ਤੀਜਾ ਟੀ-20: ਆਸਟਰੇਲੀਆ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾਇਆ

ਗੁਹਾਟੀ, 28 ਨਵੰਬਰ – ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 5 ਮੈਚਾਂ ਦੀ ਰੋਮਾਂਚਕ ਟੀ-20 ਸੀਰੀਜ਼ ਦਾ ਤੀਜਾ ਮੈਚ ਗੁਹਾਟੀ ਦੇ ਬਾਰਸਾਪਾਰਾ ਕ੍ਰਿਕਟ ਸਟੇਡੀਅਮ ‘ਚ ਖੇਡਿਆ ਗਿਆ। ਇਥੇ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਜਾ ਰਹੇ ਤੀਜੇ ਟੀ-20 ਮੈਚ ’ਚ ਆਸਟਰੇਲੀਆ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾ ਦਿੱਤਾ।
ਭਾਰਤ ਨੇ ਆਸਟਰੇਲੀਆ ਨੂੰ ਜਿੱਤ ਲਈ 223 ਦੌੜਾਂ ਦਾ ਟੀਚਾ ਦਿੱਤਾ ਸੀ। ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਮੇਜ਼ਬਾਨ ਟੀਮ ਨੇ ਸਲਾਮੀ ਬੱਲੇਬਾਜ਼ ਰੁਤੂਰਾਜ ਗਾਇਕਵਾੜ (123 ਦੌੜਾਂ) ਦੇ ਸੈਂਕੜੇ ਸਦਕਾ ਨਿਰਧਾਰਤ 20 ਓਵਰਾਂ ’ਚ 222 ਦੌੜਾਂ ਬਣਾਈਆਂ। ਟੀਮ ਵੱਲੋਂ ਕਪਤਾਨ ਸੁਰਿਆ ਕੁਮਾਰ ਯਾਦਵ ਨੇ 39 ਅਤੇ ਤਿਲਕ ਵਰਮਾ ਨੇ 31 ਦੌੜਾਂ ਦੀ ਪਾਰੀ ਖੇਡੀ।
ਆਸਟਰੇਲੀਆ ਨੇ 222 ਦੌੜਾਂ ਦਾ ਪਿੱਛਾ ਕਰਦਿਆਂ 20 ਓਵਰਾਂ ’ਚ 5 ਵਿਕਟਾਂ ਗੁਆ ਕੇ 225 ਦੌੜਾਂ ਬਣਾ ਲਈਆਂ। ਮੈਕਸਵੈੱਲ ਨੇ 48 ਗੇਂਦਾਂ ’ਤੇ 104 ਦੌੜਾਂ ਦੀ ਨਾਬਾਦ ਪਾਰੀ ਖੇਡੀ ਜਿਸ ਨੇ ਆਸਟਰੇਲੀਆ ਨੂੰ ਜਿੱਤ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਈ। ਗਲੇਨ ਮੈਕਸਵੈੱਲ ਨੇ ਭਾਰਤ ਖਿਲਾਫ ਆਪਣੇ ਟੀ-20 ਕਰੀਅਰ ਦਾ ਚੌਥਾ ਸੈਂਕੜਾ ਲਗਾਇਆ। ਇਸ ਦੇ ਨਾਲ ਹੀ ਉਸ ਨੇ ਟੀ-20 ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਦੇ ਰੋਹਿਤ ਸ਼ਰਮਾ ਦੇ ਰਿਕਾਰਡ ਦੀ ਵੀ ਬਰਾਬਰੀ ਕਰ ਲਈ ਹੈ।