21 ਅਪ੍ਰੈਲ ਨੂੰ ਭਾਰਤੀ ਹਾਕੀ ਟੀਮ ਨੇ ਪੂਰੇ ਦੌਰੇ ਦਾ ਲਾਜਵਾਬ ਪ੍ਰਦਰਸ਼ਨ ਕੀਤਾ। ਮੇਜ਼ਬਾਨ ਟੀਮ ਨਿਊਜ਼ੀਲੈਂਡ ਦੇ ਖਿਲਾਫ ਭਾਰਤੀ ਟੀਮ ਨੇ 3-3 ਨਾਲ ਮੈਚ ਬਰਾਬਰ ਖੇਡਿਆ। ਇਸ ਪ੍ਰਦਰਸ਼ਨ ਲਈ ਭਾਰਤੀ ਹਾਕੀ ਟੀਮ ਦੇ ਪ੍ਰਸੰਸਕਾਂ ਦਾ ਖਾਸ ਯੋਗਦਾਨ ਰਿਹਾ ਅਤੇ ਪੰਜਾਬੀ ਵਿੱਚ ਕੁੱਝ ਖਿਡਾਰਨਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਜੇਕਰ ਤੁਸੀਂ ਕੱਲ ਵੀ ਆਉਂਦੇ ਤਾਂ ਅਸੀਂ ਨਹੀਂ ਹਾਰਨਾ ਸੀ।
ਦੂਜੇ ਗੇੜ ਵਿੱਚ ਮੁੜ ਭਾਰਤੀ ਟੀਮ ਤੀਸਰੇ ਅਤੇ ਚੌਥੇ ਸਥਾਨ ਦੇ ਲਈ ਅਮਰੀਕਾ ਦੇ ਸਾਹਮਣੇ ਸੀ। ਇਸ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਮੈਚ ਦੇ ਪਹਿਲੇ 25 ਮਿੰਟ ਅਮਰੀਕਾ ਦੀ ਟੀਮ ‘ਤੇ ਕਾਫੀ ਦਬਾਅ ਬਣਾਇਆ। ਮੈਚ ਦੇ ਪਹਿਲੇ ਅੱਧ ਵਿੱਚ ਦੋਵੇਂ ਟੀਮਾਂ ਬਿਨਾਂ ਕਿਸੇ ਗੋਲ ਦੇ ਬਰਾਬਰ ਰਹੀਆਂ। ਦੂਸਰੇ ਅੱਧ ਵਿੱਚ ਭਾਰਤੀ ਟੀਮ ਨੇ ਇਕ ਤੋਂ ਬਾਅਦ ਇਕ ਹਮਲੇ ਕੀਤੇ, ਨਤੀਜੇ ਵਜੋਂ ਇਸ ਟੂਰਨਾਮੈਂਟ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਕਿ ਭਾਰਤੀ ਹਾਕੀ ਟੀਮ ਨੇ ਵਿਰੋਧੀ ਟੀਮ ਤੋਂ ਜਿਆਦਾ ਪੈਨਲਟੀ ਕਾਰਨਰ ਹਾਸਿਲ ਕੀਤੇ। ਮੈਚ ਦੇ 58ਵੇਂ ਮਿੰਟ ਵਿੱਚ ਦੀਪਿਕਾ ਨੇ ਸ਼ਾਨਦਾਰ ਗੋਲ ਕਰਕੇ ਭਾਰਤੀ ਟੀਮ ਨੂੰ ਇਕ ਗੋਲ ਦੀ ਅਜੇਤੂ ਲੀਡ ਹਾਸਿਲ ਕਰਵਾਈ। ਅਮਰੀਕੀ ਕੋਚ ਨੇ ਮੈਚ ਦੇ ਆਖਰੀ ਮਿੰਟਾਂ ਦੌਰਾਨ ਗੋਲਕੀਪਰ ਨੂੰ ਬਹਾਰ ਕਰਕੇ 12 ਖਿਡਾਰੀ ਕਰਦਿਆਂ ਜੋ ਨਿਯਮਾਂ ਅਨੁਸਾਰ ਸੰਭਵ ਹੈ। ਹਮਲੇ ਨੂੰ ਤੇਜ਼ ਕਰਨਾ ਚਾਹਿਆ ਪਰ ‘ਚੱਕਦੇ ਇੰਡੀਆ’, ‘ਜਿਤੇਗਾ ਇੰਡੀਆ’ ਦੇ ਨਾਅਰਿਆਂ ਦੇ ਵਿੱਚ ਭਾਰਤੀ ਹਾਕੀ ਟੀਮ ਦੀਆਂ ਹੋਣਹਾਰ ਖਿਡਾਰਨਾਂ ਨੇ ਵਿਸ਼ਵ ਦੀ ਨੰਬਰ 10 ਅਤੇ ਉਲੰਪਿਕ ਲਈ ਕੁਆਲਾਈਫਾਈ ਕਰ ਚੁੱਕੀ ਟੀਮ ਨੂੰ ਹਰਾ ਕੇ ਤੀਸਰਾ ਸਥਾਨ ਹਾਸਿਲ ਕੀਤਾ।
ਇਸ ਟੂਰਨਾਮੈਂਟ ਦੇ ਦੂਸਰੇ ਗੇੜ ਵਿੱਚ ਭਾਰਤੀ ਟੀਮ ਦੀਆ ਸੀਨੀਅਰ ਖਿਡਾਰਨਾਂ ਨੇ ਬਾਖੂਬੀ ਖੇਡ ਦਿਖਾਈ, ਜਿਨ੍ਹਾਂ ਵਿੱਚ ਰੀਤੂ ਰਾਣੀ, ਰੀਤੂ, ਕਿਰਨਦੀਪ, ਚਨਚਨ ਦੇਵੀ, ਅਨੁਰਾਧਾ, ਦੀਪਿਕਾ, ਵੰਦਨਾ, ਜ਼ਿੰਕੀ ਅਤੇ ਪਹਾੜ ਵਾਂਗ ਅੱਟਲ ਰਹੀ ਗੋਲਕੀਪਰ ਯੋਗਿਤਾ ਬਾਲੀ ਦਾ ਨਾਮ ਆਉਂਦਾ ਹੈ। ਇਸ ਦੂਸਰੇ ਗੇੜ ਦੇ ਟੂਰਨਾਮੈਂਟ ਵਿੱਚ ਭਾਰਤੀ ਹਾਕੀ ਟੀਮ ਦੀ ਗੋਲਕੀਪਰ ਯੋਗਿਤਾ ਬਾਲੀ ਨੂੰ ਸਰਵੋਤਮ ਗੋਲਕੀਪਰ ਦੇ ਐਵਾਰਡ ਨਾਲ ਨਵਾਜਿਆ ਗਿਆ। ਇਸ ਜਿੱਤ ਦੇ ਨਾਲ ਭਾਰਤੀ ਮਹਿਲਾ ਹਾਕੀ ਟੀਮ ਦੇ ਆਉਣ ਵਾਲੇ ਦਿਨ ਕੁੱਝ ਵਧੀਆ ਦਿਖਣ ਲੱਗੇ ਹਨ। ਨਵੀਆਂ ਖਿਡਾਰਨਾਂ ਦੇ ਜਨੂਨ ਅਤੇ ਜੋਸ਼, ਸੀਨੀਅਰ ਖਿਡਾਰਨਾਂ ਦੇ ਤਜ਼ਰਬੇ ਅਤੇ ਖੇਡ ਦੀ ਸਮਝ ਨੇ ਖੂਬ ਦਿਲ ਟੁੰਬਿਆ। ਅਕਸਰ ਭਾਰਤੀ ਹਾਕੀ ਜਾਂ ਖੇਡ ਪ੍ਰੇਮੀ ਹਾਕੀ ਦੇ ਵਿਸ਼ਲੇਸ਼ਕ ਬਣਕੇ ਉਸ ਦੀ ਖੂਬ ਅਲੋਚਨਾ ਕਰ ਦਿੰਦੇ ਹਨ ਪਰ ਦਿਲ ਨਿਰਾਸ਼ ਹੋਇਆ ਜਦ ਉਹ ਆਲੋਚਕ ਸਿਰਫ ਆਪਣੀ ਤੰਗ ਦਿਲੀ ਦਾ ਸ਼ਿਕਾਰ ਹੁੰਦੇ ਸਾਫ ਦੇਖੇ ਗਏ ਅਤੇ ਕੋਈ ਵਿਰਲਾ ਹੀ ਭਾਰਤੀ ਹਾਕੀ ਟੀਮ ਦੇ ਸਵਾਗਤ ਮੌਕੇ, ਉਨ੍ਹਾਂ ਦੀ ਜਿੱਤ ਮੌਕੇ ਜਾਂ ਉਨ੍ਹਾਂ ਦੀ ਹਾਰ ਮੌਕੇ ਹਾਅ ਦਾ ਨਾਅਰਾ ਲਾਉਣ ਪੁੱਜਾ ਹੋਵੇ।