ਸੁਖਬੀਰ ਬਾਦਲ ਨੇ ਦਿੱਲੀ ਕਮੇਟੀ ਵੱਲੋਂ ਤਿਆਰ ਕੀਤੇ ਜਾ ਰਹੇ ਵਿਰਾਸਤੀ ਘਰ ਦੇ ਵਿਸਤਾਰ ਦੀ ਕਾਰ ਸੇਵਾ ਦੀ ਕੀਤੀ ਸ਼ੁਰੂਆਤ

photo karsewa starting2photo karsewa starting1ਨਵੀਂ ਦਿੱਲੀ, 21 ਸਤੰਬਰ : ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੰਟਰਨੈਸ਼ਨਲ ਸੈਂਟਰ ਫ਼ਾਰ ਸਿੱਖ ਸਟੱਡੀਜ਼ ਦੇ ਨਵੀਨੀਕਰਨ ਅਤੇ ਵਿਸਤਾਰ ਦੇ ਕਾਰਜਾਂ ਦੀ ਸ਼ੁਰੂਆਤ ਕੀਤੀ। ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਰਿਸਰਚ ਸੈਂਟਰ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਏ ਜਾ ਰਹੇ ਉਕਤ ਅਦਾਰੇ ਵਿੱਚ ਕਾਰ ਸੇਵਾ ਦੇ ਕਾਰਜਾਂ ਦੀ ਸ਼ੁਰੂਆਤ ਵੇਲੇ ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਅਤੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਵੀ ਉਨ੍ਹਾਂ ਨਾਲ  ਮੌਜੂਦ ਸਨ।
ਗੁਰਦੁਆਰਾ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਕਾਰ ਸੇਵਾ ਦਾ ਟੱਕ ਲਗਾਇਆ ਗਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਬਾਦਲ ਨੂੰ ਸਿਰੋਪਾਉ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਾਦਲ ਨੇ ਦਿੱਲੀ ਕਮੇਟੀ…… ਨੂੰ ਇਸ ਕੌਮਾਂਤਰੀ ਪੱਧਰੀ ਪ੍ਰੋਜੈਕਟ ਨੂੰ ਸ਼ੁਰੂ ਕਰਨ ਤੇ ਵਧਾਈ ਵੀ ਦਿੱਤੀ। ਸਿੱਖ ਧਰਮ ਦੀ ਯਾਤਰਾ ਕਿੱਥੋਂ, ਕਿਵੇਂ ਤੋਂ ਕਿੱਥੋਂ ਤਕ ਪੁੱਜਣ ਦੇ ਪੂਰੇ ਸਫ਼ਰ ਦਾ ਵੇਰਵਾ ਸਿੱਖ ਜਗਤ ਦੇ ਉਕਤ ਵੱਡੇ ਕੇਂਦਰ ਰਾਹੀਂ ਬੱਚਿਆਂ ਤਕ ਪੁੱਜਣ ਦਾ ਵੀ ਬਾਦਲ ਨੇ ਦਾਅਵਾ ਕੀਤਾ।
ਜੀ. ਕੇ. ਨੇ ਬਾਬਾ ਬਚਨ ਸਿੰਘ ਜੀ ਦੇ ਸਹਿਯੋਗ ਸਦਕਾ ਕਰਵਾਈ ਜਾ ਰਹੀ ਇਸ ਸੇਵਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਖੋਜ ਕਰਨ ਵਾਲੇ ਖੋਜਕਾਰਾਂ ਨੂੰ ਇੱਕ ਵੱਡਾ ਪਲੇਟਫ਼ਾਰਮ ਮਿਲਣ ਦੀ ਵੀ ਗਲ ਕੀਤੀ। ਜੀ.ਕੇ. ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਭਗਤਾਂ ਅਤੇ ਭੱਟਾਂ ਦੀ ਬਾਣੀ ਕਿਸ ਕਸਵੱਟੀ ਤੇ ਦਰਜ਼ ਕੀਤੀ ਗਈ, ਇਹ ਸੈਂਟਰ ਇਸ ਗਲ ਦਾ ਵੀ ਖ਼ੁਲਾਸਾ ਸੰਗਤਾਂ ਤਕ ਪਹੁੰਚਾਵੇਗਾ। ਸਿੱਖ ਇਤਿਹਾਸ ਨੂੰ ਮਾਡਰਨ ਤਕਨੀਕ ਰਾਹੀਂ ਡਿਜੀਟਲ ਲਾਇਬ੍ਰੇਰੀ ‘ਚ ਸੰਭਾਲਣ ਦੀ ਵੀ ਜੀ.ਕੇ. ਨੇ ਜਾਣਕਾਰੀ ਦਿੱਤੀ। 250 ਸੀਟਾਂ ਦੀ ਹੋਂਦ ਵਾਲੇ ਨਵੇਂ ਬਣਾਏ ਜਾ ਰਹੇ ਆਡੀਟੋਰੀਅਮ ਦੇ 4 ਡੀ.ਐਕਸ. ਤਕਨੀਕ ਨਾਲ ਲੈਸ ਹੋਣ ਦਾ ਵੀ ਜੀ.ਕੇ. ਨੇ ਦਾਅਵਾ ਕੀਤਾ। ਡੇਢ ਤੋਂ ਦੋ ਵਰ੍ਹੇ ‘ਚ ਸੰਗਤਾਂ ਦੇ ਦਰਸ਼ਨਾਂ ਲਈ ਪਾਰਲੀਮੈਂਟ ਦੇ ਸਾਹਮਣੇ ਉਕਤ ਅਦਾਰੇ ਦੇ ਬਣਨ ਉਪਰੰਤ ਜੀ.ਕੇ. ਨੇ ਸੈਲਾਨੀਆਂ ਅਤੇ ਸੰਗਤਾਂ ਦੀ ਭਾਰੀ ਆਮਦ ਹੋਣ ਦੀ ਵੀ ਗਲ ਕਹੀ। ਗੁਰਬਾਣੀ ਦੇ ਖੋਜ ਕਰਨ ਲਈ ਇਤਿਹਾਸਕ ਹਸਤ ਲਿਖਿਤ ਸਰੂਪ ਅਤੇ ਪੋਥੀਆਂ ਵੀ ਉਪਲਬਧ ਕਰਾਉਣ ਦੀ ਜੀ.ਕੇ. ਨੇ ਜਾਣਕਾਰੀ ਦਿੱਤੀ।
ਸਿਰਸਾ ਨੇ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਦੇਸ਼ ਵਿਦੇਸ਼ ਦੇ ਸ਼ਰਧਾਲੂਆਂ ਨੂੰ ਕਈ ਭਾਸ਼ਾਵਾਂ ‘ਚ ਮਿਲਣ ਦੀ ਗਲ ਕਰਦੇ ਹੋਏ ਪੰਜਾਬ ਤੋਂ ਬਾਹਰ ਸਿੱਖ ਗੁਰੂਆਂ ਦੀ ਕੁਰਬਾਨੀ ਤੋਂ ਲੋਕਾਂ ਦੇ ਜਾਗਰੂਕ ਨਾ ਹੋਣ ਦਾ ਵੀ ਦਾਅਵਾ ਕੀਤਾ। ਸਿਰਸਾ ਨੇ ਕਿਹਾ ਕਿ ਇੱਥੇ ਆਉਣ ਵਾਲੇ ਸੈਲਾਨੀ ਆਪਣੀ ਭਾਸ਼ਾ ‘ਚ ਸਿੱਖ ਇਤਿਹਾਸ ਦੀ ਬਰੀਕੀਆਂ, ਕੁਰਬਾਨੀਆਂ ਅਤੇ ਸਿੱਖ ਸਭਿਆਚਾਰ ਤੋਂ ਭਲੀ ਪ੍ਰਕਾਰ ਜਾਣੂ ਹੋਣਗੇ। ਇਸ ਮੌਕੇ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ, ਜਤਿੰਦਰ ਸਿੰਘ ਸ਼ੰਟੀ, ਪ੍ਰੋਜੈਕਟ ਕਮੇਟੀ ਦੇ ਚੇਅਰਮੈਨ ਤਨਵੰਤ ਸਿੰਘ, ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਕੁਲਮੋਹਨ ਸਿੰਘ, ਗੁਰਮੀਤ ਸਿੰਘ ਮੀਤਾ, ਕੈਪਟਨ ਇੰਦਰਪ੍ਰੀਤ ਸਿੰਘ ਅਤੇ ਚਮਨ ਸਿੰਘ ਆਦਿਕ ਮੌਜੂਦ ਸਨ।
ਅਦਾਰੇ ਦਾ ਇਤਿਹਾਸ  :
ਸਿੱਖ ਸਭਿਆਚਾਰ ਦੀ ਝਾਕੀ ਪੇਸ਼ ਕਰਨ ਵਾਸਤੇ ਬੀਤੇ 48 ਸਾਲਾਂ ਤੋਂ ਉਕਤ ਸਥਾਨ ਤੇ ਚਲ ਰਹੀਆਂ ਕੋਸ਼ਿਸ਼ਾਂ ਤੇ ਇਸ ਵਾਰ ਕਮੇਟੀ ਦੀ ਗੰਭੀਰਤਾ ਸਦਕਾ ਬੁਰ ਪੈਣ ਦੀ ਸੰਭਾਵਨਾ ਬਣ ਗਈ ਹੈ। ਪੰਥ ਰਤਨ ਮਾਸਟਰ ਤਾਰਾ ਸਿੰਘ ਵੱਲੋਂ 18 ਜਨਵਰੀ 1967 ਨੂੰ ਰਸ਼ਮੀ ਤੌਰ ਤੇ ਨੀਂਹ ਪੱਥਰ ਰਖਣ ਤੋਂ ਬਾਅਦ ਸਿੱਖ ਸੰਸਕ੍ਰਿਤਿਕ ਗੜ੍ਹ ਨਾਮ ਦਾ ਅਜਾਇਬਘਰ ਬਣਾਉਣ ਦੀ ਸ਼ੁਰੂ ਹੋਈ ਯਾਤਰਾ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ 2 ਸਤੰਬਰ 2004 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਰਿਸਰਚ ਸੈਂਟਰ ਕਾਇਮ ਕਰਨ ਦੇ ਉਦਘਾਟਨੀ ਪੱਥਰ ਤਕ ਹੀ ਸਿਮਟ ਕੇ ਰਹਿ ਗਈ ਸੀ। ਇਸ ਬਿਲਡਿੰਗ ‘ਚ 2013 ਤਕ ਦਿੱਲੀ ਕਮੇਟੀ ਦਾ ਦਫ਼ਤਰ ਵੀ ਚਲਦਾ ਰਿਹਾ ਹੈ ਪਰ ਮੌਜੂਦਾ ਕਮੇਟੀ ਵੱਲੋਂ ਇਸ ਸਥਾਨ ਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਦੇ ਵਿਰਾਸਤੀ ਘਰ ਬਣਾਉਣ ਵਾਸਤੇ ਸ਼ੁਰੂ ਕੀਤੀ ਗਈ ਜੱਦੋਜਹਿਦ ਦੇ ਵਿਸਤਾਰ ਦੇ ਅਗਲੇ ਸਫ਼ਰ ਦੀ ਅੱਜ ਸ਼ੁਰੂਆਤ ਹੋਈ ਹੈ।