ਟੈਨਿਸ: ਰੋਜਰ ਫੈਡਰਰ ਵੱਲੋਂ ਸੰਨਿਆਸ ਲੈਣ ਦਾ ਐਲਾਨ

ਬੇਜ਼ਲ (ਸਵਿਟਜ਼ਰਲੈਂਡ), 16 ਸਤੰਬਰ – ਵੀਹ ਵਾਰ ਗ੍ਰੈਂਡ ਸਲੈਮ ਸਿੰਗਲ ਜਿੱਤਣ ਵਾਲੇ ਰੋਜਰ ਫੈਡਰਰ ਵੱਲੋਂ 15 ਸਤੰਬਰ ਨੂੰ ਟਵਿੱਟਰ ਰਾਹੀਂ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਗਿਆ ਹੈ। 41 ਸਾਲਾਂ ਦੇ ਖਿਡਾਰੀ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲਾ ਲੈਵਰ ਕੱਪ ਉਸ ਦੇ ਏਟੀਪੀ ਟੂਰ ਦਾ ਆਖ਼ਰੀ ਪੜਾਅ ਹੋਵੇਗਾ। ਜ਼ਿਕਰਯੋਗ ਹੈ ਕਿ 2021 ਦੌਰਾਨ ਵਿੰਬਲਡਨ ਵਿੱਚ ਭਾਗ ਲੈਣ ਮਗਰੋਂ ਰੋਜਰ ਫੈਡਰਰ ਦੇ ਗੋਡੇ ਦਾ ਤੀਜਾ ਅਪਰੇਸ਼ਨ ਹੋਇਆ ਸੀ, ਜਿਸ ਮਗਰੋਂ ਉਹ ਹਾਲੇ ਤੱਕ ਮੁੜ ਮੈਦਾਨ ਵਿੱਚ ਨਹੀਂ ਸੀ ਉਤਰਿਆ। ਆਪਣੇ ਸੰਨਿਆਸ ਦਾ ਐਲਾਨ ਟਵਿੱਟਰ ਰਾਹੀਂ ਕਰਦਿਆਂ ਖਿਡਾਰੀ ਨੇ ਕਿਹਾ, ‘ਅਗਲੇ ਮਹੀਨੇ ਹੋਣ ਵਾਲਾ ਲੈਵਰ ਕੱਪ ਮੇਰੇ ਏਟੀਪੀ ਟੂਰ ਦਾ ਆਖਰੀ ਪੜਾਅ ਹੋਵੇਗਾ। ਮੈਂ ਇਸ ਟੂਰ ਦੌਰਾਨ ਹੋਰ ਕੋਈ ਮੈਚ ਜਾਂ ਗ੍ਰੈਂਡ ਸਲੈਮ ਨਹੀਂ ਖੇਡਾਂਗਾ।’ ਖਿਡਾਰੀ ਨੇ ਕਿਹਾ, ‘ਮੈਂ ਮੁਕਾਬਲੇ ਲਈ ਤਿਆਰ ਹੋਣ ’ਤੇ ਆਪਣਾ ਪੂਰਾ ਜ਼ੋਰ ਲਾਇਆ ਹੈ, ਪਰ ਮੈਨੂੰ ਆਪਣੇ ਸਰੀਰ ਦੀ ਸਮਰੱਥਾ ਤੇ ਸੀਮਾਵਾਂ ਦਾ ਵੀ ਪਤਾ ਹੈ। ਮੈਂ 41 ਸਾਲਾਂ ਦਾ ਹਾਂ ਤੇ ਪਿਛਲੇ 24 ਸਾਲਾਂ ਦੌਰਾਨ 1500 ਨਾਲੋਂ ਵੱਧ ਮੈਚ ਖੇਡ ਚੁੱਕਿਆ ਹਾਂ। ਟੈਨਿਸ ਨੇ ਮੈਨੂੰ ਮੇਰੀ ਉਮੀਦ ਨਾਲੋਂ ਵੱਧ ਮਾਣ-ਸਨਮਾਨ ਦਿਵਾਇਆ ਹੈ ਤੇ ਮੈਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਇਸ ਮੁਕਾਬਲੇ ਨੂੰ ਕਦੋਂ ਖ਼ਤਮ ਕਰਨਾ ਹੈ। ਮੈਂ ਬੇਸ਼ੱਕ ਟੈਨਿਸ ਖੇਡਦਾ ਰਹਾਂਗਾ, ਪਰ ਗ੍ਰੈਂਡ ਸਲੈਮ ਜਾਂ ਆਪਣੇ ਟੂਅਰ ’ਚ ਨਹੀਂ। ਇਹ ਇੱਕ ਕੌੜਾ ਤੇ ਮਿੱਠਾ ਫ਼ੈਸਲਾ ਹੈ’।