ਟੀ-20 ਕ੍ਰਿਕਟ ਵਰਲਡ ਕੱਪ 2021: ਇੰਗਲੈਂਡ ਨੇ ਮੌਜੂਦਾ ਚੈਂਪੀਅਨ ਵੈਸਟ ਇੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ

ਦੁਬਈ, 23 ਅਕਤੂਬਰ – ਅੱਜ ਇੱਥੇ ਟੀ-20 ਕ੍ਰਿਕਟ ਵਰਲਡ ਕੱਪ ਦੇ ਸੁਪਰ-12 ਗੇੜ ਦੇ ਗਰੁੱਪ ਇੱਕ ਦੇ ਦੂਜੇ ਮੈਚ ਵਿੱਚ ਇੰਗਲੈਂਡ ਨੇ ਸਪਿੰਨ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਮੌਜੂਦਾ ਚੈਂਪੀਅਨ ਵੈਸਟ ਇੰਡੀਜ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ।
ਵੈਸਟ ਇੰਡੀਜ਼ ਟੀਮ ਪੂਰੇ 20 ਓਵਰ ਖੇਡਣ ਵਿੱਚ ਵੀ ਨਾਕਾਮ ਰਹੀ ਤੇ 14.2 ਓਵਰਾਂ ਵਿੱਚ 55 ਦੌੜਾਂ ‘ਤੇ ਢੇਰ ਹੋ ਗਈ। ਇੰਗਲਿਸ਼ ਟੀਮ ਨੇ ਜਿੱਤ ਲਈ 56 ਦੌੜਾਂ ਦੇ ਟੀਚੇ ਨੂੰ 8.2 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ਨਾਲ ਪੂਰਾ ਕਰ ਲਿਆ। ਇੰਗਲੈਂਡ ਲਈ ਜੋਸ ਬਟਲਰ ਨੇ ਨਾਬਾਦ 24 ਦੌੜਾਂ ਬਣਾਈਆਂ। ਜੇਸਨ ਰੌਏ ਨੇ 11 ਤੇ ਜੌਨੀ ਬੇਅਰਸਟਾਅ ਨੇ 9 ਦੌੜਾਂ ਦਾ ਯੋਗਦਾਨ ਪਾਇਆ। ਵੈਸਟ ਇੰਡੀਜ਼ ਲਈ ਅਕੀਲ ਹੁਸੈਨ ਨੇ 24 ਦੌੜਾਂ ਬਦਲੇ 2 ਜਦੋਂ ਕਿ ਰਵੀ ਰਾਮਪਾਲ ਨੇ 14 ਦੌੜਾਂ ਬਦਲੇ 1 ਵਿਕਟ ਲਈ।
ਇੰਗਲੈਂਡ ਨੇ ਟਾਸ ਜਿੱਤ ਕੇ ਵੈਸਟ ਇੰਡੀਜ਼ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। ਇਸ ਤੋਂ ਪਹਿਲਾਂ ਵੈਸਟ ਇੰਡੀਜ਼ ਦੀ ਟੀਮ ਮੋਈਨ ਅਲੀ ਤੇ ਆਦਿਲ ਰਾਸ਼ਿਦ ਦੀ ਸਪਿੰਨ ਅੱਗੇ ਪੂਰੀ ਤਰ੍ਹਾਂ ਬੇਬਸ ਨਜ਼ਰ ਆਈ। ਵੈਸਟ ਇੰਡੀਜ਼ ਟੀਮ ਦਾ ਇਹ ਦੂਜਾ ਸਭ ਤੋਂ ਘੱਟ ਸਕੋਰ ਹੈ। ਸਾਲ 2019 ਵਿੱਚ ਇੰਗਲੈਂਡ ਖ਼ਿਲਾਫ਼ ਹੀ ਖੇਡੇ ਟੀ-20 ਮੁਕਾਬਲੇ ਵਿੱਚ ਪੂਰੀ ਟੀਮ 45 ਦੌੜਾਂ ‘ਤੇ ਸਿਮਟ ਗਈ ਸੀ। ਰਾਸ਼ਿਦ ਨੇ 14 ਗੇਂਦਾਂ ਵਿੱਚ 2 ਦੌੜਾਂ ਦੇ ਕੇ ਵੈਸਟ ਇੰਡੀਜ਼ ਦੇ ਮੱਧ ਤੇ ਹੇਠਲੇ ਕ੍ਰਮ ਨੂੰ ਪ੍ਰੇਸ਼ਾਨ ਕਰੀ ਰੱਖਿਆ ਤੇ 4 ਅਹਿਮ ਵਿਕਟਾਂ ਟੀਮ ਦੀ ਝੋਲੀ ਪਾਈਆਂ। ਮੋਈਨ ਅਲੀ ਨੇ 4 ਓਵਰਾਂ ਵਿੱਚ 17 ਦੌੜਾਂ ਬਦਲੇ 2 ਵਿਕਟਾਂ ਲਈਆਂ। ਵੈਸਟ ਇੰਡੀਜ਼ ਟੀਮ ਲਈ ਕ੍ਰਿਸ ਗੇਲ ਹੀ 13 ਦੌੜਾਂ ਨਾਲ ਦਹਾਈ ਦੇ ਅੰਕੜੇ ਨੂੰ ਛੂਹ ਸਕਿਆ। ਲੈਂਡਲ ਸਿਮਨਜ਼ ਨੇ 3, ਈ. ਲੁਇਸ ਨੇ 6, ਹੇਤਮਾਇਰ ਨੇ 9, ਡਵੇਨ ਬਰਾਵੋ 5, ਐੱਨ. ਪੂਰਨ 1 ਤੇ ਕੈਵਿਨ ਪੋਲਾਰਡ ਨੇ 6 ਦੌੜਾਂ ਬਣਾਈਆਂ। ਆਂਦਰੇ ਰਸਲ ਖਾਤਾ ਖੋਲ੍ਹਣ ਵਿੱਚ ਵੀ ਨਾਕਾਮ ਰਿਹਾ। ਇਸ ਦੌਰਾਨ ਤੇਜ਼ ਗੇਂਦਬਾਜ਼ ਕ੍ਰਿਸ ਵੋਕਸ ਨੇ ਵੀ ਦੂਜੇ ਸਿਰੇ ਤੋਂ ਆਪਣੀ ਨਪੀ ਤੁਲੀ ਗੇਂਦਬਾਜ਼ੀ ਨਾਲ ਵੈਸਟ ਇੰਡੀਜ਼ ਖਿਡਾਰੀਆਂ ਨੂੰ ਪ੍ਰੇਸ਼ਾਨ ਕਰੀ ਰੱਖਿਆ। ਟਾਇਮਲ ਮਿਲਸ ਦੇ ਹਿੱਸੇ 2 ਤੇ 1-1 ਵਿਕਟ ਵੋਕਸ ਤੇ ਸੀ. ਜੌਰਡਨ ਨੂੰ ਮਿਲੀ।