ਜੰਕ ਫ਼ੂਡਸ

ਲੇਖਕਾ – ਨਰੇਸ਼ ਕੁਮਾਰੀ (ਨਿਊਜ਼ੀਲੈਂਡ)
ਮੋਬਾਈਲ: 02041755894

ਇਸ ਸੰਸਾਰ ਵਿੱਚ ਮਨੁੱਖ ਤੇ ਹਰ ਜੀਵ ਜੰਤੂ ਨੂੰ ਆਪਣੀ ਭੁੱਖ ਮਿਟਾਉਣ ਲਈ ਭੋਜਨ ਦੀ ਲੋੜ ਹੁੰਦੀ ਹੈ। ਇਸੇ ਖ਼ੁਰਾਕ ਉੱਤੇ ਸਰੀਰਕ ਤੇ ਮਾਨਸਿਕ ਵਾਧਾ ਤੇ ਵਿਕਾਸ ਨਿਰਭਰ ਹੁੰਦੇ ਹਨ। ਪ੍ਰਭੂ ਪ੍ਰਮਾਤਮਾ ਨੇ ਹਰ ਪ੍ਰਾਣੀ ਲਈ, ਉਸ ਦੇ ਜੀਵਨ ਭਰ ਲਈ ਭੋਜਨ ਦੀ ਇੱਕ ਨਿਰਧਾਰਿਤ ਮਿਕਦਾਰ ਚੁਣੀ ਹੁੰਦੀ ਹੈ। ਇਸ ਲਈ ਉਸ ਨੂੰ ਆਪਣੇ ਜੀਵਨ ਵਿੱਚ ਉਹੀ ਮਾਤਰਾ ਇਸਤੇਮਾਲ ਕਰਨੀ ਹੁੰਦੀ ਹੈ। ਸਾਡੇ,ਮਨੁੱਖੀ ਜੀਵਾਂ ਕੋਲ ਬੁੱਧੀ ਤੇ ਵਿਵੇਕ, ਬਾਕੀ ਜੀਵਾਂ ਨਾਲੋਂ ਅਨਿੱਖੜਵੀਂ ਤੇ ਵਡਮੁੱਲੀ ਦਾਤ ਪ੍ਰਭੂ ਵੱਲੋਂ ਮਿਲੀ ਹੋਈ ਹੈ l ਜਦੋਂ ਮਨੁੱਖ ਭੋਜਨ ਪਦਾਰਥਾਂ ਦੀ, ਇਸ ਦਿੱਤੀ ਮਿਕਦਾਰ ਤੋਂ ਹਟਕੇ ਸਿਰਫ਼ ਸਵਾਦਾਂ ਵੱਸ ਪੈ ਕਿ ਫ਼ਾਲਤੂ ਵਸਤੂਆਂ ਨੂੰ ਭੋਜਨ ਸ਼ਰੇਣੀ ਵਿੱਚ ਰੋਜ਼ਮੱਰਾ ਦਾ ਹਿੱਸਾ ਬਣਾ ਲੈਂਦਾ ਹੈ, ਤਾਂ ਉਹ ਕੁਦਰਤ ਦੇ ਬਣਾਏ ਨਿਯਮਾਂ ਦੀ ਉਲੰਘਣਾ ਕਰਨ ਲੱਗ ਜਾਂਦਾ ਹੈ। ਇਹੀ ਉਲੰਘਣਾ ਵਕਤੀ ਤੌਰ ‘ਤੇ ਤਾਂ ਬੇਅੰਤ ਅਨੰਦ ਦਿੰਦੀ ਹੈ, ਪਰ ਰੋਜ਼ਾਨਾ ਦਾ ਇਸਤੇਮਾਲ ਸਰੀਰ ਤੇ ਮਨ ਨੂੰ ਰੋਗੀ ਬਣਾਉਣ ਲੱਗਿਆਂ ਕੋਈ ਉਮਰ ਜਾਂ ਸਮਾਂ ਨਹੀਂ ਦੇਖਦਾ. ਕੁਝ ਆਲਮਤਾਂ ਤਾਂ ਲਾਇਲਾਜ ਹੋਣ ਕਾਰਨ, ਜਾਨ ਤੋਂ ਹੱਥ ਧੁਆ ਦਿੰਦੀਆਂ ਹਨ।
ਜੰਕ ਫ਼ੂਡਸ ਦੀ ਆਦਤ ਦੇ ਕਾਰਨ :
* ਦਿਖਾਵੇਬਾਜ਼ੀ /ਫੁਕਰਾਪਨ : ਅੱਜਕੱਲ੍ਹ ਲਗਭਗ ਹਰ ਵਸਤੂ ਲਈ, ਦਿਖਾਵੇ ਦੀ ਹੋੜ ਲੱਗੀ ਹੋਈ ਹੈ। ਜੇ ਅਸੀਂ ਬਾਹਰ ਪਕੌੜੇ ਵੀ ਖਾ ਰਹੇ ਹੋਈਏ ਤਾਂ ਸੋਸ਼ਲ ਮੀਡੀਆ ਤੇ ਲਾਈਵ ਹੋ ਕਿ ਦੱਸਣਾ ਆਪਣੀ ਸ਼ਾਨ ਸਮਝਦੇ ਹਾਂ ਜਿਵੇਂ ਕਿ, “enjoying lale de delecious pakaurras with special catch up”. ‘ਚਾਚੇ ਦੀ ਧੀ ਚੱਲੀ, ਤੇ ਮੈਂ ਕਿਉਂ ਰਹਿ ਗਈ ਕੱਲੀ ‘ ਵਾਲੀ ਗੱਲ ਫਿਰ ਇੱਥੇ ਉਦੋਂ ਸਾਰਥਿਕ ਹੁੰਦੀ ਹੈ, ਜਦੋਂ ਦੇਖਣ ਵਾਲੇ ਬਹੁਤ ਸਾਰੇ ਸਾਥੀ, ਬੇਲੀ, ਮਿੱਤਰ ਤੇ ਸ਼ਰੀਕ ਇਸ ਤੋਂ ਗਾਂਹ ਦੀ ਕਰਕੇ ਦਿਖਾਉਂਦੇ ਹਨ, ਯਾਨੀ ਮਛੜੋਣਲਡ.. ਤੇ ਖ਼ਾਸ ਤੌਰ ‘ਤੇ ਪੀਜ਼ਾ ਬਰਗਰ ਜਿਹੇ ਫ਼ਾਲਤੂ ਪਦਾਰਥਾਂ ਨਾਲ਼ ਲਾਈਵ ਹੋਣ ਨੂੰ ਆਪਣੀ ਸ਼ਾਨ ਸਮਝਦੇ ਹਨ। ਮਾਫ਼ ਕਰਨਾ ਇਸ ਵਿੱਚ ਬਹੁਤ ਸਾਰੇ ਮਾਪਿਆਂ ਦਾ ਵੀ ਪੂਰਾ ਸਾਥ ਹੰਦਾ ਹੈ l ਜਦੋਂ ਕਿ ਉਨ੍ਹਾਂ ਨੂੰ ਇਸ ਥਾਂ ਤੇ ਸਖ਼ਤੀ ਨਾਲ਼ ਪੇਸ਼ ਆਉਣਾ ਚਾਹੀਦਾ ਹੈ, ਕਿਉਂਕਿ ਖ਼ਤਰਾ ਆਪਣੇ ਬੱਚੇ ਦੀ ਸਿਹਤ ਨੂੰ ਹੈ l ਨਾ ਕਿ ਕਿਸੇ ਹੋਰ ਨੂੰ।
* ਅਗਲਾ ਕਾਰਨ : ਬੱਚਿਆਂ ਦੀ ਅੱਜਕੱਲ੍ਹ ਮਾਤਾ ਪਿਤਾ ਖਾਣਾ ਬਣਾਉਣ ਵਿੱਚ ਬਿਲਕੁਲ ਵੀ ਰੁਚੀ ਪੈਦਾ ਨਹੀਂ ਕਰਦੇ ਤੇ ਜਦੋਂ ਉਹ ਘਰੋਂ ਦੂਰ, ਪੜ੍ਹਨ ਜਾਂ ਕੰਮ ਦੇ ਸੰਬੰਧ ਵਿੱਚ ਵਿਦੇਸ਼ਾਂ ਵਿੱਚ ਜਾਂ pg ਵਗੈਰਹ ਵਿੱਚ ਰਹਿੰਦੇ ਹਨ, ਤਾਂ ਇਨ੍ਹਾਂ ਬਾਹਰ ਦੇ ਬਣੇ ਜੰਕ ਫ਼ੂਡਸ ਦੇ ਆਦਿ ਹੋ ਜਾਂਦੇ ਹਨ।
* ਤੀਸਰਾ ਕੁਝ ਮਾਪੇ ਆਪ ਵੀ ਅੱਜ ਕਲ ਸਵੇਰੇ ਉੱਠਣ ਤੋਂ ਕਤਰਾਉਂਦੇ ਹਨ ਤੇ ਬੱਚੇ ਨੂੰ ਘਰ ਦਾ ਪੌਸ਼ਟਿਕ ਭੋਜਨ ਦੇਣ ਦੀ ਬਜਾਏ ਰਸਤੇ ਵਿੱਚੋਂ ਅਜਿਹਾ ਸ਼ੋਸ਼ੇਬਾਜ਼ਾਂ ਵਾਲਾ ਖਾਣਾ ਟਿਫ਼ਨ ਵਿੱਚ ਪਾ ਦਿੰਦੇ ਹਨ। ਹੌਲੀ ਹੌਲੀ ਬੱਚੇ ਨੂੰ ਅਜਿਹੀਆਂ ਵਸਤਾਂ ਖਾਣ ਦੀ ਆਦਤ ਪੈ ਜਾਂਦੀ ਹੈ ਤੇ ਉਹ ਆਪਣੇ ਘਰ ਦੇ ਸਫ਼ਾਈ ਨਾਲ਼ ਬਣੇ ਸੰਤੁਲਿਤ ਆਹਾਰ ਤੋਂ ਦੂਰ ਚਲਾ ਜਾਂਦਾ ਹੈ। ਅਜਿਹਾ ਵਿਦੇਸ਼ਾਂ ਵਿੱਚ ਤਾਂ ਦੇਖਣ ਨੂੰ ਮਿਲਦਾ ਹੀ ਹੈ, ਪਰ ਅੱਜਕੱਲ੍ਹ ਭਾਰਤ ਵਿੱਚ ਵੀ ਹਨੇਰੀ ਚੱਲ ਚੁੱਕੀ ਹੈ।
* ਇਸ ਹਨੇਰ-ਗਰਦੀ ਵਿੱਚ, commercial sector ਦੁਆਰਾ ਹਰ ਤਰ੍ਹਾਂ ਦੇ ਮੀਡੀਆ ਉੱਤੇ ਅੰਨ੍ਹੇਵਾਹ ਪਰੋਸੇ ਜਾਂਦੇ ਵਿਗਿਆਪਨ ਬੱਚਿਆਂ ਨੂੰ ਅਤਿਅੰਤ ਭਰਮਾਉਣ ਵਾਲੇ ਹੁੰਦੇ ਹਨ। ਕੰਪਨੀਜ਼ ਨੂੰ ਇਨ੍ਹਾਂ ਤੇ ਅੰਕੁਸ਼ ਲਗਾਉਣਾ ਚਾਹੀਦਾ ਹੈ। ਉੱਥੇ ਹੀ ਸਰਕਾਰਾਂ ਦੀ ਵੀ ਇਮਾਨਦਾਰੀ ਨਾਲ਼ ਇਨ੍ਹਾਂ ਪ੍ਰੋਡਕਟਸ ਦੀ ਗੁਣਵੱਤਾ ਵਧਾਉਣ ਦੀ ਵੀ ਜ਼ਿੰਮੇਵਾਰੀ ਬਣਦੀ ਹੈ। ਮੈਂ ਫੂਡ companies ਦੇ ਖ਼ਿਲਾਫ਼ ਕਦੇ ਵੀ ਨਹੀਂ ਹਾਂ , ਬੱਸ ਖਾਣੇ ਦੀ ਗੁਣਵੰਤਾ ਦਾ ਸਿਹਤ ਦੇ ਮਿਆਰ ਅਨੁਸਾਰ ਹੋਣਾ ਚਾਹੀਦਾ ਹੈ।
* ਇੱਕ ਹੋਰ ਵੱਡਾ ਦੋਸ਼ ਅੱਜਕੱਲ੍ਹ ਦੇ ਬਹੁਤ ਸਾਰੇ ਮਾਤਾ ਪਿਤਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ ਕਿ ਪਿਛਲੇ ਸਮਿਆਂ ਦੀ ਤਰ੍ਹਾਂ ਮਾਤਾਵਾਂ ਘਰ ਵਿੱਚ ਖਾਣਾ, ਉਸ ਸ਼ਿੱਦਤ ਨਾਲ਼ ਬਣਾ ਕੇ ਰਾਜ਼ੀ ਨਹੀਂ, ਜਿਵੇਂ ਕਿ ਪਹਿਲਾਂ ਤਰ੍ਹਾਂ ਤਰ੍ਹਾਂ ਦੀ ਸਮੂਦੀ, ਵੈਜ ਪਾਸਤਾ, ਵੈਜ ਨੂਡਲਜ਼ ਸੰਤੁਲਿਤ ਕੁਲਚੇ, ਭਠੂਰੇ,ਤਰ੍ਹਾਂ ਤਰ੍ਹਾਂ ਦੀਆਂ ਸਵੀਟਸ, ਤੇ ਇੱਕ ਹੀ ਸਮੱਗਰੀ ਤੋਂ ਵੱਖੋ ਵੱਖਰੇ ਪਕਵਾਨ ਬਣਾ ਕੇ ਸਾਰੇ ਪਰਿਵਾਰ ਦੀ ਘਰ ਦੇ ਭੋਜਨ ਵਿੱਚ ਰੁਚੀ ਬਣਾਈ ਰੱਖੀ ਜਾਂਦੀ ਸੀ। ਅੱਜਕੱਲ੍ਹ ਦੀ ਤ੍ਰਾਸਦੀ ਹੈ ਕਿ ਫ਼ੋਨ ਨੇ ਸਾਡੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਖੋਹ ਲਿਆ ਹੈ, ਜਿਸ ਨੂੰ ਵਰਤ ਕੇ ਗਰਹਣੀਆ ਜੀਵਨ ਸੁਖਾਵਾਂ ਤੇ ਬੱਚਿਆਂ ਸਮੇਤ ਪੂਰੇ ਪਰਿਵਾਰ ਨੂੰ ਸੰਤੁਲਿਤ ਆਹਾਰ ਦੇ ਸਕਦੀਆਂ ਹਨ।
* ਅਗਲਾ ਕਾਰਨ ਪੈਸੇ ਦੇ ਪ੍ਰਵਾਹ ਦਾ ਵਧਣ ਦੇ ਨਾਲ਼ ਨਾਲ ਪੱਛਮੀ ਦੇਸ਼ਾਂ ਦੀ ਨਕਲ ਦਾ ਸਾਡੇ ਸਮਾਜ ਤੇ ਭਾਰੂ ਹੋਣਾ. ਅੱਜਕੱਲ੍ਹ ਦੀ ਪੀੜ੍ਹੀ ਅਜਿਹੇ ਕਚਰੇ ਤੁੱਲ ਭੋਜਨ ਨੂੰ ਵਰਤਣਾ modern ਅਖਵਾਉਣਾ ਸਮਝਦੀ ਹੈ। ਜਦ ਕਿ ਇਹ ਜੰਕ (ਫ਼ਾਲਤੂ ) ਖਾਣੇ ਦੀ ਸ਼੍ਰੇਣੀ ਵਿੱਚ ਆਉਂਦਾ ਹੈ, ਜਿਸ ਦਾ ਅਸਲੀ ਮਤਲਬ ਹੈ ਉਹ ਬਚਿਆ ਖੁਚਿਆ ਭੋਜਨ ਜੋ ਕੂੜੇਦਾਨ ਵਿੱਚ ਸੁੱਟਿਆ ਜਾਂਦਾ ਹੈ, ਜਿਸ ਨੂੰ ਬਾਅਦ ਵਿੱਚ ਕੁੱਤੇ ਆਦਿ ਖਾਂਦੇ ਹਨ। ਮਾਫ਼ ਕਰਨਾ! ਇਹ ਸੱਚਾਈ ਹੈ, ਤੇ ਆਪ ਜੀ ਕਿਹੜਾ ਭੋਜਨ ਖਾ ਰਹੇ ਹੋ? ਜਰਾ ਚਿੰਤਨ ਕਰਕੇ ਦੇਖੋ!!!!
* ਹੁਣ ਮੈਂ ਅਜਿਹੀਆਂ ਕੌੜੀਆਂ ਤੇ ਘਾਤਕ ਸੱਚਾਈਆਂ ਦਾ ਵਰਣਨ ਕਾਰਨ ਜਾ ਰਹੀ ਹਾਂ, ਜਿਸ ਨਾਲ਼ ਅਸੀਂ ਆਪਣੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਦਾ ਘਾਣ ਹੀ ਨਹੀਂ ਕਰਦੇ, ਸਗੋਂ ਆਰਥਿਕਤਾ ਦਾ ਵੀ ਬੇੜਾ ਗ਼ਰਕ ਕਰਦੇ ਹਾਂ।
* ਸਭ ਤੋਂ ਪਹਿਲਾਂ ਤਾਂ ਬਾਹਰਲੇ ਬਣੇ ਖਾਣੇ ਦੀ ਸਫ਼ਾਈ ਦੀ ਕੋਈ ਗਾਰੰਟੀ ਨਹੀਂ ਹੁੰਦੀ ਕੁਝ ਦੇਸ਼ਾਂ ਵਿੱਚ ਵੱਡੇ ਫ਼ੂਡ ਕੋਰਟਸ ਵਿੱਚ ਸੁਣਨ ਵਿੱਚ ਆਉਂਦਾ ਹੈ ਕਿ ਆਟਾ ਹੱਥਾਂ ਦੀ ਬਜਾਏ ਪੈਰਾਂ ਨਾਲ਼ ਗੁੰਨਿਆ ਜਾਂਦਾ ਹੈ। ਗੋਲ-ਗੱਪਿਆਂ ਦੀ ਕਾਂਜੀ ਬਿਨਾਂ ਹੱਥ ਧੋਤਿਆਂ ਗੰਦੇ ਨੋਂਹਾਂ ਨਾਲ਼ ਹੀ ਤਿਆਰ ਕਰ ਦਿੱਤੀ ਜਾਂਦੀ ਹੈ। ਬਹੁਤ ਸਾਰੀਆਂ ਵਸਤਾਂ ਨੰਗੇ ਹੱਥਾਂ ਨਾਲ਼ ਹੀ ਤਿਆਰ ਕਰ ਦਿੱਤੀਆਂ ਜਾਂਦੀਆਂ ਹਨ, ਕਈ ਵਾਰੀ ਪਾਣੀ ਜਾਂ ਨੈਪਕਿਨ ਆਦਿ ਨੇੜੇ ਨਾ ਹੋਣ ਕਾਰਨ ਛਿੱਕ ਆਦਿ ਸਾਫ਼ ਕਰਨ ਤੋਂ ਬਾਅਦ ਹੱਥ ਕੱਪੜਿਆਂ ਨਾਲ਼ ਪੂੰਝ ਕੇ ਹੀ ਕੰਮ ਤੇ ਲੱਗ ਜਾਇਆ ਜਾਂਦਾ ਹੈ।
ਇਸ ਤੋਂ ਵੀ ਅੱਗੇ ਜਿੱਥੇ ਦੇਸੀ ਫਲੱਸ਼ਾਂ ਹਨ, ਉੱਥੇ, ਮਲ ਹੱਥਾਂ ਦੇ ਇਸਤੇਮਾਲ ਨਾਲ਼ ਧੋਣ ਤੋਂ ਬਾਅਦ ਹੱਥ ਸਾਬਣ ਆਦਿ ਨਾ ਹੋਣ ਕਾਰਨ, ਸਾਦੇ ਪਾਣੀ ਨਾਲ਼ ਧੋ ਕੇ, ਜਾਂ ਫਿਰ ਉਂਜ ਹੀ ਮਿੱਟੀ ਆਦਿ ਨਾਲ਼ ਪੂੰਝ ਕੇ ਕੰਮ ਤੇ ਲੱਗ ਜਾਇਆ ਜਾਂਦਾ ਹੈ l ਇੰਨਾ ਹੀ ਨਹੀਂ ਪਾਨ, ਸੁਪਾਰੀ ਜਾਂ ਜਰਦਾ ਆਦਿ ਖਾ ਕੇ ਖਾਣੇ ਦੇ ਬਰਤਨ ਕੋਲ ਗੱਲ ਕਰਨ ਵੇਲੇ ਵੀ ਮੂੰਹ ਵਿੱਚੋਂ ਕੁਝ ਕਣ ਭੋਜਨ ਪਦਾਰਥ ਵਿੱਚ ਪੈ ਜਾਂਦੇ ਹਨ। ਇਹੀ ਦੂਸ਼ਿਤ ਪਰ ਸਵਾਦਲੀਆਂ ਚੀਜ਼ਾਂ ਦੇਖਣ ਨੂੰ ਲਭਾਉਣੀਆਂ ਤੇ ਸਾਫ਼ ਸੁਥਰੀਆਂ ਲੱਗਦੀਆਂ ਹਨ ਪਰ ਪੇਟ ਵਿੱਚ ਜਾ ਕੇ ਇਹੀ ਕੀਟਾਣੂ ਭਿਆਨਕ ਰੋਗ, ਜਿਵੇਂ ਫ਼ੂਡ poisoning (ਉਲਟੀਆਂ ਤੇ ਦਸਤ ), typhoide, ਪੀਲੀਆ ਤੇ ਆਂਦਰਾਂ ਦੇ ਹੋਰ ਕਈ ਭਿਆਨਕ ਰੋਗਾਂ ਦਾ ਰੂਪ ਲੈ ਲੈਂਦੇ ਹਨ। ਦੱਸਣਾ ਚਾਹੁੰਦੀ ਹਾਂ,ਇਨ੍ਹਾਂ ਵਿੱਚੋਂ ਕਈ ਤਾਂ ਜਾਨ ਲੇਵਾ ਸਾਬਿਤ ਹੁੰਦੇ ਹਨ। ਇਸ ਤੋਂ ਉਲਟ ਘਰ ਵਿੱਚ ਖਾਣਾ ਤਿਆਰ ਕਾਰਨ ਲੱਗਿਆਂ ਸਮੱਗਰੀ, ਬਰਤਨ, ਖਾਣਾ ਬਣਾਉਣ ਦੀ ਥਾਂ ਦੇ ਨਾਲ਼ ਨਾਲ਼, ਸਰੀਰਕ ਤੇ ਹੱਥਾਂ ਦੀ ਸਫ਼ਾਈ ਦਾ ਖ਼ਾਸ ਖ਼ਿਆਲ ਰੱਖਿਆ ਜਾਂਦਾ ਹੈ। ਥੋੜ੍ਹੀ ਜਿਹੀ ਵਾਧੂ ਮਿਹਨਤ ਨਾਲ਼ ਅਸੀਂ ਘਟ ਤੇਲ ਤੇ ਮਸਾਲਿਆਂ ਨਾਲ਼ ਵੀ ਭਰਪੂਰ ਸਵਾਦੀ ਤੇ ਪੌਸ਼ਟਿਕ ਖਾਣਾ ਬਣਾ ਸਕਦੇ ਹਾਂ।
* ਹੁਣ ਅਜਿਹੇ ਭੋਜਨ ਪਦਾਰਥਾਂ ਨਾਲ਼ ਹੋਣ ਵਾਲੇ ਸਰੀਰਕ ਤੇ ਮਾਨਸਿਕ ਰੋਗਾਂ ਤੇ ਹੋਰ ਮੁਸ਼ਕਲਾਂ ਤੇ ਚਾਨਣਾ ਪਾਉਂਦੇ ਹਾਂ। ਜਿਨ੍ਹਾਂ ਜੰਕ ਫੂਡਜ਼ ਦੀ ਗੱਲ ਕਰਨ ਲੱਗੀ ਹਾਂ ਉਨ੍ਹਾਂ ਦੀ ਆਮ ਤੌਰ ‘ਤੇ ਪੋਸ਼ਟਿਕਤਾ ਵੱਲ ਬਿਲਕੁੱਲ ਵੀ ਧਿਆਨ ਨਾ ਦੇ ਕੇ ਕੇਵਲ ਸਵਾਦ ਦੀ ਖਿੱਚ ਵੱਲ ਧਿਆਨ ਦਿੱਤਾ ਜਾਂਦਾ ਹੈ। ਇਨ੍ਹਾਂ ਨੂੰ ਸਵਾਦਿਸ਼ਟ ਬਣਾਉਣ ਲਈ ਖੁੱਲ੍ਹੀ ਮਾਤਰਾ ਵਿੱਚ ਤੇਲ ਤੇ ਕਰੀਮਾਂ ਦੀ ਬੇਤਹਾਸ਼ਾ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਵਿੱਚੋਂ ਬਹੁਤ ਕੁਝ ਤਲਣ ਲੱਗਿਆਂ ਵੀ ਸੰਕੋਚ ਨਹੀਂ ਕੀਤਾ ਜਾਂਦਾ, ਭਾਵ ਇਸ ਖਾਣੇ ਨੂੰ ਵੱਧ ਤੋਂ ਵੱਧ ਸਿਹਤ ਲਈ ਹਾਨੀਕਾਰਕ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ।
* ਅਜਿਹੇ ਫਾਸਟ ਫ਼ੂਡਸ ਪਹਿਲਾਂ ਤਾਂ ਸ਼ਰੀਰਕ ਚਰਬੀ ਵਧਾ ਕੇ, ਮੋਟਾਪੇ ਦਾ ਕਾਰਨ ਬਣਦੇ ਹਨ। ਇਹੀ ਮੋਟਾਪਾ 70 ਤੋਂ 80% ਬਿਮਾਰੀਆਂ ਦੀ ਜੜ੍ਹ ਬਣਦਾ ਹੈ। ਇਨ੍ਹਾਂ ਵਿੱਚ ਚਿਹਰੇ ਦੀਆਂ ਫਿੰਸੀਆਂ ਤੋਂ ਲੈ ਕੇ ਖ਼ੂਨ ਵਾਲੀਆਂ ਨਾੜੀਆਂ ਦਾ ਤੰਗ ਹੋ ਜਾਣਾ ਜਾਂ ਪੂਰੇ ਤੌਰ ਤੇ ਬਲੌਕ ਹੋ ਕੇ heart ਅਟੈਕ ਦਾ ਕਾਰਨ ਬਣਨਾ, ਬਲੱਡ pressure ਦਾ ਵੱਧਣਾ, diabeties ਦਾ ਰੋਗ ਹੋ ਜਾਣਾ। ਇਸ ਦੇ ਨਾਲ਼ ਨਾਲ਼ ਕੈਂਸਰ ਜਿਹੀ ਲਾਇਲਾਜ਼ ਤੇ ਜਾਨਲੇਵਾ ਬਿਮਾਰੀ ਦਾ ਮੋਟਾਪੇ ਕਾਰਨ ਪਨਪਣਾ। ਇਨ੍ਹਾਂ ਖਾਣਿਆਂ ਵਿਚਲੇ ਤੇਲ ਤੇ ਘਿਉ ਲਿਵਰ ਦੀਆਂ ਬਿਮਾਰੀਆਂ ਖ਼ਾਸਕਰ fatty ਲਿਵਰ, ਕਿਡਨੀ ਦੀਆਂ ਬਿਮਾਰੀਆਂ ਤੇ ਅਨੇਕਾਂ ਛੋਟੇ ਵੱਡੇ ਵਿਕਾਰਾਂ ਨੂੰ ਜਨਮ ਦਿੰਦੀਆਂ ਹਨ। ਜ਼ਿਕਰਯੋਗ ਹੈ ਕਿ ਅੱਜ ਦੇ ਦੌਰ ਵਿੱਚ heart ਅਟੈਕ ਜਿਹੀਆਂ ਆਲਮਤਾਂ ਬੱਚਿਆਂ ਵਿੱਚ ਵੀ ਬਹੁਤ ਤੇਜ਼ੀ ਨਾਲ਼ ਵੱਧ ਰਹੀਆਂ ਹਨ।
* ਇਸ ਤੋਂ ਇਲਾਵਾ ਜ਼ਿਆਦਾ ਤਲਿਆ, ਤੇ ਪੋਸ਼ਟਿਕਤਾ ਰਹਿਤ ਭੋਜਨ ਬੱਚਿਆਂ ਵਿੱਚ ਚਿੜਚਿੜਾ ਪਨ, ਯਾਦਦਾਸ਼ਤ ਵਿੱਚ ਕਮੀ, ਗ਼ੁੱਸਾ,ਮਨ ਦੀ ਅਸ਼ਾਂਤੀ ਤੇ ਹੋਰ ਬਹੁਤ ਸਾਰੇ ਨਕਾਰਾਤਮਿਕ ਵਿਚਾਰਾਂ ਨੂੰ ਜਨਮ ਦਿੰਦਾ ਹੈ।
* ਨਵੀਂ ਪੀੜ੍ਹੀ ਵਿੱਚ ਫਾਸਟ ਫੂਡਜ਼ ਵੱਲ ਵਧਦੇ ਰੁਝਾਨ ਨੂੰ ਕਿਵੇਂ ਘਟਾਇਆ ਜਾਵੇ :
ਜਿਵੇਂ ਕਿ ਇੰਗਲਿਸ਼ ਵਿੱਚ ਕਿਹਾ ਜਾਂਦਾ ਹੈ, ” ਚੇਰਿਟੀ ਬਿਗਿਨਸ at home “, ਓਵੇਂ ਹੀ ਇਸ ਬਿਮਾਰੀ ਦੇ ਘਰ “ਜੰਕ ਫ਼ੂਡਸ ” ਨੂੰ ਰੋਜ਼ਾਨਾ ਦੀ ਜ਼ਿੰਦਗੀ ਤੋਂ ਦੂਰ ਰੱਖਣ ਲਈ ਘਰ ਦਿਆਂ ਨੂੰ ਹੀ ਸ਼ੁਰੂਆਤ ਕਰਨੀ ਪੈਣੀ ਹੈ। ਬੇਸ਼ੱਕ, ਕਿਸੇ ਵੀ ਪੱਕ ਚੁੱਕੀ ਆਦਤ ਨੂੰ ਛੁਡਾਉਣਾ ਉਨ੍ਹਾਂ ਹੀ ਮੁਸ਼ਕਿਲ ਹੈ, ਜਿਨ੍ਹਾਂ ਕਿਸੇ ਅਮਲੀ ਦੇ ਅਮਲ ਨੂੰ। ਪਰ ਉੱਪਰ ਦੱਸੀਆਂ ਘਾਤਕ ਬਿਮਾਰੀਆਂ ਤੋਂ ਬਚਾਉਣ ਲਈ ਆਪਣੇ ਦਿਲ ਦੇ ਟੁਕੜਿਆਂ ਅਤੇ ਆਪ ਨੂੰ ਕਸ਼ਟ ਤਾਂ ਸਹਿਣਾ ਹੀ ਪੈਣਾ ਹੈ। ਇਸ ਵਿੱਚ ਮਾਪਿਆਂ ਦੇ ਨਾਲ਼ ਨਾਲ਼ ਬੱਚਿਆਂ ਨੂੰ ਖ਼ੁਦ ਚੰਗੇ ਤੇ ਮਾੜੇ ਦੀ ਪਰਖ ਕਰਕੇ, ਆਪਣੇ ਆਪ ਨੂੰ ਮਾਨਸਿਕ ਤੌਰ ਤੇ ਤਾਕਤਵਰ ਬਣਾਉਣਾ ਪੈਣਾ ਅਤੇ ਬਾਰ ਬਾਰ ਆਪਣੇ ਮਨ ਨੂੰ ਕਹਿਣਾ ਪੈਣਾ, ਕਿ ਇਹ ਭੋਜਨ ਮੇਰੇ ਸਰੀਰ ਲਈ ਨੁਕਸਾਨਦੇਹ ਹੈ ਤੇ ਮੈਂ ਇਸ ਨੂੰ ਆਪਣੀ ਰੋਜ਼ਾਨਾ ਜੀਵਨ ਦਾ ਹਿੱਸਾ ਨਾ ਬਣਾ ਕੇ, ਘਰ ਦਾ ਬਣਿਆ ਸਾਫ਼ ਸੁਥਰਾ, ਪੌਸ਼ਟਿਕ, ਤਾਜ਼ਾ ਤੇ ਸੰਤੁਲਿਤ ਖਾਣਾ ਹੀ ਖਾਣਾ ਹੈ। ਅਜਿਹੇ ਭੋਜਨ ਨੂੰ ਕਦੇ ਕਦਾਈਂ ਫੰਕਸ਼ਨ, ਪਾਰਟੀਆਂ ਤੱਕ ਹੀ ਸੀਮਤ ਰੱਖਣਾ ਹੈ। ਇਸ ਦੇ ਨਾਲ਼ ਹੀ ਮੈਂ ਕਦੇ ਵੀ ਕਿਸੇ ਦੀ ਨਕਲ ਜਾਂ ਉਕਸਾਵੇ ਵਿੱਚ ਆ ਕਿ ਇਨ੍ਹਾਂ ਦਾ ਇਸਤੇਮਾਲ ਨਹੀਂ ਕਰਾਂਗਾ।
* ਇਸ ਦੇ ਨਾਲ਼ ਹੀ ਅਧਿਆਪਕਾਵਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕੇ ਵਿਦਿਆਰਥੀਆਂ ਨੂੰ ਤਰਕ ਤੇ ਤੱਤ ਤੇ ਤਰਕ ਸੰਗਤ ਸਿੱਖਿਆ ਦੇ ਕੇ ਸਹੀ ਰਸਤੇ ਲਈ ਪ੍ਰੇਰਨ।
* ਆਖ਼ਿਰ ਵਿੱਚ ਮੈਂ ਆਪਣੇ ਤਜਰਬੇ ਤਹਿਤ, ਮਾਪਿਆਂ ਨੂੰ ਇੱਕ ਕੌੜੀ ਸੱਚਾਈ ਨਾਲ਼ ਵੀ ਜਾਣੂ ਕਰਾਉਣਾ ਚਾਹੁੰਦੀ ਹਾਂ। ਹਰ ਉਹ ਮਾਪੇ ਜੋ ਸਿਆਣੇ ਹੋਣਗੇ ਗ਼ੁੱਸਾ ਕੀਤੇ ਬਗੈਰ, ਇਨ੍ਹਾਂ ਗੱਲਾਂ ਤੇ ਅਮਲ ਕਰਨਗੇ। ਅਸੀਂ ਸਮਾਜਿਕ ਜੀਵ ਹਾਂ। ਆਪਣੇ ਬੱਚੇ ਆਪਣੀ ਜਾਨ ਤੋਂ ਵੱਧ ਪਿਆਰੇ ਹਨ। ਸਾਡੇ ਵਿੱਚੋਂ ਬਹੁਤਿਆਂ ਨੂੰ ਧੀਆਂ ਪੁੱਤਾਂ ਦੀ ਇਹ ਦਾਤ ਬੜੀਆਂ ਅੱਡੀਆਂ ਘੱਸਾ ਕੇ ਤੇ ਦਰ ਦਰ ਤੇ ਮੱਥੇ ਰਗੜ ਕੇ ਮਿਲੀ ਹੋਵੇਗੀ। ਇਸ ਲਈ ਉਨ੍ਹਾਂ ਦੀ ਜ਼ਿੰਦਗੀ ਨੂੰ ਸੇਧ ਦੇਣ ਸਦਕਾ ਕਦੇ ਕਦੇ ਸਖ਼ਤ ਵਿਹਾਰ ਕਰਨਾ ਵੀ ਜ਼ਰੂਰੀ ਹੋ ਜਾਂਦਾ ਹੈ l ਹਰ ਵਾਰ ਤੇ ਹਰ ਇੱਕ ਇੱਛਾ ਪੂਰੀ ਕਰਨ ਨਾਲ਼ ਵੀ ਅਸੀਂ ਕਿਤੇ ਨਾ ਕਿਤੇ ਉਨ੍ਹਾਂ ਨੂੰ ਬਰਬਾਦ ਕਰ ਰਹੇ ਹੁੰਦੇ ਹਾਂ। ਬੱਚਿਆਂ ਨੂੰ ਕੁਝ ਚੀਜ਼ਾਂ ਆਪਣੇ ਆਪ ਤੇ ਛੱਡ ਕੇ ਉਨ੍ਹਾਂ ਨੂੰ ਮਜ਼ਬੂਤ ਵੀ ਬਣਨ ਦੇਣਾ ਚਾਹੀਦਾ ਹੈ। ਕਦੇ ਕਦੇ ਅਜਿਹਾ ਕਰਕੇ ਅਸੀਂ ਬੱਚੇ ਨੂੰ ਕਮਜ਼ੋਰ ਦੀ ਥਾਂ ਤਾਕਤਵਰ ਬਣਾ ਰਹੇ ਹੁੰਦੇ ਹਾਂ, ਨਾ ਕਿ ਉਨ੍ਹਾਂ ਦੀਆਂ ਇੱਛਾਵਾਂ ਮਾਰ ਰਹੇ ਹੁੰਦੇ ਹਾਂ।