ਕੈਲੀਫੋਰਨੀਆ ਦੇ ਜੰਗਲ ਵਿੱਚ ਲੱਗੀ ਅੱਗ ਨੇ ਹੋਰ ਭਿਆਨਕ ਰੂਪ ਧਾਰਿਆ, 2 ਅੱਗ ਬੁਝਾਊ ਅਮਲੇ ਦੇ ਮੈਂਬਰ ਗੰਭੀਰ ਜ਼ਖਮੀ, 92,000 ਘਰ ਕਰਵਾਏ ਖ਼ਾਲੀ

ਸਿਲਵਰਾਡੋ ਖੇਤਰ ਵਿੱਚ ਲੱਗੀ ਅੱਗ ਤੇ ਮੌਕੇ 'ਤੇ ਪੁੱਜੀ ਇਕ ਅੱਗ ਬੁਝਾਊ ਗੱਡੀ

ਸੈਕਰਾਮੈਂਟੋ, ਕੈਲੀਫੋਰਨੀਆ 27 ਅਕਤੂਬਰ (ਹੁਸਨ ਲੜੋਆ ਬੰਗਾ) – ਦੱਖਣੀ ਕੈਲੀਫੋਰਨੀਆ ਦੀ ਔਰੇਂਜ ਕਾਊਂਟੀ ਵਿਚ ਜੰਗਲ ‘ਚ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ ਤੇ ਦੋ ਸ਼ਹਿਰਾਂ ਦੇ 92,000 ਘਰਾਂ ਨੂੰ ਖ਼ਾਲੀ ਕਰਵਾਉਣਾ ਪਿਆ ਹੈ। ਅੱਗ ਬਹੁਤ ਤੇਜ਼ੀ ਨਾਲ ਫੈਲੀ ਜਿਸ ਦੀ ਲਪੇਟ ਵਿੱਚ ਆ ਕੇ ਅੱਗ ਬੁਝਾਊ ਅਮਲੇ ਦੇ ਦੋ ਮੈਂਬਰ ਬੁਰੀ ਤਰਾਂ ਝੁਲਸ ਗਏ। ਇਨ੍ਹਾਂ ਦੀ ਉਮਰ 26 ਤੇ 32 ਸਾਲ ਹੈ ਤੇ ਇਨ੍ਹਾਂ ਦੇ ਘੱਟੋ ਘੱਟ ਅੱਧੇ ਸਰੀਰ ਉੱਪਰ ਗੰਭੀਰ ਜ਼ਖਮ ਹਨ। ਫਾਇਰ ਚੀਫ਼ ਬਰੀਅਨ ਫੈਨੇਸੀ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਅਸੀਂ ਜ਼ਖਮੀ ਮੁਲਾਜ਼ਮਾਂ ਦੀ ਹਰ ਸੰਭਵ ਮਦਦ ਕਰ ਰਹੇ ਹਾਂ। ਫਾਇਰ ਕੈਪਟਨ ਗਰੇਗ ਬਰਤਾ ਨੇ ਇਕ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਸਿਲਵਰਾਡੋ ਕੇਨੀਓਨ ਖੇਤਰ ਵਿੱਚ ਭੜਕੀ ਅੱਗ ਨੇ 72,00 ਏਕੜ ਤੋਂ ਵਧ ਜੰਗਲ ਨੂੰ ਸਾੜ ਕੇ ਸਵਾਹ ਕਰ ਦਿੱਤਾ ਹੈ। ਇਸ ਅੱਗ ਉੱਪਰ ਕਾਬੂ ਪਾਉਣ ਲਈ 500 ਤੋਂ ਵਧ ਫਾਇਰ ਫਾਈਟਰ ਲੱਗੇ ਹੋਏ ਹਨ। ਉਨ੍ਹਾਂ ਕਿਹਾ ਹੈ ਕਿ ਦੁਪਹਿਰ ਬਾਅਦ ਚੀਨੋ ਹਿਲਜ਼ ਦੇ ਬਲਿਊ ਰਿਜ਼ ਖੇਤਰ ਵਿੱਚ ਲੱਗੀ ਅੱਗ ਨੇ 11,00 ਏਕੜ ਰਕਬਾ ਸਾੜ ਦਿੱਤਾ। ਇਸ ਖੇਤਰ ਵਿਚਲੇ 11,70 ਘਰਾਂ ਨੂੰ ਖਾਲੀ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਸਿਲਵਰਾਡੋ ਵਿੱਚ ਸ਼ੁਰੂ ਵਿਚ ਅੱਗ ਬਹੁਤ ਥੋੜ੍ਹੀ ਸੀਤੇ ਝਾੜੀਆਂ ਵੀ ਖੇਤਰ ਵਿੱਚ ਘੱਟ ਹੋਣ ਕਾਰਨ ਇਸ ਉੱਪਰ ਕਾਬੂ ਪਾਉਣਾ ਸੰਭਵ ਸੀ ਪਰ ਬਾਅਦ ਵਿਚ ਚੱਲੀਆਂ ਤੇਜ਼ ਹਵਾਵਾਂ ਕਾਰਨ ਇਸ ਅੱਗ ਨੇ ਭਾਂਬੜ ਦਾ ਰੂਪ ਧਾਰ ਲਿਆ ਤੇ ਇਸ ਨੇ ਬਹੁਤ ਤੇਜ਼ੀ ਨਾਲ ਹੋਰ ਖੇਤਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਨਾਲ ਲੱਗਦੇ ਖੇਤਰਾਂ ਵਿੱਚੋਂ ਘਰ ਖ਼ਾਲੀ ਕਰਵਾ ਲਏ ਗਏ ਹਨ। ਇਲਾਕੇ ਵਿੱਚ ਬਿਜਲੀ ਪੂਰੀ ਤਰਾਂ ਠੱਪ ਹੈ। ਅੱਗ ਨੇ ਹਵਾ ਨੂੰ ਬੁਰੀ ਤਰਾਂ ਪ੍ਰਦੂਸ਼ਿਤ ਕਰ ਦਿੱਤਾ ਹੈ ਤੇ ਲੋਕਾਂ ਨੂੰ ਸਾਹ ਲੈਣ ਵਿੱਚ ਕਠਨਾਈ ਆ ਰਹੀ ਹੈ।