ਉੱਤਰੀ ਕੋਰੀਆ: ਕੋਵਿਡ -19 ਮਹਾਂਮਾਰੀ ਦਾ ਪਹਿਲਾ ਕੇਸ ਆਇਆ ਸਾਹਮਣੇ, ਦੇਸ਼ ‘ਚ ਮੁਕੰਮਲ ਲੌਕਡਾਉਨ

ਸਿਓਲ, 12 ਮਈ – ਉੱਤਰੀ ਕੋਰੀਆ ‘ਚ ਕੋਰੋਨਾਵਾਇਰਸ ਲਾਗ ਦੇ ਪਹਿਲੇ ਕੇਸ ਦੀ ਪੁਸ਼ਟੀ ਹੋਣ ਤੋਂ ਬਾਅਦ ਰਾਸ਼ਟਰਪਤੀ ਕਿਮ ਜੌਂਗ ਉਨ ਨੇ ਦੇਸ਼ ‘ਚ ਮੁਕੰਮਲ ਲੌਕਡਾਉਨ ਲਗਾਉਣ ਦੇ ਹੁਕਮ ਦਿੱਤੇ ਹਨ। ਕੋਵਿਡ -19 ਮਹਾਂਮਾਰੀ ਆਲਮੀ ਪੱਧਰ ‘ਤੇ ਫੈਲਣ ਦੇ ਦੋ ਸਾਲਾਂ ਤੋਂ ਵਧ ਸਮੇਂ ਮਗਰੋਂ ਉੱਤਰੀ ਕੋਰੀਆ ‘ਚ ਲਾਗ ਦੇ ਪਹਿਲੇ ਕੇਸ ਦੀ ਪੁਸ਼ਟੀ ਹੋਈ ਹੈ।
ਸਰਕਾਰੀ ਖ਼ਬਰ ਏਜੰਸੀ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਦੱਸਿਆ ਕਿ ਰਾਜਧਾਨੀ ਪਯੋਂਗਯਾਂਗ ‘ਚ ਜਾਂਚ ਲਈ ਐਤਵਾਰ ਨੂੰ ਕੁੱਝ ਵਿਅਕਤੀਆਂ ਦੇ ਨਮੂਨੇ ਲਏ ਗਏ ਸਨ ਜਿਨ੍ਹਾਂ ਦੇ ਕੋਰੋਨਾਵਾਇਰਸ ਦੇ ‘ਓਮੀਕਰੋਨ’ ਸਰੂਪ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਮੁਤਾਬਿਕ 2.6 ਕਰੋੜ ਦੀ ਆਬਾਦੀ ਵਾਲੇ ਮੁਲਕ ‘ਚ ਜ਼ਿਆਦਾਤਰ ਲੋਕਾਂ ਨੂੰ ਕੋਵਿਡ -19 ਵਿਰੋਧੀ ਟੀਕੇ ਨਹੀਂ ਲੱਗੇ ਹਨ। ਉੱਤਰੀ ਕੋਰੀਆ ਨੇ ਸੰਯੁਕਤ ਰਾਸ਼ਟਰ ਦੇ ਸਮਰਥਨ ਵਾਲੇ ਕੋਵੈਕਸ ਟੀਕਾ ਵੰਡ ਪ੍ਰੋਗਰਾਮ ਤੋਂ ਸਹਾਇਤਾ ਲੈਣ ਦੀ ਪੇਸ਼ਕਸ਼ ਠੁਕਰਾ ਦਿੱਤੀ ਸੀ। ਕਿਮ ਨੇ ਹੁਕਮਰਾਨ ਕੋਰਿਆਈ ਵਰਕਰਜ਼ ਪਾਰਟੀ ਦੇ ਪੋਲਿਟ ਬਿਊਰੋ ਦੀ ਬੈਠਕ ‘ਚ ਅਧਿਕਾਰੀਆਂ ਨੂੰ ਲਾਗ ਰੋਕਣ ਲਈ ਕਿਹਾ ਹੈ।