ਡਾ. ਪਰਮਿੰਦਰ ਅਤੇ ਡਾ. ਸੁਖਦੇਵ ਸਿਰਸਾ ਨੇ ਸਿੱਖਿਆਰਥੀਆਂ ਨਾਲ ਪਾਈ ਵਿਚਾਰਾਂ ਦੀ ਸਾਂਝ

ਜਲੰਧਰ, 24 ਸਤੰਬਰ – ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਲਗਾਏ ਗਏ ਸਿੱਖਿਆਰਥੀ ਚੇਤਨਾ ਕੈਂਪ ਦੇ ਦੂਜੇ ਦਿਨ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਡਾ. ਪਰਮਿੰਦਰ ਅਤੇ ਡਾ. ਸੁਖਦੇਵ ਸਿਰਸਾ ਨੇ ਪੰਜਾਬ ਭਰ ਤੋਂ ਆਏ ਪ੍ਰੋ. ਬਰਕਤ ਉੱਲਾ ਹਾਲ ‘ਚ ਜੁੜੇ ਸਿੱਖਿਆਰਥੀਆਂ ਨੂੰ ਸੰਬੋਧਨ ਕੀਤਾ।
ਪਹਿਲੇ ਸੈਸ਼ਨ ‘ਚ ਡਾ. ਪਰਮਿੰਦਰ ਨੇ ‘ਫ਼ਿਰਕੂ ਫਾਸ਼ੀ ਹੱਲੇ ਅਤੇ ਅਜੋਕੀ ਹਾਲਤ’ ਵਿਸ਼ੇ ‘ਤੇ ਬੋਲਦਿਆਂ ਫ਼ਿਰਕੂ ਫਾਸ਼ੀ ਵਰਤਾਰੇ ਦੀ ਜਨਮ-ਭੋਇ ਆਰਥਕ, ਰਾਜਨੀਤਕ, ਸਮਾਜਕ ਤਾਣੇ-ਬਾਣੇ ਦੀਆਂ ਮਹੀਣ ਪਰਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੁਨੀਆ ਭਰ ਦੇ ਕੁਦਰਤੀ ਅਨਮੋਲ ਖ਼ਜ਼ਾਨਿਆਂ ਉੱਪਰ ਜਫ਼ਾ ਮਾਰਨ ਲਈ ਸਰਮਾਏਦਾਰੀ ਦੇ ਫੈਲਦੇ ਪੰਜਿਆਂ ਦੀ ਇਹ ਲੋੜ ਬਣੀ ਕਿ ਉਹ ਵੰਡ-ਪਾਊ, ਕੁੜੱਤਣ ਅਤੇ ਕਤਲੋਂ ਗਾਰਦ ਭਰਿਆ ਮਾਹੌਲ ਸਿਰਜ ਕੇ ਆਪਣੇ ਰਾਹ ਮੋਕਲੇ ਕਰ ਸਕਣ।
ਉਨ੍ਹਾਂ ਇਤਿਹਾਸ ਦੇ ਝਰੋਖੇ ‘ਚੋਂ ਠੋਸ ਹਵਾਲੇ ਦਿੰਦਿਆਂ ਦੱਸਿਆ ਕਿ ਸਾਡੇ ਮੁਲਕ ਅੰਦਰ 1947 ਦੇ ਦੌਰ ਤੋਂ ਹੀ ਹਾਕਮ ਧੜਿਆਂ ਦੇ ਥਾਪੜੇ ਦੀ ਪਾਲੀ-ਪਲੋਸੀ ਫ਼ਿਰਕੂ ਦਹਿਸ਼ਤਗਰਦੀ ਦਾ ਹਥਿਆਰ ਲੋਕਾਂ ਉੱਪਰ ਬੇਕਿਰਕੀ ਨਾਲ ਵਰਤਿਆ ਗਿਆ।
ਉਨ੍ਹਾਂ ਕਿਹਾ ਕਿ ਪਹਿਲੇ ਰਾਜ ਕਰਤਾ ਨੇਤਾਵਾਂ ਵੱਲੋਂ ਵੀ ਫ਼ਿਰਕੂ ਪੱਤਾ ਖ਼ੂਬ ਵਰਤਿਆ ਗਿਆ ਅਤੇ ਹੁਣ ਮੋਦੀ ਹਕੂਮਤ ਸਮੇਂ ਇਹ ਸਾਰੀਆਂ ਹੱਦਾਂ ਪਾਰ ਕਰ ਗਿਆ। ਹੁਣ ਹਿਟਲਰ, ਮਸੋਲੀਨੀ ਦੇ ਕਾਲੇ ਦੌਰ ਵਾਲੇ ਤਜ਼ਰਬੇ ਭਾਰਤ ਅੰਦਰ ਲਾਗੂ ਕਰਨ ਲਈ ਘੁਮੰਤੂ ਕਿਸਮ ਦੇ ਗੈਰ-ਸਮਾਜੀ ਤੱਤਾਂ ਹੱਥ ਹਥਿਆਰ ਅਤੇ ਮਨਾਂ ਅੰਦਰ ਜ਼ਹਿਰ ਭਰ ਕੇ ਦਹਿਸ਼ਤਗਰਦੀ ਅਤੇ ਮਾਰ-ਧਾੜ ਦਾ ਬਾਜ਼ਾਰ ਗਰਮ ਕੀਤਾ ਜਾ ਰਿਹਾ ਹੈ।
ਡਾ. ਪਰਮਿੰਦਰ ਨੇ ਕਿਹਾ ਕਿ ਫ਼ਿਰਕੂ ਫਾਸ਼ੀ ਹੱਲੇ ਨੂੰ ਪਛਾੜਨ ਲਈ ਲੋਕਾਂ ਦੇ ਹਕੀਕੀ ਮੁੱਦਿਆਂ ਉੱਪਰ ਲਾਮਬੰਦੀ ਕਰਨ ਲਈ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਿਆਂ, ਲੁੱਟ, ਫ਼ਿਰਕਾਪ੍ਰਸਤੀ, ਜਾਤ-ਪ੍ਰਸਤੀ ਦੇ ਆਧਾਰ ‘ਤੇ ਕਾਬਜ਼ ਅਜੋਕੇ ਰਾਜ ਪ੍ਰਬੰਧ ਨੂੰ ਮੂਲੋਂ ਬਦਲ ਕੇ ਗ਼ਦਰੀ ਦੇਸ਼ ਭਗਤਾਂ ਦੀ ਆਜ਼ਾਦੀ, ਬਰਾਬਰੀ, ਧਰਮ ਨਿਰਪੱਖਤਾ ਅਤੇ ਸਾਂਝੀਵਾਲਤਾ ‘ਤੇ ਆਧਾਰਤ ਨਿਜ਼ਾਮ ਦੀ ਸਿਰਜਣਾ ਲਈ ਆਪਣਾ ਯੋਗਦਾਨ ਪਾਉਣ ਦੀ ਲੋੜ ਹੈ।
ਦੂਜੇ ਸੈਸ਼ਨ ‘ਚ ‘ਫਾਸ਼ੀ ਹੱਲੇ ਦਾ ਸਾਹਿਤ/ਸਭਿਆਚਾਰ ਤੇ ਪ੍ਰਭਾਵ’ ਵਿਸ਼ੇ ‘ਤੇ ਬੋਲਦਿਆਂ ਡਾ. ਸੁਖਦੇਵ ਸਿਰਸਾ ਨੇ ਕਿਹਾ ਕਿ ਵਿਸ਼ਵੀਕਰਣ ਦੇ ਨਾਂਅ ਹੇਠ ਕਾਰਪੋਰੇਟ ਘਰਾਣਿਆਂ ਨੇ ਵਿਸ਼ਾਲ ਲੋਕਾਈ ਦਾ ਜਹਾਨ ਲੁੱਟ ਲਿਆ ਹੈ।
ਉਨ੍ਹਾਂ ਨੇ ਨਾਮਵਰ ਕਵੀਆਂ, ਸਾਹਿਤਕਾਰਾਂ ਦੀ ਕਲਮ ਦੁਆਰਾ ਰਚੇ ਹਵਾਲੇ ਦਿੰਦਿਆਂ ਦਰਸਾਇਆ ਕਿ ਜਿਹੜੀ ਹਾਕਮ ਧਿਰ ਆਰਥਿਕਤਾ ਉੱਪਰ ਕਾਬਜ਼ ਹੋਏ ਉਹ ਆਪਣੇ ਸਿੰਘਾਸਣ ਨੂੰ ਸਲਾਮਤ ਰੱਖਣ ਲਈ ਆਪਣੇ ਹਿੱਤਾਂ ਦੇ ਰਾਸ ਆਉਂਦਾ ਸਭਿਆਚਾਰ ਪਰੋਸਦੀ ਹੈ।
ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਨੇ ਪੰਜਾਬੀ ਗਾਇਕੀ ਦਾ ਮੁਹਾਂਦਰਾ ਲੋਕ-ਮੁਖੀ ਕਰਨ ਵੱਲ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਫ਼ਿਰਕੂ ਫਾਸ਼ੀ ਅਤੇ ਵਿਸ਼ਵੀਕਰਣ ਦੇ ਨਾਂਅ ਤੇ ਜੋ ਵੀ ਹੱਲੇ ਹੋ ਰਹੇ ਨੇ ਇਹ ਵੀ ਵਿਸ਼ਵਾਸ਼ ਨਾਲ ਕਹਿ ਸਕਦੇ ਹਾਂ ਕਿ ਭਵਿੱਖ ਨਾਬਰੀ, ਪ੍ਰਤਿਰੋਧ ਅਤੇ ਲੋਕ ਸੰਘਰਸ਼ਾਂ ਦੇ ਹਾਣ ਦੇ ਸਾਹਿਤ ਦਾ ਹੈ। ਜ਼ਬਰ ਦੇ ਦੌਰ ਅੰਦਰ ਭਵਿੱਖ ‘ਚ ਰੋਸ ਅਤੇ ਬਦਲਵੇਂ ਲੋਕ-ਪੱਖੀ ਰਾਹਾਂ ਦਾ ਸਾਹਿਤ ਅਤੇ ਸਭਿਆਚਾਰ ਪ੍ਰਫੁੱਲਤ ਹੋਵੇਗਾ।
ਸਮੂਹ ਸਿੱਖਿਆਰਥੀਆਂ ਨੂੰ ਕਿਤਾਬਾਂ ਅਤੇ ਪ੍ਰਮਾਣ-ਪੱਤਰ ਨਾਲ ਸਨਮਾਨਿਤ ਕਰਨ ਉਪਰੰਤ ਆਪੋ ਆਪਣੇ ਖੇਤਰਾਂ ਨੂੰ ਇਨਕਲਾਬੀ ਸ਼ੁੱਭ ਇੱਛਾਵਾਂ ਨਾਲ ਵਿਦਾ ਕੀਤਾ ਗਿਆ।
ਕਮੇਟੀ ਦੇ ਵਿੱਤ ਸਕੱਤਰ ਸੀਤਲ ਸਿੰਘ ਸੰਘਾ ਨੇ ਕੈਂਪ ‘ਚ ਜੁੜੇ ਸਿੱਖਿਆਰਥੀਆਂ ਨੂੰ ਗ਼ਦਰ ਇਤਿਹਾਸ ਅਤੇ ਪੁਸਤਕ ਸਭਿਆਚਾਰ ਨਾਲ ਜੁੜਨ ਦਾ ਸੱਦਾ ਦਿੱਤਾ।
ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਦੋ ਰੋਜ਼ਾ ਸਿੱਖਿਆਰਥੀ ਚੇਤਨਾ ਕੈਂਪ ਦੇ ਸਭਨਾਂ ਬੁਲਾਰਿਆਂ ਅਤੇ ਸਿੱਖਿਆਰਥੀਆਂ ਦਾ ਕਮੇਟੀ ਵੱਲੋਂ ਧੰਨਵਾਦ ਕਰਦਿਆਂ ਕਿਹਾ ਕਿ ਅਜੇਹੇ ਯਤਨ ਤੁਹਾਡੇ ਸਹਿਯੋਗ ਸਦਕਾ ਹੀ ਭਵਿੱਖ ਵਿੱਚ ਵੀ ਜਾਰੀ ਰੱਖੇ ਜਾਣਗੇ। ਉਨ੍ਹਾਂ 30, 31 ਅਕਤੂਬਰ ਅਤੇ 1 ਨਵੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਵਿੱਚ ਲੱਗ ਰਹੇ 32ਵੇਂ ਮੇਲੇ ‘ਚ ਹਰ ਪੱਖੋਂ ਸਹਿਯੋਗ ਕਰਨ ਅਤੇ ਕਾਫ਼ਲੇ ਬੰਨ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ। ਸਿੱਖਿਆਰਥੀ ਚੇਤਨਾ ਕੈਂਪ ‘ਚ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਸੀਨੀਅਰ ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਵਿਜੈ ਬੰਬੇਲੀ, ਰਣਜੀਤ ਸਿੰਘ ਔਲਖ, ਡਾ. ਸੈਲੇਸ਼, ਹਰਮੇਸ਼ ਮਾਲੜੀ ਵੀ ਹਾਜ਼ਰ ਸਨ।
ਸਿੱਖਿਆਰਥੀ ਚੇਤਨਾ ਕੈਂਪ ਦਾ ਮੰਚ ਸੰਚਾਲਨ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ।
ਵੱਲੋਂ:
ਅਮੋਲਕ ਸਿੰਘ
ਕਨਵੀਨਰ, ਸਭਿਆਚਾਰਕ ਵਿੰਗ
ਮੋ. 0091 98778 68710