ਨਿਊਜ਼ੀਲੈਂਡ ‘ਚ ਕੋਰੋਨਾਵਾਇਰਸ ਦਾ 1 ਨਵਾਂ ਕੇਸ ਸਾਹਮਣੇ ਆਇਆ, ਗਿਣਤੀ 1504 ਹੋਈ

ਵੈਲਿੰਗਟਨ, 22 ਮਈ – ਮਨਿਸਟਰੀ ਆਫ਼ ਹੈਲਥ ਨੇ ਦੱਸਿਆ ਕਿ ਨਿਊਜ਼ੀਲੈਂਡ ਵਿੱਚ ਕੋਵਿਡ -19 ਦਾ ਅੱਜ 1 ਨਵਾਂ ਕੇਸ ਸਾਹਮਣੇ ਆਇਆ ਹੈ। ਇਸ ਹਫ਼ਤੇ ਵਿੱਚ ਇਹ ਪਹਿਲੀ ਰਿਪੋਰਟ ਕੀਤੀ ਗਿਆ ਕੇਸ ਹੈ। ਇਹ ਕੇਸ ਆਕਲੈਂਡ ਵਿੱਚ ਸੈਂਟ ਮਾਰਗਰੇਟ ਦੇ ਕਲੱਸਟਰ ਨਾਲ ਜੁੜਿਆ ਹੋਇਆ ਹੈ ਅਤੇ ਇਹ ਇੱਕ ਪਹਿਲੇ ਕੇਸ ਦਾ ਘਰੇਲੂ ਸੰਪਰਕ ਸੀ। ਇਹ ਵਿਅਕਤੀ ਆਪਣੇ ਪਹਿਲੇ ਕੇਸ ਨਾਲ ਜੁੜੇ ਹੋਣ ਕਾਰਣ ਪਹਿਲਾਂ ਹੀ ਆਈਸੋਲੇਸ਼ਨ ਵਿੱਚ ਗਿਆ ਹੋਇਆ ਸੀ।
ਮੰਤਰਾਲੇ ਦੇ ਬੁਲਾਰੇ ਦਾ ਕਹਿਣਾ ਹੈ ਕਿ ਇਹ ਕੋਵਿਡ -19 ਦੀ ਲੌਂਗ ਟੇਲ ਦਾ ਇਕ ਹੋਰ ਉਦਾਹਰਣ ਹੈ। ਅੱਜ ਦਾ ਨਵਾਂ ਕੇਸ ਨਿਊਜ਼ੀਲੈਂਡ ਦੇ ਕੰਨਫ਼ਰਮ ਕੀਤੇ ਕੇਸਾਂ ਦੀ ਕੁੱਲ ਗਿਣਤੀ 1154 ‘ਤੇ ਲੈ ਆਇਆ ਹੈ। ਸਾਡੇ ਪੁਸ਼ਟੀ ਕੀਤੇ ਗਏ ਅਤੇ ਸੰਭਾਵਿਤ ਮਾਮਲਿਆਂ ਦੀ ਕੁੱਲ ਮਿਲਾ ਕੇ ਗਿਣਤੀ 1504 ਹੋ ਗਈ ਹੈ।
ਮੰਤਰਾਲੇ ਦਾ ਕਹਿਣਾ ਹੈ ਕਿ ਸਾਰੇ ਪੁਸ਼ਟੀ ਕੀਤੇ ਗਏ ਅਤੇ ਸੰਭਾਵਿਤ ਮਾਮਲਿਆਂ ਵਿੱਚੋਂ 97% ਮੁੜ ਰਿਕਵਰ ਹੋਏ ਹਨ। ਕਿਸੇ ਵੀ ਵਾਧੂ ਮੌਤਾਂ ਦੀ ਖ਼ਬਰ ਨਹੀਂ ਮਿਲੀ ਹੈ, ਜਿਸ ਦਾ ਅਰਥ ਹੈ ਕਿ ਮਰਨ ਵਾਲਿਆਂ ਦੀ ਗਿਣਤੀ 21 ਹੀ ਹੈ। 1 ਵਿਅਕਤੀ ਆਕਲੈਂਡ ਦੇ ਮਿਡਲਮੋਰ ਹਸਪਤਾਲ ਵਿੱਚ ਹੈ। ਕੱਲ੍ਹ 5408 ਟੈੱਸਟ ਪੂਰੇ ਕੀਤੇ ਗਏ ਸਨ, ਜਿਸ ਨਾਲ ਹੁਣ ਤੱਕ ਕੀਤੇ ਟੈੱਸਟਾਂ ਦੀ ਕੁੱਲ ਗਿਣਤੀ 250,246 ਹੋ ਗਈ ਹੈ।
ਨਿਊਜ਼ੀਲੈਂਡ ਦੀ ਨਵੀਂ ਕੋਵਿਡ ਟ੍ਰੇਸਰ ਐਪ ‘ਤੇ ਹੁਣ 294,000 ਰਜਿਸਟ੍ਰੇਸ਼ਨ ਦਰਜ ਕੀਤੀ ਗਈ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਅਧਿਕਾਰੀ ਵੱਧ ਤੋਂ ਵੱਧ ਲੋਕਾਂ ਨੂੰ ਐਪ ਡਾਊਨਲੋਡ ਕਰਨ ਲਈ ਉਤਸ਼ਾਹਿਤ ਕਰਦੇ ਰਹਿੰਦੇ ਹਨ। ਬੁਲਾਰੇ ਦਾ ਕਹਿਣਾ ਹੈ ਕਿ ਇਹ ਕੋਵਿਡ -19 ਦੇ ਕਿਸੇ ਵੀ ਕੇਸ ਦੀ ਪਛਾਣ ਕਰਨ, ਇਸ ਦਾ ਪਤਾ ਲਗਾਉਣ, ਜਾਂਚ ਕਰਨ ਅਤੇ ਵੱਖ (ਆਈਸੋਲੇਟ) ਕਰਨ ਵਿੱਚ ਸਾਡੀ ਮਦਦ ਕਰੇਗਾ। ਮੰਤਰਾਲੇ ਹਫ਼ਤੇ ਦੇ ਅੰਤ ਵਿੱਚ ਲੋਕਾਂ ਨੂੰ ਯਾਦ ਦਿਵਾਉਣਾ ਚਾਹੁੰਦਾ ਹੈ ਕਿ ਜੋ ਲੋਕ ਇਕੱਠੇ ਹੋ ਸਕਦੇ ਹਨ ਉਨ੍ਹਾਂ ਦੀ ਗਿਣਤੀ ਹਾਲੇ 10 ਹੀ ਹੈ। ਗੌਰਤਲਬ ਹੈ ਕਿ ਬਾਰੇ ਤੇ ਪੱਬ ਭਾਵੇਂ ਖੁੱਲ੍ਹ ਗਏ ਹਨ, ਪਰ ਹੁਣ ਉਨ੍ਹਾਂ ਨੂੰ ਸਖ਼ਤ ਨਿਯਮਾਂ ਦੇ ਤਹਿਤ ਦੁਬਾਰਾ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ: ਗਾਹਕਾਂ ਨੂੰ ਲਾਜ਼ਮੀ ਤੌਰ ‘ਤੇ ਬੈਠੇ ਹੋਣਾ ਚਾਹੀਦਾ ਹੈ, ਵੱਖਰਾ ਹੋਣਾ ਚਾਹੀਦਾ ਹੈ ਅਤੇ ਇੱਕੋ ਸਰਵਰ ਲਾਜ਼ਮੀ ਤੌਰ ‘ਤੇ ਟੇਬਲ ਸੇਵਾ ਪ੍ਰਦਾਨ ਕਰੇਗਾ।
ਨਿਊਜ਼ੀਲੈਂਡ ਦੇ ਕੰਨਫ਼ਰਮ ਅਤੇ ਪ੍ਰੋਵੈਬਲੀ ਕੋਵਿਡ -19 ਕੇਸਾਂ ਦੀ ਕੁੱਲ ਗਿਣਤੀ 1504 ਹੋ ਗਈ ਹੈ। ਜਿਨ੍ਹਾਂ ਵਿਚੋਂ 1,153 ਕੰਨਫ਼ਰਮ ਕੀਤੇ ਕੇਸ ਹਨ ਅਤੇ 351 ਪ੍ਰੋਵੈਬਲੀ ਕੇਸ ਹਨ। ਦੇਸ਼ ਭਰ ‘ਚ 28 ਐਕਟਿਵ ਕੇਸ ਹਨ ਅਤੇ ਕੋਵਿਡ -19 ਤੋਂ 1,455 ਲੋਕੀ ਰਿਕਵਰ ਹੋਏ ਹਨ। ਹਸਪਤਾਲ ਵਿੱਚ 1 ਵਿਅਕਤੀ ਹੈ ਤੇ ਆਈਸੀਯੂ ‘ਚ ਕੋਈ ਵੀ ਨਹੀਂ ਹੈ। ਕੋਵਿਡ -19 ਨਾਲ ਦੇਸ਼ ਵਿੱਚ 21 ਮੌਤਾਂ ਹੋਈਆ ਹਨ, ਹੋਰ ਕੋਈ ਵਾਧੂ ਮੌਤ ਰਿਪੋਰਟ ਨਹੀਂ ਹੋਈ ਹੈ।
ਜ਼ਿਕਰਯੋਗ ਹੈ ਕਿ ਦੁਨੀਆ ਦੇ 218 ਦੇਸ਼ਾਂ ਵਿੱਚ ਕੋਰੋਨਾਵਾਇਰਸ ਤੋਂ ਪੀੜਤ 5,195,765 ਦੇ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਕੋਰੋਨਾ ਨਾਲ ਮੌਤਾਂ ਦੀ ਗਿਣਤੀ 334,775 ਉੱਤੇ ਪਹੁੰਚ ਗਈ ਹੈ ਅਤੇ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2,084,622 ਹੈ।