ਡਾ. ਚਰਨਜੀਤ ਸਿੰਘ ਗੁਮਟਾਲਾ ਵੱਲੋਂ ਮੁਕੰਮਲ ਸਿੱਖ ਆਨੰਦ ਕਾਰਜ ਐਕਟ ਮੌਜੂਦਾ ਵਿਧਾਨ ਸਭਾ ਸੈਸ਼ਨ ਵਿੱਚ ਪਾਸ ਕਰਨ ਦੀ ਮੰਗ

Dr Charanjit Singh Gumtalaਅੰਮ੍ਰਿਤਸਰ 19 ਸਤੰਬਰ – ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਮੁਕੰਮਲ ਸਿੱਖ ਆਨੰਦ ਕਾਰਜ ਐਕਟ ਮੌਜੂਦਾ ਵਿਧਾਨ ਸਭਾ ਸੈਸ਼ਨ ਵਿੱਚ ਪਾਸ ਕਰਨ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ, ਨੂੰ ਲਿਖੇ ਪੱਤਰ ਵਿੱਚ ਡਾ. ਗੁਮਟਾਲਾ ਨੇ ਕਿਹਾ ਕਿ ਯੂਪੀਏ ਸਰਕਾਰ ਵੱਲੋਂ ਪਾਸ ਕੀਤਾ ਗਿਆ ਐਕਟ ਮੁਕੰਮਲ ਨਹੀਂ ਹੈ। ਉਹ ਕੇਵਲ ਵਿਆਹ ਰਜਿਸਟਰ ਕਰਾਉਣ ਤੀਕ ਹੀ ਸੀਮਤ ਹੈ। ਸਿੱਖਾਂ ਨੂੰ ਤਲਾਕ ਲੈਣ, ਬੱਚਿਆਂ ਦੀ ਸਰਪ੍ਰਸਤੀ, ਬੱਚੇ ਨੂੰ ਗੋਦ ਲੈਣ ਆਦਿ ਲਈ ਹਿੰਦੂਆਂ ਲਈ ਬਣੇ ਕਾਨੂੰਨਾਂ ਜਿਵੇਂ ਹਿੰਦੂ ਮੈਰਿਜ਼ ਐਕਟ 1955, ਹਿੰਦੂ ਅਡਾਪਟਸ਼ਨ ਐਕਟ 1956, ਹਿੰਦੂ ਮਿਨੋਰਟੀ ਐਂਡ ਗਾਰਡੀਅਨਸ਼ਿਪ ਐਕਟ 1956, ਹਿੰਦੂ ਅਨਡਿਵਾਈਡਿਡ ਫੈਮਿਲੀ ਟੈਕਸ ਕਾਨੂੰਨ (ਐਚਯੂਐਫ) 1955, ਹਿੰਦੂ ਸਕਸੈਸ਼ਨ ਐਕਟ 1956 ਆਦਿ ਦਾ ਸਹਾਰਾ ਹੀ ਲੈਣਾ ਪੈ ਰਿਹਾ ਹੈ। ਇਸ ਦਾ ਭਾਵ ਕਿ ਇੰਨ੍ਹਾ ਮਾਮਲਿਆਂ ਵਿੱਚ ਉਨ੍ਹਾਂ ਨੂੰ ਆਪਣੇ ਆਪ ਨੂੰ ਹਿੰਦੂ ਹੀ ਅਖਵਾਉਣਾ ਪੈ ਰਿਹਾ ਹੈ।
ਅੰਗ੍ਰੇਜ਼ਾਂ ਨੇ ਸਿੱਖਾਂ ਲਈ 22 ਅਕਤੂਬਰ 1909 ਨੂੰ ਆਨੰਦ ਮੈਰਿਜ਼ ਐਕਟ 1909 ਬਣਾਇਆ ਸੀ। ਭਾਰਤੀ ਸਵਿਧਾਨ ਬਨਾਉਣ ਸਮੇਂ ਸਿੱਖਾਂ, ਬੋਧੀਆਂ ਤੇ ਜੈਨੀਆਂ ਲਈ ਵੱਖਰੇ-ਵੱਖਰੇ ਮੈਰਿਜ਼ ਐਕਟ ਬਨਾਉਣੇ ਚਾਹੀਦੇ ਸਨ, ਜਿਵੇਂ ਕਿ ਇਸਾਈਆਂ, ਹਿੰਦੂਆਂ, ਮੁਸਲਮਾਨਾਂ ਆਦਿ ਲਈ ਬਣਾਏ ਗਏ ਸਨ। ਪਰ ਇਨ੍ਹਾਂ ਤਿੰਨਾਂ ਧਰਮਾਂ ਨੂੰ ਹਿੰਦੂ ਧਰਮ ਅੰਦਰ ਲੈ ਆਂਦਾ ਗਿਆ ਤੇ ਹਿੰਦੂਆਂ…….. ਵਾਲੇ ਕਾਨੂੰਨ ਇਨ੍ਹਾਂ ਉਪਰ ਲਾਗੂ ਕਰ ਦਿਤੇ ਗਏ। ਇਨ੍ਹਾਂ ਤਿੰਨਾਂ ਧਰਮਾਂ ਦੇ ਪੈਰੋਕਾਰਾਂ ਨੇ ਹਿੰਦੂ ਕੋਡ ਕੰਡਕਟ ਅਧੀਨ ਲਿਆਉਣਾ ਘੱਟ ਗਿਣਤੀਆਂ ਦੀ ਆਜ਼ਾਦ ਹਸਤੀ ਉਪਰ ਹਮਲਾ ਕਰਾਰ ਦਿੱਤਾ। ਉਨ੍ਹਾਂ ਨੇ  ਸਮੇਂ-ਸਮੇਂ ਤੇ ਇਸ ਦਾ ਵਿਰੋਧ ਵੀ ਕੀਤਾ ਤੇ ਬਾਕੀ ਧਰਮਾਂ ਵਾਂਗ ਇਨ੍ਹਾਂ ਧਰਮਾਂ ਦੇ ਵੀ ਵਖਰੇ ਵਖਰੇ ਕਾਨੂੰਨ ਬਨਾਉਣ ਦੀ ਮੰਗ ਵੀ ਕੀਤੀ।
2000 ਵਿੱਚ ਭਾਰਤ ਸਰਕਾਰ ਨੇ ਭਾਰਤੀ ਸੰਵਿਧਾਨ ਦੀ ਸਮੀਖਿਆ ਲਈ ਚੀਫ਼ ਜਸਟਿਸ ਸ੍ਰੀ ਐਮ. ਐਨ. ਵੈਂਕਟਚਾਲੀਆ ਦੀ ਅਗਵਾਈ ਹੇਠ “ਨੈਸ਼ਨਲ ਕਮਿਸ਼ਨ ਟੂ ਰੀਵਿਊ ਦਾ ਵਰਕਿੰਗ ਆਫ਼ ਦਾ ਕਨਸਟੀਚਿਊਸ਼ਨ” ਬਣਾਇਆ, ਜਿਸ ਨੇ 31 ਮਾਰਚ 2002 ਨੂੰ ਉਸ ਸਮੇਂ ਦੇ ਪ੍ਰਧਾਨ ਮੰਤਰੀ ਸ੍ਰੀ ਅਟੱਲ ਬਿਹਾਰੀ ਵਾਜਪਾਈ ਨੂੰ ਆਪਣੀ ਰਿਪੋਰਟ ਪੇਸ਼ ਕੀਤੀ। ਇਸ ਕਮਿਸ਼ਨ ਨੇ ਸਿਫਾਰਸ਼ ਕੀਤੀ ਕਿ ਸੰਵਿਧਾਨ ਦੀ ਧਾਰਾ 25 ਦੀ ਵਿਆਖਿਆ ਨੰਬਰ 2 ਖ਼ਤਮ ਕੀਤੀ ਜਾਵੇ ਅਤੇ ਕਲਾਜ਼ ਦੋ ਦੀ ਉਪ ਕਲਾਜ਼ ਦੋ ਦੀ ਸ਼ਬਦਾਵਲੀ ਨੂੰ ਮੁੜ ਲਿਖਿਆ ਜਾਵੇ। ਕਮਿਸ਼ਨ ਨੇ ਹਿੰਦੂ ਸ਼ਬਦ ਦੇ ਨਾਲ ਸਿੱਖ, ਜੈਨੀ ਅਤੇ ਬੋਧੀ ਸ਼ਬਦ ਸ਼ਾਮਿਲ ਕਰਨ ਦੀ ਸਿਫਾਰਸ਼ ਕੀਤੀ ਹੈ। ਇਸ ਤਰ੍ਹਾਂ ਕਮਿਸ਼ਨ ਨੇ ਹਿੰਦੂ, ਸਿੱਖ, ਬੁੱਧ ਅਤੇ ਜੈਨ ਧਰਮ ਨੂੰ ਬਰਾਬਰ ਦਾ ਦਰਜ਼ਾ ਦਿੰਦੇ ਹੋਏ ਇੰਨ੍ਹਾਂ ਸਾਰੇ ਧਰਮਾਂ ਦੇ ਧਾਰਮਿਕ ਸਥਾਨ ਸਭ ਲਈ ਖੋਲਣ ਅਤੇ ਬਰਾਬਰ ਦੇ ਅਧਿਕਾਰ ਦੇਣ ਦੀ ਸਿਫਾਰਸ਼ ਕੀਤੀ ਹੈ। ਹੈਰਾਨੀ ਦੀ ਗੱਲ ਹੈ ਕਿ ੧੫ ਸਾਲ ਬੀਤ ਜਾਣ ‘ਤੇ ਵੀ ਸਰਕਾਰ ਵੱਲੋਂ ਆਪੇ ਬਣਾਏ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਨਹੀਂ ਕੀਤਾ ਗਿਆ।
ਅਕਾਲੀਆਂ ਨੇ 27 ਫਰਵਰੀ 1984 ਨੂੰ ਸੰਵਿਧਾਨ ਦੀ ਧਾਰਾ 25 ਸਾੜੀ ਸੀ। ਸ. ਪ੍ਰਕਾਸ਼ ਸਿੰਘ ਬਾਦਲ ਭੇਸ ਬਦਲ ਨੇ ਦਿੱਲੀ ਪੁੱਜੇ ਤੇ ਉਨ੍ਹਾਂ ਨੇ ਇਹ ਧਾਰਾ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਾੜੀ ਤੇ ਉਨ੍ਹਾਂ ਨੂੰ ਦੇਸ਼ ਧ੍ਰੋਹੀ ਦੇ ਕੇਸ ਅਧੀਨ ਗ੍ਰਿਫਤਾਰ ਕਰ ਲਿਆ ਗਿਆ। ਟੌਹੜਾ ਸਾਹਿਬ ਨੇ ਇਹ ਧਾਰਾ ਚੰਡੀਗਡ੍ਹ ਵਿਖੇ ਸਾੜੀ। ਪਰ ਹੈਰਾਨੀ ਦੀ ਗੱਲ ਹੈ ਐਨਡੀਏ ਸਰਕਾਰ ਜਿਸ ਵਿੱਚ ਅਕਾਲੀ ਦਲ ਬਾਦਲ ਵੀ ਭਾਈਵਾਲ ਹੈ ਨੂੰ ਬਣਿਆਂ ਨੂੰ 16 ਮਹੀਨੇ ਹੋ ਗਏ ਹਨ ਪਾਸੋਂ ਅਕਾਲੀ ਦਲ ਨੇ ਸੰਵਿਧਾਨ ਦੀ ਧਾਰਾ 25 ਵਿੱਚ ਸੋਧ ਨਹੀਂ ਕਰਵਾਈ।