ਟੌਡ ਮੂਲਰ ਨੈਸ਼ਨਲ ਪਾਰਟੀ ‘ਲੀਡਰ’ ਤੇ ਨਿੱਕੀ ਕੇਅ ‘ਡਿਪਟੀ ਲੀਡਰ’ ਬਣੀ

ਵੈਲਿੰਗਟਨ, 22 ਮਈ – ਬੇਅ ਪਲੈਂਟੀ ਦੇ ਸੰਸਦ ਮੈਂਬਰ ਟੌਡ ਮੂਲਰ ਨੇ ਅੱਜ ਦੁਪਹਿਰ ਨੂੰ ਪਾਰਟੀ ਲੀਡਰ ਲਈ ਹੋਈ ਵੋਟ ਵਿੱਚ ਸਾਇਮਨ ਬ੍ਰਿਜਸ ਨੂੰ ਹਰਾ ਕੇ ਨੈਸ਼ਨਲ ਪਾਰਟੀ ਦੀ ਕਾਕਸ ਦੀ ਹਮਾਇਤ ਹਾਸਲ ਕਰ ਲਈ ਅਤੇ ‘ਪਾਰਟੀ ਲੀਡਰ’ ਚੁਣੇ ਗਏ। ਜਦੋਂ ਆਕਲੈਂਡ ਸੈਂਟਰਲ ਤੋਂ ਸੰਸਦ ਮੈਂਬਰ ਨਿੱਕੀ ਕੇਅ ਨੂੰ ਨਵੀਂ ‘ਡਿਪਟੀ ਲੀਡਰ’ ਚੁਣਿਆ ਗਿਆ ਹੈ, ਉਸ ਨੇ ਪੌਲਾ ਬੈਨੇਟ ਨੂੰ ਪਛਾੜ ਕੇ ਅਹੁਦਾ ਸੰਭਾਲਿਆ ਹੈ।
ਹੁਣ ਨਵੇਂ ਪਾਰਟੀ ਲੀਡਰ ਟੌਡ ਮੁਲਰ 19 ਸਤੰਬਰ 2020 ਵਿੱਚ ਹੋਣ ਵਾਲੀਆ ਦੇਸ਼ ਦੀਆਂ ਆਮ ਚੋਣਾਂ ਵਿੱਚ ਨੈਸ਼ਨਲ ਪਾਰਟੀ ਦੀ ਅਗਵਾਈ ਕਰਨਗੇ।
ਇਸ ਮੌਕੇ ਨਵੀਂ ਲੀਡਰਸ਼ਿਪ ਟੀਮ ਦਾ ਐਲਾਨ ਕਰਦਿਆਂ ਇੱਕ ਬਿਆਨ ਵਿੱਚ ਨਵੇਂ ਪਾਰਟੀ ਲੀਡਰ ਮੁਲਰ ਨੇ ਕਿਹਾ ਕਿ, “ਇੱਥੇ ਕੋਈ ਟੀਮ ਟੌਡ ਨਹੀਂ ਹੈ, ਕੋਈ ਟੀਮ ਨਿੱਕੀ ਨਹੀਂ ਹੈ, ਜਾਂ ਕੋਈ ਹੋਰ – ਇੱਥੇ ਸਿਰਫ਼ ਟੀਮ ਨੈਸ਼ਨਲ ਹੈ”। ‘ਨੈਸ਼ਨਲ ਹਮੇਸ਼ਾ ਸ਼ਹਿਰ ਅਤੇ ਦੇਸ਼, ਕਾਰੋਬਾਰ ਅਤੇ ਕਮਿਊਨਿਟੀ, ਰੂੜ੍ਹੀਵਾਦੀ ਅਤੇ ਉਦਾਰਵਾਦੀਆਂ ਦਾ ਗੱਠਜੋੜ ਰਿਹਾ ਹੈ – ਨੈਸ਼ਨਲ ਪਾਰਟੀ ਸਾਰੇ ਨਿਊਜ਼ੀਲੈਂਡਰਾਂ ਦੀ ਪਾਰਟੀ ਹੈ’।
ਜ਼ਿਕਰਯੋਗ ਹੈ ਕਿ ਦੇਸ਼ 2020 ਦੀਆਂ ਆਮ ਚੋਣਾਂ ਤੋਂ ਚਾਰ ਮਹੀਨੇ ਦੂਰ ਹੈ। ਇਹ ਹਫ਼ਤਾ ਨੈਸ਼ਨਲ ਪਾਰਟੀ ਸੰਸਦ ਮੈਂਬਰਾਂ ਲਈ ਤੇਜ਼ੀ ਵਾਲਾ ਰਿਹਾ ਜਿਨ੍ਹਾਂ ਨੇ ਆਪਣੀ ਪਾਰਟੀ ਦੀ ਰੇਟਿੰਗ ਨੂੰ ਦੋ ਪੋਲਾਂ ਵਿੱਚ ਡਿਗਦਾ ਵੇਖਿਆ ਅਤੇ ਇਸ ਦੇ ਬਾਅਦ ਆਪਣੇ ਪਸੰਦ ਦੇ ਲੀਡਰ – ਬ੍ਰਿਜਸ ਜਾਂ ਮੂਲਰ ਨੂੰ ਵੋਟਾਂ ਪਾਈਆਂ, ਜਿਸ ਵਿੱਚ ਟੌਡ ਮੂਲਰ ਨੂੰ ਪਾਰਟੀ ਲੀਡਰ ਚੁਣਿਆ ਗਿਆ।