ਨੈਸ਼ਨਲ ਤੇ ਲੇਬਰ ਪਾਰਟੀ ਵੱਲੋਂ ਆਪਣੀ-ਆਪਣੀ ਨਵੀਂ ਪੈਰੇਂਟਸ ਵੀਜ਼ਾ ਪਾਲਿਸੀ ਦਾ ਐਲਾਨ

ਆਕਲੈਂਡ, 25 ਸਤੰਬਰ – ਦੇਸ਼ ਦੀਆਂ 14 ਅਕਤੂਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਦੇ ਮੱਦੇਨਜ਼ਰ ਮੁੱਖ ਸਿਆਸੀ ਪਾਰਟੀਆਂ ਸੱਤਾਧਾਰੀ ਲੇਬਰ ਤੇ ਵਿਰੋਧੀ ਨੈਸ਼ਨਲ ਪਾਰਟੀ ਨੇ ਪਰਵਾਸੀਆਂ ਵੋਟਰਾਂ ਨੂੰ ਭਰਮਾਉਣ ਆਪਣੀ-ਆਪਣੀ ਨਵੀਂ ਪੈਰੇਂਟਸ ਪਾਲਿਸੀ ਦਾ ਐਲਾਨ ਕੀਤਾ ਹੈ।
ਜਿੱਥੇ ਨੈਸ਼ਨਲ ਪਾਰਟੀ ਨੇ ਕਿਹਾ ਕਿ ਜੇ ਉਹ ਸੱਤਾ ‘ਤੇ ਕਾਬਜ਼ ਹੁੰਦੀ ਹੈ ਤਾਂ ਉਹ ਪੈਰੇਂਟਸ ਤੇ ਗ੍ਰੈਂਡ ਪੈਰੇਂਟਸ ਲਈ ਆਪਣੀ ਨਵੀਂ ਵੀਜ਼ਾ ਪਾਲਿਸੀ ਲਾਗੂ ਕਰੇਗੀ, ਜਿਸ ਤਹਿਤ 5 ਸਾਲ ਲਈ ਮਾਪਿਆਂ ਨੂੰ ਮਲਟੀਪਲ ‘ਪੈਰੇਂਟ ਬੂਸਟ ਵੀਜ਼ਾ’ ਦਿੱਤਾ ਜਾਏਗਾ, ਜਿੰਨੀ ਵਾਰ ਮਰਜ਼ੀ ਆਉਣ ਅਤੇ ਇਹ ਖ਼ਤਮ ਹੋਣ ਉੱਤੇ 5 ਸਾਲ ਦਾ ਹੋਰ ਵੀਜ਼ਾ ਹੋਵੇਗਾ। ਮਾਪਿਆਂ ਨੂੰ ਨਿਊਜ਼ੀਲੈਂਡ ‘ਚ ਸਟੇਅ ਦੇ ਬਰਾਬਰ ਹੈਲਥ ਇੰਸ਼ੋਰੈਂਸ ਲੈਣੀ ਹੋਵੇਗੀ ਅਤੇ ਸਟੈਂਡਰਡ ਇਮੀਗ੍ਰੇਸ਼ਨ ਹੈਲਥ ਚੈੱਕਅਪ ਤੇ ਹੋਰ ਜ਼ਰੂਰੀ ਸ਼ਰਤਾਂ ਪੂਰੀਆਂ ਕਰਨੀਆਂ ਹੋਣਗੀਆਂ। ਪਰ ਸਰਕਾਰ ਕੋਈ ਵੀ ਲਾਭਕਾਰੀ ਭੱਤਾ ਜਾਂ ਸਹੂਲਤ ਦੇਣ ਦੇ ਸਮਰੱਥ ਨਹੀਂ ਹੋਵੇਗੀ।
ਉੱਥੇ ਹੀ ਦੂਜੇ ਪਾਸੇ ਸੱਤਾਧਾਰੀ ਲੇਬਰ ਪਾਰਟੀ ਨੇ ਕਿਹਾ ਹੈ ਕਿ ਜੇਕਰ ਉਹ ਦੁਬਾਰਾ ਸੱਤਾ ਵਿੱਚ ਆਉਂਦੇ ਹਨ ਤਾਂ ਉਹ ਮਾਪਿਆਂ ਲਈ ਸੁਪਰ ਵੀਜ਼ਾ ਜੋ ਕਿ 10 ਸਾਲ ਦਾ ਹੋਵੇਗਾ ਪਹਿਲੇ 100 ਦਿਨਾਂ ਦੇ ਵਿੱਚ ਲੈ ਕੇ ਆਵੇਗੀ। ਇਸ ਵੀਜ਼ੇ ਤਹਿਤ ਵੀ ਜਿੰਨੀ ਵਾਰ ਮਰਜ਼ੀ ਆਇਆ ਜਾ ਸਕੇਗਾ। ਇਸ ਤੋਂ ਇਲਾਵਾ 10 ਸਾਲਾਂ ਤੋਂ ਇੱਥੇ ਮਿਆਦ ਪੁੱਗੇ ਵੀਜ਼ੇ ਨਾਲ ਰਹਿ ਰਹੇ ਲੋਕਾਂ ਨੂੰ ਵੀ ਪੱਕਿਆਂ ਕੀਤਾ ਜਾਵੇਗਾ। ਲੇਬਰ ਪਾਰਟੀ ਨੇ ਕਿਹਾ ਹੈ ਕਿ, ‘ਅਸੀਂ ਆਪਣੇ ਪਹਿਲੇ 100 ਦਿਨਾਂ ਵਿੱਚ 10 ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਨਿਊਜ਼ੀਲੈਂਡ ਵਿੱਚ ਰਹਿਣ ਵਾਲੇ ਚੰਗੀ ਤਰ੍ਹਾਂ ਸੈਟਲ ਓਵਰਸਟੇਅਰਾਂ ਲਈ ਇੱਕ ਵਾਰ ਨਿਯਮਤ ਕਰਨ ਪ੍ਰੋਗਰਾਮ ਪ੍ਰਦਾਨ ਕਰਨ ਲਈ ਕਾਨੂੰਨ ਪਾਸ ਕਰਾਂਗੇ’। ਇਸ ਅਧੀਨ 14 ਤੋਂ 20 ਹਜ਼ਾਰ ਲੋਕ ਆ ਸਕਦੇ ਹਨ।