ਟੋਕੀਓ ਉਲੰਪਿਕ 2020: ਬਰਮੁਡਾ ਦੀ ਫਲੋਰਾ ਡਫ਼ੀ ਨੇ ਸੋਨੇ ਦਾ ਤਗਮਾ ਜਿੱਤ ਕੇ ਇਤਿਹਾਸ ਸਿਰਜਿਆ

ਬਰਮੁਡਾ, 28 ਜੁਲਾਈ – ਇੱਥੇ ਦੀ ਫਲੋਰਾ ਡਫ਼ੀ ਨੇ ਟੋਕੀਓ ਉਲੰਪਿਕਸ ਵਿੱਚ ਟਰਾਇਥਲਾਨ ‘ਚ ਆਪਣੇ ਮੁਲਕ ਲਈ ਸੋਨ ਤਗਮਾ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ।
ਬਰਮੁਡਾ ਛੋਟਾ ਜਿਹਾ ਟਾਪੂਨੁਮਾ ਮੁਲਕ ਹੈ, ਜਿਸ ਨੇ ਐਤਕੀਂ ਟੋਕੀਓ ਵਿੱਚ ਦੋ ਮੈਂਬਰੀ ਖੇਡ ਦਸਤਾ ਹੀ ਭੇਜਿਆ ਹੈ। ਇਨ੍ਹਾਂ ਵਿੱਚੋਂ ਇਕ ਡਫ਼ੀ ਜਦੋਂ ਕਿ ਦੂਜਾ ਦਾਰਾ ਅਲੀਜ਼ਾਦੇਹ ਹੈ, ਜੋ ਰੋਇੰਗ ਈਵੈਂਟ ਵਿੱਚ ਬਰਮੁਡਾ ਦੀ ਨੁਮਾਇੰਦਗੀ ਕਰ ਰਿਹਾ ਹੈ।
ਡਫੀ ਨੇ 1500 ਮੀਟਰ ਸਵਿਮ, 40 ਕਿੱਲੋਮੀਟਰ ਬਾਈਕ ਰਾਈਡ ਤੇ 10 ਕਿੱਲੋਮੀਟਰ ਦੀ ਦੌੜ ਨੂੰ ਇਕ ਘੰਟੇ 55 ਮਿੰਟ ਤੇ 36 ਸਕਿੰਟ ਦੇ ਸਮੇਂ ਵਿੱਚ ਪੂਰਾ ਕੀਤਾ ਹੈ।
ਬਰਮੁਡਾ ਲਈ ਉਲੰਪਿਕ ਖੇਡਾਂ ਦਾ ਇਹ ਪਹਿਲਾ ਸੋਨ ਤਗਮਾ ਜਦੋਂ ਕਿ ਮੁਲਕ ਦੇ ਖੇਡ ਇਤਿਹਾਸ ਵਿੱਚ ਦੂਜਾ ਤਗਮਾ ਹੈ। ਇਸ ਤੋਂ ਪਹਿਲਾਂ 1976 ਦੀਆਂ ਮੌਂਟਰੀਅਲ ਉਲੰਪਿਕ ਖੇਡਾਂ ਵਿੱਚ ਮੁੱਕੇਬਾਜ਼ ਕਲੇਅਰੈਂਸ ਹਿੱਲ ਨੇ ਕਾਂਸੇ ਦਾ ਤਗਮਾ ਦੇਸ਼ ਦੀ ਝੋਲੀ ਪਾਇਆ ਸੀ। ਬਰਮੁਡਾ ਦੀ ਆਬਾਦੀ 70 ਹਜ਼ਾਰ ਦੇ ਕਰੀਬ ਹੈ।