ਦੁਨੀਆ ਦੇ ਅਮੀਰਾਂ ਦੀ ਸੂਚੀ ਵਿੱਚ ਐਲਨ ਮਸਕ ਪਹਿਲੇ ਤੇ ਗੌਤਮ ਅਡਾਨੀ ਦੂਜੇ ਸਭ ਤੋਂ ਅਮੀਰ ਵਿਅਕਤੀ ਬਣੇ

ਨਵੀਂ ਦਿੱਲੀ, 16 ਸਤੰਬਰ – ਫੋਰਬਸ ਨੇ ਰੀਅਲ-ਟਾਈਮ ਅਰਬਪਤੀਆਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਲੂਈਸ ਵਿਟਨ ਦੇ ਬਰਨਾਰਡ ਅਰਨੌਲਟ ਨੂੰ ਪਛਾੜ ਕੇ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਜਦੋਂ ਕਿ ਐਲਨ ਮਸਕ ਅਮੀਰਾਂ ਦੀ ਸੂਚੀ ਵਿੱਚ ਸਭ ਤੋਂ ਉਪਰ ਹਨ।
ਇਸ ਸਮੇਂ ਗੌਤਮ ਅਡਾਨੀ ਦੀ ਕੁੱਲ ਜਾਇਦਾਦ 153.9 ਅਰਬ ਅਮਰੀਕੀ ਡਾਲਰ ਹੈ, ਜਦੋਂ ਕਿ ਅਰਨੌਲਟ ਦੀ ਕੁੱਲ ਜਾਇਦਾਦ 153.7 ਅਰਬ ਡਾਲਰ ਹੈ। ਫੋਰਬਸ ਦੇ ਅੰਕੜਿਆਂ ਅਨੁਸਾਰ ਅਡਾਨੀ ਹੁਣ ਐਲੋਨ ਮਸਕ ਤੋਂ ਪਿੱਛੇ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ 273.5 ਅਰਬ ਡਾਲਰ ਹੈ। ਭਾਰਤ ਦੇ ਇੱਕ ਹੋਰ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ 91.9 ਅਰਬ ਡਾਲਰ ਹੈ ਅਤੇ ਉਹ ਇਸ ਸੂਚੀ ਵਿੱਚ ਅੱਠਵੇਂ ਨੰਬਰ ’ਤੇ ਹਨ। ਅਡਾਨੀ ਐਂਟਰਪ੍ਰਾਈਜ਼ਿਜ਼ ਨੇ ਪਿਛਲੇ ਪੰਜ ਸਾਲਾਂ ਦੌਰਾਨ ਨਵੇਂ ਖੇਤਰਾਂ ਵਿੱਚ ਭਾਰੀ ਨਿਵੇਸ਼ ਕੀਤਾ ਹੈ, ਜਿਨ੍ਹਾਂ ਵਿੱਚ ਹਵਾਈ ਅੱਡੇ, ਸੀਮਿੰਟ, ਕਾਪਰ, ਡਾਟਾ ਕੇਂਦਰ, ਸੜਕਾਂ ਅਤੇ ਸੋਲਰ ਸ਼ੈੱਲ ਆਦਿ ਨਿਰਮਾਣ ਇਕਾਈਆਂ ਸ਼ਾਮਲ ਹਨ।