ਰਨਿਲ ਵਿਕਰਮਸਿੰਘੇ ਨੇ ਸ੍ਰੀਲੰਕਾ ਦੇ 26ਵੇਂ ਨਵੇਂ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ

ਕੋਲੰਬੋ, 12 ਮਈ – ਸ੍ਰੀਲੰਕਾ ਦੇ ਸਭ ਤੋਂ ਵੱਡੇ ਤੇ ਗੰਭੀਰ ਆਰਥਿਕ ਸੰਕਟ ਦਰਮਿਆਨ ਵਿਰੋਧੀ ਧਿਰ ਦੇ ਆਗੂ ਤੇ ਸਾਬਕਾ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ (73 ਸਾਲਾ) ਨੇ ਅੱਜ ਸ੍ਰੀਲੰਕਾ ਦੇ 26ਵੇਂ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ। ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਨੇ ਵਿਕਰਮਸਿੰਘੇ ਨੂੰ ਪ੍ਰਧਾਨ ਮੰਤਰੀ ਵਜੋਂ ਹਲਫ਼ ਦਿਵਾਇਆ। ਯੂਨਾਈਟਿਡ ਨੈਸ਼ਨਲ ਪਾਰਟੀ ਦੇ ਆਗੂ ਵਿਕਰਮਸਿੰਘੇ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਅਜਿਹੇ ਮੌਕੇ ਸੰਭਾਲਿਆ ਹੈ ਜਦੋਂ ਮੁਲਕ ਲੰਘੇ ਸੋਮਵਾਰ ਤੋਂ ਬਿਨਾਂ ਸਰਕਾਰ ਤੋਂ ਚੱਲ ਰਿਹਾ ਸੀ। ਰਾਸ਼ਟਰਪਤੀ ਦੇ ਵੱਡੇ ਭਰਾ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਨੇ ਆਪਣੇ ਹਮਾਇਤੀਆਂ ਵੱਲੋਂ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ‘ਤੇ ਕੀਤੇ ਹਮਲੇ ਮਗਰੋਂ ਭੜਕੀ ਹਿੰਸਾ ਤੋਂ ਬਾਅਦ ਪ੍ਰਧਾਨ ਮੰਤਰੀ ਵਜੋਂ ਅਸਤੀਫ਼ਾ ਦੇ ਦਿੱਤਾ ਸੀ। ਹਿੰਸਾ ਵਿੱਚ 9 ਵਿਅਕਤੀਆਂ ਦੀ ਜਾਨ ਗਈ ਸੀ ਤੇ 200 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ। ਸਹੁੰ ਚੁੱਕ ਸਮਾਗਮ ਮਗਰੋਂ ਰਾਸ਼ਟਰਪਤੀ ਗੋਟਾਬਾਯਾ ਨੇ ਵਿਕਰਮਸਿੰਘੇ ਨਾਲ ਆਪਣੀ ਇਕ ਤਸਵੀਰ ਵੀ ਟਵਿੱਟਰ ‘ਤੇ ਸਾਂਝੀ ਕੀਤੀ। ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਨੇ ਵੀ ਵਿਕਰਮਸਿੰਘੇ ਨੂੰ ਵਧਾਈ ਦਿੱਤੀ।
ਇਸ ਦੌਰਾਨ ਸ੍ਰੀ ਲੰਕਾ ਦੀ ਅਦਾਲਤ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ, ਉਸ ਦੇ ਪੁੱਤਰ ਨਮਲ ਰਾਜਪਕਸੇ ਤੇ 16 ਹੋਰਾਂ ਜਣਿਆਂ ਦੇ ਦੇਸ਼ ਛੱਡਣ ‘ਤੇ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਇਹ ਰੋਕ ਪਿਛਲੇ ਹਫ਼ਤੇ ਕੋਲੰਬੋ ‘ਚ ਸਰਕਾਰ ਵਿਰੋਧੀ ਮੁਜ਼ਾਹਰਾਕਾਰੀਆਂ ‘ਤੇ ਹੋਏ ਹਮਲੇ ਦੀ ਚੱਲ ਰਹੀ ਜਾਂਚ ਦੇ ਮੱਦੇਨਜ਼ਰ ਲਾਈ ਹੈ।
ਰਾਸ਼ਟਰਪਤੀ ਗੋਟਾਬਾਯਾ ਖ਼ਿਲਾਫ਼ ਬੇਭਰੋਸਗੀ ਮਤੇ ‘ਤੇ 17 ਮਈ ਨੂੰ ਚਰਚਾ
ਹੁਣ ਦੇਸ਼ ਦੀ ਸੰਸਦ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਖ਼ਿਲਾਫ਼ ਬੇਭਰੋਸਗੀ ਮਤੇ ‘ਤੇ 17 ਮਈ ਨੂੰ ਚਰਚਾ ਕਰੇਗੀ। ਰੋਜ਼ਨਾਮਚਾ ਡੇਲੀ ਮਿਰਰ ਨੇ ਸਪੀਕਰ ਮਹਿੰਦਾ ਯਾਪਾ ਅਭੈਵਰਦੇਨਾ ਦੇ ਦਫ਼ਤਰ ਦੇ ਹਵਾਲੇ ਨਾਲ ਕਿਹਾ ਕਿ ਰਾਸ਼ਟਰਪਤੀ ਖ਼ਿਲਾਫ਼ ਬੇਭਰੋਸਗੀ ਮਤੇ ‘ਤੇ ਚਰਚਾ ਦਾ ਫ਼ੈਸਲਾ ਪਾਰਟੀ ਆਗੂਆਂ ਦੀ ਮੀਟਿੰਗ ਦੌਰਾਨ ਲਿਆ ਗਿਆ ਤੇ ਸੰਸਦ ਤੋਂ ਵਿਸ਼ੇਸ਼ ਪ੍ਰਵਾਨਗੀ ਮਗਰੋਂ ਮਤੇ ‘ਤੇ ਵਾਦ-ਵਿਵਾਦ ਕੀਤਾ ਜਾਵੇਗਾ।