ਟੀ-20 ਕ੍ਰਿਕਟ ਵਰਲਡ ਕੱਪ 2021: ਪਾਕਿਸਤਾਨ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ, ਪਾਕਿਸਤਾਨ ਤੋਂ ਭਾਰਤ ਵਰਲਡ ਕੱਪ ‘ਚ ਪਹਿਲੀ ਵਾਰੀ ਹਾਰਿਆ

ਦੁਬਈ, 24 ਅਗਸਤ – ਇੱਥੇ ਐਤਵਾਰ ਨੂੰ ਟੀ-20 ਕ੍ਰਿਕਟ ਵਰਲਡ ਕੱਪ ਦੇ ਸੁਪਰ-12 ਗੇੜ ਦੇ ਗਰੁੱਪ-2 ਦੇ ਇੱਕ ਮੈਚ ਵਿੱਚ ਪਾਕਿਸਤਾਨ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਦੀ ਟੀਮ ਤੋਂ 29 ਸਾਲ ਬਾਅਦ ਹਾਰਿਆ। ਆਖੀਰ ਵਰਲਡ ਕੱਪ ਵਿੱਚ ਪਾਕਿਸਤਾਨ ਦੀ ਭਾਰਤ ਤੋਂ ਮਿਲਦੀ ਹਾਰ ਦਾ ਸਿਲਸਿਲਾ ਟੁੱਟ ਗਿਆ। 1992 ਦੇ 50 ਓਵਰ ਵਰਲਡ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਪਹਿਲੀ ਵਾਰ ਆਹਮਣੇ-ਸਾਹਮਣੇ ਹੋਏ ਸਨ। ਉਦੋਂ ਤੋਂ ਲੈ ਕੇ ਐਤਵਾਰ, 24 ਅਕਤੂਬਰ ਦੇ ਮੁਕਾਬਲੇ ਤੋਂ ਪਹਿਲਾਂ ਕੁਲ 12 ਵਾਰ (7 ਵਾਰ 50 ਓਵਰ ਦੇ ਵਰਲਡ ਕੱਪ ਅਤੇ 5 ਵਾਰ ਟੀ-20 ਓਵਰ ਦੇ ਵਰਲਡ ਕੱਪ) ਵਿੱਚ ਭਾਰਤ ਨੇ ਪਾਕਿਸਤਾਨ ਨੂੰ ਮਾਤ ਦਿੱਤੀ ਸੀ। ਪਰ ਐਤਵਾਰ ਨੂੰ ਦੁਬਈ ਵਿੱਚ ਹੋਏ ਮੁਕਾਬਲੇ ਵਿੱਚ ਹੁਣ ਇਹ ਸਿਲਸਿਲਾ ਟੁੱਟ ਗਿਆ। ਇਸ ਦੇ ਨਾਲ ਹੀ ਵਿਰਾਟ ਕੋਹਲੀ ਪਾਕਿਸਤਾਨ ਦੇ ਖ਼ਿਲਾਫ਼ ਵਰਲਡ ਕੱਪ ਵਿੱਚ ਹਾਰਨ ਵਾਲੀ ਪਹਿਲਾਂ ਭਾਰਤੀ ਕਪਤਾਨ ਬਣ ਗਿਆ ਹੈ।
ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ ਹੈ ਤੇ ਭਾਰਤ ਦੀ ਟੀਮ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਹੈ।
ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 7 ਵਿਕਟਾਂ ਗੁਆ ਕੇ 151 ਦੌੜਾਂ ਬਣਾਈਆਂ। ਭਾਰਤੀ ਟੀਮ ਦੀ ਸ਼ੁਰੂਆਤ ਕਾਫ਼ੀ ਖ਼ਰਾਬ ਰਹੀ। ਸਲਾਮੀ ਬੱਲੇਬਾਜ਼ ਜੋੜੀ ਕੇ. ਐੱਲ ਰਾਹੁਲ ਤੇ ਰੋਹਿਤ ਸ਼ਰਮਾ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੇ ਤੇ ਰਾਹੁਲ 3 ਦੌੜਾਂ ਬਣਾ ਕੇ ਆਊਟ ਹੋ ਗਿਆ ਜਦੋਂ ਕਿ ਰੋਹਿਤ ਸ਼ਰਮਾ ਖਾਤਾ ਵੀ ਨਾ ਖੋਲ੍ਹ ਸਕਿਆ। ਇਸ ਮਗਰੋਂ ਸ਼ਿਵ ਕੁਮਾਰ ਯਾਦਵ 11 ਦੌੜਾਂ ਬਣਾ ਕੇ ਪੈਵੀਲੀਅਨ ਪਰਤ ਗਿਆ ਤੇ ਕਪਤਾਨ ਵਿਰਾਟ ਕੋਹਲੀ ਨੇ ਪਾਰੀ ਸੰਭਾਲੀ। ਉਸ ਨੇ 49 ਗੇਂਦਾਂ ‘ਤੇ 57 ਦੌੜਾਂ ਬਣਾਈਆਂ। ਰਿਸ਼ਭ ਪੰਤ ਨੇ ਵੀ 30 ਗੇਂਦਾਂ ਵਿੱਚ 39 ਦੌੜਾਂ ਬਣਾ ਕੇ ਚੰਗਾ ਯੋਗਦਾਨ ਦਿੱਤਾ। ਪਾਕਿਸਤਾਨ ਦੇ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੇ 4 ਓਵਰਾਂ ਵਿੱਚ 31 ਦੌੜਾਂ ਦੇ ਕੇ 4 ਖਿਡਾਰੀ ਆਊਟ ਕੀਤੇ।
ਭਾਰਤੀ ਟੀਮ ਵੱਲੋਂ ਮਿਲੇ 152 ਦੌੜਾਂ ਦੇ ਟੀਚੇ ਨੂੰ ਪਾਕਿਸਤਾਨੀ ਟੀਮ ਨੇ ਬਿਨਾਂ ਕੋਈ ਵਿਕਟ ਗੁਆਏ 17.5 ਓਵਰਾਂ ਵਿੱਚ 152 ਦੌੜਾਂ ਬਣਾ ਕੇ ਸਰ ਕਰ ਲਿਆ ਅਤੇ ਮੈਚ ਜਿੱਤ ਲਿਆ। ਪਾਕਿਸਤਾਨ ਟੀਮ ਦੀ ਸਲਾਮੀ ਜੋੜੀ ਕਪਤਾਨ ਬਾਬਰ ਆਜ਼ਮ ਤੇ ਮੁਹੰਮਦ ਰਿਜ਼ਵਾਨ ਨੇ ਜ਼ਬਰਦਸਤ ਬੱਲੇਬਾਜ਼ੀ ਕਰਦਿਆਂ 13 ਗੇਂਦਾਂ ਬਾਕੀ ਰਹਿੰਦਿਆਂ ਮੈਚ ਜਿੱਤ ਲਿਆ। ਬਾਬਰ ਆਜ਼ਮ 68 ਦੌੜਾਂ ਬਣਾ ਕੇ ਨਾਬਾਦ ਰਿਹਾ ਤੇ ਮੁਹੰਮਦ ਰਿਜ਼ਵਾਨ ਨੇ ਵੀ ਨਾਬਾਦ ਰਹਿੰਦਿਆਂ 79 ਦੋੜਾਂ ਬਣਾਈਆਂ। ਪਾਕਿਸਤਾਨ ਦੇ ਦੋਵੇਂ ਖਿਡਾਰੀਆਂ ਨੇ ਆਪਣੀ ਜ਼ਬਰਦਸਤ ਬੱਲੇਬਾਜ਼ੀ ਨਾਲ ਵਰਲਡ ਕੱਪ ਮੈਚਾਂ ਵਿੱਚ ਭਾਰਤ ਦੀ ਸੌ ਫ਼ੀਸਦੀ ਜਿੱਤ ਦਾ ਰਿਕਾਰਡ ਤੋੜ ਦਿੱਤਾ ਹੈ।