ਟਰੰਪ ਦੇ ਹਮਾਇਤੀਆਂ ਤੇ ਵਿਰੋਧੀਆਂ ਵਿਚਾਲੇ ਝੜਪ, 12 ਗ੍ਰਿਫ਼ਤਾਰ

ਨਿਊਯਾਰਕ ਵਿੱਚ ਟਰੰਪ ਦੇ ਹਮਾਇਤੀਆਂ ਦੇ ਕਾਫ਼ਲੇ ਨੂੰ ਰੋਕਣ ਦਾ ਯਤਨ ਕਰਦੇ ਹੋਏ ਵਿਰੋਧੀ ਪ੍ਰਦਰਸ਼ਨਕਾਰੀ

ਸੈਕਰਾਮੈਂਟੋ, ਕੈਲੀਫੋਰਨੀਆ 27 ਅਕਤੂਬਰ (ਹੁਸਨ ਲੜੋਆ ਬੰਗਾ) – ਜਿਉਂ ਜਿਉਂ ਰਾਸ਼ਟਰਪਤੀ ਚੋਣ ਲਈ 3 ਨਵੰਬਰ ਦਾ ਦਿਨ ਨੇੜੇ ਆ ਰਿਹਾ ਹੈ, ਮਾਹੌਲ ਵਿੱਚ ਤਣਾਅ ਵਧਦਾ ਜਾ ਰਿਹਾ ਹੈ। ਇਸ ਵਾਰ ਦੀ ਚੋਣ ਵਿਚ ਵੋਟਰਾਂ ਵਿੱਚ ਹੋਈ ਵੰਡ ਕਾਰਨ ਮਾਹੌਲ ਵਿੱਚ ਕਸ਼ੀਦਗੀ ਵੇਖਣ ਨੂੰ ਮਿਲ ਰਹੀ ਹੈ। ਇਸ ਕਸ਼ੀਦਗੀ ਦੇ ਚਲਦਿਆਂ ਨਿਊਯਾਰਕ ਵਿੱਚ ਕਾਰਾਂ ਦੇ ਕਾਫ਼ਲੇ ਦੇ ਰੂਪ ਵਿੱਚ ਜਾ ਰਹੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਮਾਇਤੀਆਂ ਤੇ ਵਿਰੋਧੀਆਂ ਵਿਚਾਲੇ ਝੜਪਾਂ ਹੋਣ ਦੀ ਰਿਪੋਰਟ ਹੈ। ਨਿਊਯਾਰਕ ਸਿਟੀ ਪੁਲਿਸ ਵਿਭਾਗ ਦੀ ਸਪੋਕਸਪਰਸਨ ਡਿਟੈਕਟਿਵ ਮਾਰਟਿਨ ਬਰਾਊਨ ਲੀ ਨੇ ਕਿਹਾ ਹੈ ਕਿ ਕਾਰਾਂ ਦਾ ਕਾਫ਼ਲਾ ਮਿਡਟਾਊਨ ਮੈਨਹਟਨ ਵਿੱਚ ਜਾ ਰਿਹਾ ਸੀ ਤੇ ਜਦੋਂ ਇਹ ਕਾਫ਼ਲਾ ਟਾਈਮਜ਼ ਸਕੁਏਰ ਪੁੱਜਾ ਤਾਂ ਉੱਥੇ ਟਰੰਪ ਹਮਾਇਤੀ ਤੇ ਵਿਰੋਧੀ ਆਪਸ ਵਿੱਚ ਭਿੜ ਗਏ। ਲਾਅ ਇਨਫੋਰਸਮੈਂਟ ਦੇ ਇਕ ਅਧਿਕਾਰੀ ਅਨੁਸਾਰ ਟਾਈਮ ਸਕੁਏਰ ਵਿੱਚ ਟਰੰਪ ਦੇ ਕੁੱਝ ਹਮਾਇਤੀ ਕਾਰਾਂ ਵਿੱਚੋਂ ਬਾਹਰ ਨਿਕਲ ਕੇ ਟਰੰਪ ਵਿਰੋਧੀਆਂ ਨਾਲ ਉਲਝ ਗਏ। ਜਿਸ ਤੋਂ ਬਾਅਦ 12 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਉਨ੍ਹਾਂ ਉੱਪਰ ਹਮਲਾ ਕਰਨਾ, ਆਵਾਜਾਈ ਵਿੱਚ ਵਿਘਨ ਪਾਉਣ ਤੇ ਗ਼ਲਤ ਵਿਵਹਾਰ ਕਰਨ ਵਰਗੇ ਦੋਸ਼ ਲਾਏ ਗਏ ਹਨ।