ਜਸਟਿਸ ਯੂ.ਯੂ. ਲਲਿਤ ਨੂੰ ਭਾਰਤ ਦਾ 49ਵਾਂ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ

ਨਵੀਂ ਦਿੱਲੀ, 10 ਅਗਸਤ – ਜਸਟਿਸ ਉਦੈ ਉਮੇਸ਼ ਲਲਿਤ ਨੂੰ ਅੱਜ ਭਾਰਤ ਦਾ 49ਵਾਂ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਉਨ੍ਹਾਂ ਦੀ ਇਸ ਨਵੀਂ ਨਿਯੁਕਤੀ ਸਬੰਧੀ ਵਾਰੰਟ ’ਤੇ ਸਹੀ ਪਾ ਦਿੱਤੀ ਹੈ। ਜਸਟਿਸ ਲਲਿਤ 27 ਅਗਸਤ ਨੂੰ ਅਹੁਦੇ ਦਾ ਚਾਰਜ ਲੈਣਗੇ। ਮੌਜੂਦਾ ਸੀਜੇਆਈ ਐੱਨ.ਵੀ.ਰਾਮੰਨਾ 26 ਅਗਸਤ ਨੂੰ ਸੇਵਾਮੁਕਤ ਹੋ ਰਹੇ ਹਨ। ਕਾਨੂੰਨ ਮੰਤਰਾਲੇ ਨੇ ਇਕ ਨੋਟੀਫਿਕੇਸ਼ਨ ਵਿੱਚ ਕਿਹਾ, ‘‘ਸੰਵਿਧਾਨ ਦੀ ਧਾਰਾ 124 ਦੀ ਕਲਾਜ਼ 2 ਤਹਿਤ ਮਿਲੀਆਂ ਸ਼ਕਤੀਆਂ ਨੂੰ ਅਮਲ ਵਿੱਚ ਲਿਆਉਂਦਿਆਂ ਰਾਸ਼ਟਰਪਤੀ ਨੂੰ ਸੁਪਰੀਮ ਕੋਰਟ ਦੇ ਜੱਜ ਸ੍ਰੀ ਜਸਟਿਸ ਉਦੈ ਉਮੇਸ਼ ਲਲਿਤ ਨੂੰ 27 ਅਗਸਤ 2022 ਤੋਂ ਭਾਰਤ ਦਾ ਚੀਫ਼ ਜਸਟਿਸ ਨਿਯੁਕਤ ਕਰਦਿਆਂ ਖ਼ੁਸ਼ੀ ਹੋ ਰਹੀ ਹੈ।’’ ਜਸਟਿਸ ਲਲਿਤ ਦਾ ਸੀਜੇਆਈ ਵਜੋਂ ਕਾਰਜਕਾਲ ਤਿੰਨ ਮਹੀਨਿਆਂ ਤੋਂ ਘੱੱਟ ਸਮੇਂ ਦਾ ਹੋਵੇਗਾ। ਉਹ 8 ਨਵੰਬਰ ਨੂੰ ਸੇਵਾ ਮੁਕਤ ਹੋਣਗੇ। ਇਸ ਦੌਰਾਨ ਭਾਰਤ ਦੇ ਚੀਫ਼ ਜਸਟਿਸ ਐੱਨ.ਵੀ.ਰਾਮੰਨਾ ਨੇ ਜਸਟਿਸ ਯੂ.ਯੂ.ਲਲਿਤ ਨੂੰ ਆਪਣਾ ਜਾਨਸ਼ੀਨ ਨਿਯੁਕਤ ਕੀਤੇ ਜਾਣ ਦੀ ਵਧਾਈ ਦਿੱਤੀ ਹੈ। ਸੀਜੇਆਈ ਰਾਮੰਨਾ ਨੇ ਕਾਨੂੰਨ ਮੰਤਰਾਲੇ ਨੂੰ 3 ਅਗਸਤ ਨੂੰ ਲਿਖੇ ਪੱਤਰ ਵਿੱਚ ਆਪਣੇ ਜਾਨਸ਼ੀਨ ਵਜੋਂ ਜਸਟਿਸ ਲਲਿਤ ਦੇ ਨਾਂ ਦੀ ਸਿਫਾਰਸ਼ ਕੀਤੀ ਸੀ। ਜਸਟਿਸ ਰਾਮੰਨਾ ਨੇ ਭਰੋਸਾ ਜਤਾਇਆ ਕਿ ਜਸਟਿਸ ਲਲਿਤ ਆਪਣੀ ਯੋਗ ਅਗਵਾਈ ਰਾਹੀਂ ਨਿਆਂਪਾਲਿਕਾ ਨੂੰ ਨਵੀਆਂ ਬੁਲੰਦੀਆਂ ’ਤੇ ਲਿਜਾਣਗੇ।