ਤਾਜ ਮਹਿਲ ਮਾਮਲਾ: ਹਾਈ ਕੋਰਟ ਵੱਲੋਂ ਅਰਜ਼ੀ ਖ਼ਾਰਜ, ਪਟੀਸ਼ਨਰ ਦੀ ਹੋਈ ਖਿਚਾਈ

ਲਖਨਊ, 12 ਮਈ – ਅਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਨੇ ਤਾਜ ਮਹਿਲ ਦੇ ਇਤਿਹਾਸ ਬਾਰੇ ਸੱਚ ਸਾਹਮਣੇ ਲਿਆਉਣ ਲਈ ਤੱਥਾਂ ਦੀ ਜਾਣਕਾਰੀ ਦੇਣ ਵਾਲੀ ਕਮੇਟੀ ਦੇ ਗਠਨ ਅਤੇ ਤਾਜ ਮਹਿਲ ਦੇ 22 ਕਮਰੇ ਖੋਲ੍ਹੇ ਜਾਣ ਦੀ ਮੰਗ ਕਰਨ ਵਾਲੀ ਅਰਜ਼ੀ ਖ਼ਾਰਜ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਹਾਈ ਕੋਰਟ ਨੇ ਪਟੀਸ਼ਨਰ ਨੂੰ ਝਾੜ ਪਾਈ। ਹਾਈ ਕੋਰਟ ਨੇ ਪਟੀਸ਼ਨਰ ਦੀ ਖਿਚਾਈ ਕਰਦੇ ਹੋਏ ਕਿਹਾ ਕਿ ਤਾਜ ਮਹਿਲ ‘ਤੇ ਰਿਸਰਚ ਕਰਨ ਤੋਂ ਬਾਅਦ ਹੀ ਪਟੀਸ਼ਨ ਪਾਓ। ਪਹਿਲਾਂ ਯੂਨੀਵਰਸਿਟੀ ਜਾਓ, ਐਮਏ ਕਰੋ, ਪੀਐੱਚਡੀ ਕਰੋ ਅਤੇ ਰਿਸਰਚ ਤੋਂ ਕੋਈ ਰੋਕੇ ਫਿਰ ਸਾਡੇ ਕੋਲ ਆਓ। ਹੁਣ ਇਤਿਹਾਸ ਨੂੰ ਤੁਹਾਡੇ ਮੁਤਾਬਿਕ ਨਹੀਂ ਪੜ੍ਹਾਇਆ ਜਾਏਗਾ।
ਫ਼ੈਸਲੇ ‘ਚ ਬੈਂਚ ਨੇ ਕਿਹਾ ਕਿ ਅਰਜ਼ੀਕਾਰ ਇਹ ਦੱਸਣ ‘ਚ ਨਾਕਾਮ ਰਿਹਾ ਕਿ ਉਸ ਦੇ ਕਿਹੜੇ ਕਾਨੂੰਨੀ ਜਾਂ ਸੰਵਿਧਾਨਕ ਹੱਕਾਂ ਦੀ ਉਲੰਘਣਾ ਹੋ ਰਹੀ ਹੈ। ਜਸਟਿਸ ਡੀ. ਕੇ. ਉਪਾਧਿਆਏ ਅਤੇ ਸੁਭਾਸ਼ ਵਿਦਿਆਰਥੀ ਦੇ ਬੈਂਚ ਨੇ ਲਾਪ੍ਰਵਾਹ ਢੰਗ ਨਾਲ ਅਰਜ਼ੀ ਦਾਖ਼ਲ ਕਰਨ ਲਈ ਪਟੀਸ਼ਨਰ ਰਜਨੀਸ਼ ਸਿੰਘ ਜੋ ਕਿ ਭਾਜਪਾ ਦੀ ਅਯੁੱਧਿਆ ਇਕਾਈ ਦਾ ਮੀਡੀਆ ਇੰਚਾਰਜ ਹੈ, ਦੇ ਵਕੀਲ ਦੀ ਖਿਚਾਈ ਕੀਤੀ ਅਤੇ ਕਿਹਾ ਕਿ ਉਹ ਇਸ ਮਾਮਲੇ ‘ਚ ਸੰਵਿਧਾਨ ਦੀ ਧਾਰਾ 226 ਤਹਿਤ ਅਜਿਹਾ ਹੁਕਮ ਪਾਸ ਨਹੀਂ ਕਰ ਸਕਦੇ।