ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ ਅੱਜ 109 ਹੋਰ ਨਵੇਂ ਕੇਸ ਸਾਹਮਣੇ ਆਏ

ਵੈਲਿੰਗਟਨ, 25 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 109 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 109 ਕੇਸਾਂ ‘ਚ ਆਕਲੈਂਡ ਦੇ 103, ਵਾਈਕਾਟੋ ਦੇ 4 ਅਤੇ ਨੌਰਥਲੈਂਡ ਦੇ 2 ਕੇਸ ਸ਼ਾਮਿਲ ਹਨ। ਮੰਤਰਾਲੇ ਨੇ ਕਿਹਾ ਕਿ ਅੱਜ ਦੇ 109 ਕੇਸਾਂ ਵਿੱਚੋਂ 47 ਕੇਸ ਲਿੰਕ ਹਨ (ਇਨ੍ਹਾਂ ਵਿੱਚ 35 ਕੇਸ ਘਰੇਲੂ ਸੰਪਰਕ ਦੇ ਹਨ) ਅਤੇ 46 ਅਣਲਿੰਕ ਕੇਸ ਹਨ। ਅੱਜ ਦੇ 109 ਨਵੇਂ ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 2,681 ਹੋ ਗਈ ਹੈ।
ਹਸਪਤਾਲ ਵਿੱਚ 35 ਮਰੀਜ਼ ਹਨ ਜਿਨ੍ਹਾਂ ਵਿੱਚੋਂ 5 ਕੇਸ ਸਖ਼ਤ ਦੇਖਭਾਲ (ICU) ਵਿੱਚ ਹਨ। ਹਸਪਤਾਲ ਵਿੱਚ ਦਾਖ਼ਲ ਹੋਣ ਵਾਲਿਆਂ ਵਿੱਚੋਂ 7 ਨੌਰਥ ਸ਼ੋਰ ਹਸਪਤਾਲ, 13 ਮਿਡਲਮੋਰ ਹਸਪਤਾਲ, 14 ਆਕਲੈਂਡ ਸਿਟੀ ਹਸਪਤਾਲ ਅਤੇ 1 ਕੇਸ ਵਾਇਕਾਟੋ ਹਸਪਤਾਲ ਵਿੱਚ ਹੈ। ਕੋਵਿਡ -19 ਨਾਲ ਹਸਪਤਾਲ ਵਿੱਚ ਇਸ ਵੇਲੇ ਲੋਕਾਂ ਦੀ ਔਸਤ ਉਮਰ 42 ਸਾਲ ਹੈ।
ਦੇਸ਼ ਭਰ ‘ਚ 18,958 ਲੋਕਾਂ ਨੂੰ ਟੀਕੇ ਲਗਾਏ ਗਏ, ਜਿਨ੍ਹਾਂ ਵਿੱਚ 5,335 ਲੋਕਾਂ ਨੇ ਆਪਣਾ ਪਹਿਲਾ ਅਤੇ 13,650 ਲੋਕਾਂ ਨੇ ਆਪਣਾ ਦੂਜਾ ਟੀਕਾ ਲਗਵਾਇਆ ਹੈ।