ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਦਾ ਦਿਹਾਂਤ

ਸ੍ਰੀ ਆਨੰਦਪੁਰ ਸਾਹਿਬ, 15 ਅਗਸਤ – ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਦਾ ਦਿਨ ਮੰਗਲਵਾਰ ਦੀ ਦੁਪਹਿਰ ਨੂੰ ਦਿਹਾਂਤ ਹੋ ਗਿਆ। ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਦਾ ਅੱਜ ਸਵੇਰੇ 11.00 ਵਜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਵਾਲੇ ਮੈਦਾਨ ਵਿੱਚ ਦਾਹ ਸਸਕਾਰ ਕੀਤਾ ਜਾਵੇਗਾ।
ਗੌਰਤਲਬ ਹੈ ਕਿ 22 ਅਗਸਤ, 2013 ਨੂੰ ਉਹ ਚਾਰ ਸਾਲ ਪਹਿਲਾਂ ਤਖ਼ਤ ਦੇ ਜਥੇਦਾਰ ਵਜੋਂ ਨਿਯੁਕਤ ਹੋਏ ਸਨ। ਸੰਗਰੂਰ ਜ਼ਿਲ੍ਹੇ ਦੇ ਤਾਜੋਕ ਪਿੰਡ ਨਾਲ ਸੰਬੰਧਿਤ ਜਥੇਦਾਰ ਮੱਲ ਸਿੰਘ ਜੀ ਦੀ ਪਿਛਲੇ ਸਾਲ ਦਿਮਾਗ਼ ਦੇ ਟਿਊਮਰ ਦੀ ਸਰਜਰੀ ਹੋ ਚੁੱਕੀ ਸੀ ਅਤੇ ਇਸ ਬਿਮਾਰੀ ਤੋਂ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਸਨ। ਉਨ੍ਹਾਂ ਨੂੰ ਦੁਬਾਰਾ 21 ਜੁਲਾਈ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੇ ਮੋਹਾਲੀ ਦੇ ਹਸਪਤਾਲ ਵਿਖੇ ਆਪਣਾ ਆਖ਼ਰੀ ਸਾਹ ਦੁਪਹਿਰੀ 2.00 ਵਜੇ ਲਿਆ।
ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਦੇ ਦਿਹਾਂਤ ‘ਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਕੌਮ ਨੂੰ ਪੂਰਾ ਹੋਣ ਵਾਲਾ ਘਾਟਾ ਕਿਹਾ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਵੱਲੋਂ ਦੁੱਖ ਦਾ ਪ੍ਰਗਟਾਵਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਕ ਸ਼ੋਕ ਸੰਦੇਸ਼ ਵਿੱਚ, ਮੁੱਖ ਮੰਤਰੀ ਨੇ ਗਿਆਨੀ ਮੱਲ ਸਿੰਘ ਨੂੰ ਇੱਕ ਮਹਾਨ ਸਿੱਖ ਵਿਦਵਾਨ ਅਤੇ ਇੱਕ ਧਰਮ ਸ਼ਾਸਤਰੀ ਦੱਸਿਆ, ਜੋ ਕਿ ਗੁਰਮਤਿ, ਗੁਰਬਾਣੀ ਅਤੇ ਸਿੱਖ ਸਿਧਾਂਤਾਂ ਨੂੰ ਚੰਗੀ ਤਰ੍ਹਾਂ ਨਾਲ ਜਾਣ ਦੇ ਸਨ।